ਲੁਧਿਆਣਾ – ਰਾਜੇ, ਮਹਾਰਾਜਿਆਂ ਅਤੇ ਗੁਰੂਆਂ ਪੀਰਾਂ ਨੂੰ ਜਨਮ ਦੇਣ ਵਾਲੀ ਮਹਿਲਾ ਨੂੰ ਗ੍ਰੰਥਾਂ ਵਿੱਚ ਹਮੇਸ਼ਾ ਤੋਂ ਪੂਜਣਯੋਗ ਦੱਸਿਆ ਹੈ। ਇਹ ਵਿਚਾਰ ਸ਼ਾਹ ਸਤਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਵੱਲੋਂ ਸਥਾਨਕ ਜਵਾਹਰ ਨਗਰ ਦੀ ਹਨੂੰਮਾਨ ਜੰਜ ਘਰ ਵਿੱਚ ਮਨਾਏ ਅੰਤਰ ਰਾਸ਼ਟਰੀ ਮਹਿਲਾ ਦਿਵਸ ਪ੍ਰੋਗਰਾਮ ਦੌਰਾਨ ਹਲਕਾ ਆਤਮ ਨਗਰ ਤੋਂ ਅਕਾਲੀ ਦਲ ਦੀ ਟਿੱਕਟ ਤੋਂ ਵਿਧਾਨ ਸਭਾ ਚੋਣਾਂ ਲੜ ਚੁੱਕੇ ਸ. ਗੁਰਮੀਤ ਸਿੰਘ ਕੁਲਾਰ ਨੇ ਕਹੇ। ਉਨ੍ਹਾਂ ਮੁੰਡੇ-ਕੁੜੀਆਂ ਦੇ ਵਿਗੜੇ ਲਿੰਗ ਅਨੁਪਾਤ ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਕੁੱਖਾਂ ਵਿੱਚ ਕੁੜੀਆਂ ਮਾਰਨ ਵਾਲਿਆਂ ਨੂੰ ਕਲਪਨਾ ਚਾਵਲਾ, ਇੰਦਰਾ ਗਾਂਧੀ ਵਰਗੀਆਂ ਸਖਸ਼ੀਅਤਾਂ ਵੱਲ ਝਾਤ ਮਾਰਨੀ ਚਾਹੀਦੀ ਹੈ ਜਿਹਨਾਂ ਨੂੰ ਜਨਮ ਦੇਣ ਵਾਲੀ ਮਾਤਾ ਸਮੇਤ ਸਾਰਾ ਦੇਸ਼ ਉਨ੍ਹਾਂ ਤੇ ਮਾਣ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕੁੜੀਆਂ ਨੂੰ ਬਚਾਉਂਣ ਲਈ ਇੱਕ ਔਰਤ ਸਭ ਤੋਂ ਵੱਧ ਭੂਮਿਕਾ ਅਦਾ ਕਰ ਸਕਦੀ ਹੈ। ਉਨ੍ਹਾਂ ਕੁੜੀਆਂ ਵੱਲੋਂ ਸਮਾਜ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਦੇਸ਼ ਦੇ ਵਿਕਾਸ ਵਿੱਚ ਦਿੱਤੇ ਜਾ ਰਹੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਹਰ ਸੈਕਟਰ ਵਿੱਚ ਕੁੜੀਆਂ ਮੁੱਡਿਆਂ ਦੇ ਬਾਰਬਰ ਕੰਮ ਕਰ ਰਹੀਆਂ ਹਨ ਅਤੇ ਕਈਆਂ ਸੈਕਟਰਾਂ ਵਿੱਚ ਤਾਂ ਮੁੱਡਿਆਂ ਨਾਲੋਂ ਵਧ ਕੇ ਯੋਗਦਾਨ ਪਾ ਰਹੀਆਂ ਹਨ। ਉਨ੍ਹਾਂ ‘ਪੁੱਤ ਵੰਡਾਉਂਣ ਜ਼ਮੀਨਾਂ, ਕੁੜੀਆਂ ਦੁੱਖ ਵੰਡਾਉਂਦੀਆਂ ਨੇ’ ਪੰਕਤੀਆਂ ਬੋਲਦਿਆਂ ਮਾਪਿਆਂ ਨੂੰ ਅਪੀਲ ਕੀਤੀ ਕਿ ਕੁੜੀਆਂ ਨੂੰ ਕੁੱਖਾਂ ਵਿੱਚ ਮਾਰਨ ਦੀ ਬਜਾਏ ਕੁੜੀਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਪੜਾਉਂਣ ਤਾਂ ਜੋ ਵੱਡੀਆਂ ਹੋ ਕੇ ਕੁੜੀਆਂ ਮਾਪਿਆਂ ਸਮੇਤ ਦੇਸ਼ ਦਾ ਨਾਂਅ ਰੌਸ਼ਨ ਕਰ ਸਕਣ। ਉਨ੍ਹਾਂ ਦੱਸਿਆ ਕਿ ਸਭ ਨਾਲੋਂ ਵੱਧ ਵੂਮਨ ਐਪਾਵਰਮੈਂਟ ਚੀਨ ਵਿੱਚ ਹੈ ਅਤੇ ਚੀਨ ਦੀ ਤਰਜ਼ ਤੇ ਭਾਰਤ ਵਿੱਚ ਵੀ ਮਹਿਲਾ ਸਸ਼ਕਤੀਕਰਨ ਹੋਣਾ ਚਾਹੀਦਾ ਹੈ।
ਇਸ ਤੋਂ ਪਹਿਲਾਂ ਗੁਰਮੀਤ ਕੁਲਾਰ ਨੇ ਦੀਪ ਜਲਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਅਤੇ ਪ੍ਰਬੰਧਕਾਂ ਨੇ ਸ. ਕੁਲਾਰ ਨੂੰ ਬੁੱਕਾ ਦੇ ਕੇ ਸਨਮਾਨਿਤ ਕੀਤਾ। ਪ੍ਰੋਗਰਾਮ ਵਿੱਚ ਮਹਲਾਵਾਂ ਅਤੇ ਕੁੜੀਆਂ ਵੱਲੋਂ ਸਮਾਜ ਵਿੱਚ ਵੱਖ ਵੱਖ ਰਿਸ਼ਤਿਆਂ ਵਜੋਂ ਸਮਾਜ ਵਿੱਚ ਨਿਭਾਈ ਜਾ ਰਹੀ ਭੂਮਿਕਾ ਤੇ ਕਵਿਤਾਵਾਂ, ਗੀਤ, ਭਾਸ਼ਣ ਅਤੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤੇ ਗਏ। ਇਸ ਮੌਕੇ ਸਿਮਰਨ ਕੌਰ, ਰਿੱਤੂ ਰਾਨੀ, ਅਨੂੰ, ਸੁਮਨ ਰਾਣੀ, ਹਰਵਿੰਦਰ ਕੌਰ, ਪਰਮਿੰਦਰ ਕੌਰ, ਸਿਮਰਨ ਫੁੱਲਾਂਵਾਲ, ਡਾ. ਮੋਹਨ ਲੀਵਰ, ਕਮਲ ਕੁਮਾਰ ਸਮੇਤ ਹੋਰ ਵੀ ਹਾਜਰ ਸਨ।