ਪਟਿਆਲਾ – ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ 77 ਸੀਟਾਂ ਪ੍ਰਾਪਤ ਕਰਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਪੰਜਾਬ ਦੀ ਜਨਤਾ ਨੇ ਬਹੁਤ ਹੀ ਸਮਝਦਾਰੀ ਵਿਖਾਉਂਦੇ ਹੋਏ ਯੋਗ ਅਤੇ ਸਹੀ ਕਮਾਂਡਰ ਨੂੰ ਪੰਜਾਬ ਦੀ ਕਮਾਨ ਸੌਂਪੀ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੂੰ 18, ਆਪ ਨੂੰ 20 ਅਤੇ 2ਸੀਟਾਂ ਆਜ਼ਾਦ ਉਮੀਦਵਾਰ ਦੇ ਪਾਲੇ ਵਿੱਚ ਗਈਆਂ ਹਨ। ਮੌਜੂਦਾ ਸਰਕਾਰ ਦੇ 10 ਮੰਤਰੀ ਵੀ ਚੋਣ ਹਾਰ ਗਏ ਹਨ। ਅੰਮ੍ਰਿਤਸਰ ਦੀ ਲੋਕ ਸਭਾ ਸੀਟ ਤੇ ਵੀ ਕਾਂਗਰਸ ਨੇ ਆਪਣਾ ਕਬਜਾ ਜਮਾਇਆ ਹੈ।
ਮਹਾਰਾਜਾ ਅਮਰਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਮੈਨੂੰ ਬਹੁਤ ਵੱਡਾ ਮਾਣ ਦਿੱਤਾ ਹੈ। ਸਾਡਾ ਸੱਭ ਤੋਂ ਪਹਿਲਾ ਕੰਮ ਪੰਜਾਬ ਵਿੱਚੋਂ ਨਸ਼ਾਖੋਰੀ ਨੂੰ ਸਮਾਪਤ ਕਰਨਾ ਹੋਵੇਗਾ। ਉਨ੍ਹਾਂ ਨੇ ਇਸ ਇਤਿਹਾਸਿਕ ਜਿੱਤ ਤੇ ਪੰਜਾਬ ਦੇ ਸੂਝਵਾਨ ਲੋਕਾਂ ਦਾ ਦੰਨਵਾਦ ਕਰਦੇ ਹੋਏ ਕਿਹਾ, ‘ ਮੈਂ ਪੰਜਾਬ ਦੀ ਜਨਤਾ ਦਾ ਉਨ੍ਹਾਂ ਦੀ ਪੁਰਜ਼ੋਰ ਮੱਦਦ ਲਈ ਤਹਿ ਦਿਲੋਂ ਧੰਨਵਾਦੀ ਹਾਂ। ਇਸ ਫੈਂਸਲੇ ਦੇ ਨਾਲ ਪੰਜਾਬ ਦੀ ਖੁਸ਼ਹਾਲੀ ਦੇ ਦਿਨ ਵਾਪਿਸ ਲਿਆਉਣ ਦਾ ਸਮਾਂ ਆ ਗਿਆ ਹੈ। ਕਾਂਗਰਸ ਦੇ ਸਾਰੇ ਵਰਕਰਾਂ ਅਤੇ ਅਹੁਦੇਦਾਰਾਂ ਦਾ ਉਨ੍ਹਾਂ ਦੀ ਮਿਹਨਤ ਲਈ ਧੰਨਵਾਦ ਕਰਦਾ ਹਾਂ।’
ਕੈਪਟਨ ਅਮਰਿੰਦਰ ਸਿੰਘ ਦੇ ਲਈ ਸ਼ਨਿਚਰਵਾਰ ਦਾ ਦਿਨ ਬਹੁਤ ਹੀ ਅਹਿਮ ਸੀ, ਇਸ ਦਿਨ ਹੀ ਉਨ੍ਹਾਂ ਦਾ 75ਵਾਂ ਜਨਮ ਦਿਨ ਵੀ ਸੀ ਅਤੇ ਇਸ ਦਿਨ ਹੀ ਉਨ੍ਹਾਂ ਨੂੰ ਬੰਪਰ ਜਿੱਤ ਮਿਲੀ। ਉਨ੍ਹਾਂ ਨੇ ਆਪਣੇ ਵਿਰੋਧੀ ਆਪ ਦੇ ਡਾ. ਬਲਬੀਰ ਸਿੰਘ ਨੂੰ 52407 ਵੋਟਾਂ ਦੇ ਰਿਕਾਰਡ ਫਰਕ ਨਾਲ ਹਰਾਇਆ। ਅਕਾਲੀ-ਭਾਜਪਾ ਵੱਲੋਂ ਉਤਾਰੇ ਗਏ ਜਨਰਲ ਜੇ.ਜੇ. ਸਿੰਘ ਤੀਸਰੇ ਸਥਾਨ ਤੇ ਰਹੇ। ਕੈਪਟਨ ਅਮਰਿੰਦਰ ਸਿੰਘ ਸੱਭ ਤੋਂ ਵੱਧ ਅਤੇ ਘੁਬਾਇਆ ਸੱਭ ਤੋਂ ਘੱਟ 265 ਵੋਟਾਂ ਦੇ ਅੰਤਰ ਨਾਲ ਜਿੱਤੇ।
ਪੰਜਾਬ ਵਿਧਾਨਸਭਾ ਚੋਣਾਂ ਵਿੱਚ ਹੂੰਝਾਫੇਰ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਪਰੀਵਾਰ ਸਮੇਤ ਪਟਿਆਲਾ ਦੇ ਫਾਂਊਂਡਰ ਬਾਬਾ ਆਲਾ ਸਿੰਘ ਬੁਰਜ ਵਿੱਚ ਸਥਾਪਿਤ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ।