ਲਖਨਊ – ਬਸਪਾ ਮੁੱਖੀ ਮਾਇਆਵਤੀ ਨੇ ਬੀਜੇਪੀ ਤੇ ਇਲੈਕਟਰਾਨਿਕ ਵੋਟਿੰਗ ਮਸ਼ੀਨਾਂ (EVM) ਦੇ ਨਾਲ ਛੇੜਛਾੜ ਕਰਕੇ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਦਾ ਸਨਸਨੀਖੇਜ਼ ਆਰੋਪ ਲਗਾਇਆ ਹੈ। ਮਾਇਆਵਤੀ ਨੇ ਇੱਕ ਪ੍ਰੈਸ ਕਾਨਫਰੰਸ ਆਯੋਜਿਤ ਕਰਕੇ ਬੀਜੇਪੀ ਨੂੰ ਉਤਰਾਖੰਡ ਅਤੇ ਉਤਰਪ੍ਰਦੇਸ਼ ਵਿੱਚ ਦੁਬਾਰਾ ਚੋਣ ਕਰਵਾਉਣ ਦੀ ਚੁਣੌਤੀ ਦਿੱਤੀ ਹੈ। ਉਨ੍ਹਾਂ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਦੋਵਾਂ ਰਾਜਾਂ ਵਿੱਚ ਆਏ ਨਤੀਜਿਆਂ ਨੂੰ ਤਤਕਾਲ ਪ੍ਰਭਾਵ ਨਾਲ ਰੱਦ ਕੀਤਾ ਜਾਵੇ ਅਤੇ ਵੋਟਿੰਗ ਮਸ਼ੀਨਾਂ ਦੀ ਜਗ੍ਹਾ ਬੈਲਟ ਪੇਪਰ ਦੀ ਪੁਰਾਣੀ ਵਿਵਸਥਾ ਨਾਲ ਦੁਬਾਰਾ ਚੋਣ ਕਰਵਾਈ ਜਾਵੇ।
ਮਾਇਆਵਤੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਇਸ ਸਬੰਧ ਵਿੱਚ ਚੋਣ ਕਮਿਸ਼ਨ ਨੂੰ ਇੱਕ ਪੱਤਰ ਲਿਖ ਕੇ ਸ਼ਿਕਾਇਤ ਕੀਤੀ ਹੈ। ਜਿੰਨ੍ਹਾਂ ਖੇਤਰਾਂ ਵਿੱਚ ਮੁਸਲਮਾਨਾਂ ਦੀ ਜਨਸੰਖਿਆ ਵੱਧ ਹੈ, ਉਨ੍ਹਾਂ ਸਥਾਨਾਂ ਤੋਂ ਬੀਜੇਪੀ ਨੂੰ ਚੰਗਾ ਸਮੱਰਥਨ ਮਿਲਣ ਤੇ ਹੈਰਾਨੀ ਜਾਹਿਰ ਕਰਦੇ ਹੋਏ ਮਾਇਆਵਤੀ ਨੇ ਆਰੋਪ ਲਗਾਇਆ, ‘ ਪਾਰਟੀ ਦੁਆਰਾ ਪ੍ਰਾਪਤ ਰਿਪੋਰਟ ਅਨੁਸਾਰ, ਮੁਸਲਿਮ ਬਹੁਲਤਾ ਵਾਲੇ ਇਲਾਕਿਆਂ ਵਿੱਚ ਵੀ ਜਿਆਦਾਤਰ ਵੋਟ ਬੀਜੇਪੀ ਨੂੰ ਹੀ ਗਏ ਹਨ। ਇਸ ਨਾਲ ਸ਼ੰਕਿਆਂ ਨੂੰ ਬਲ ਮਿਲਦਾ ਹੈ ਕਿ ਵੋਟਿੰਗ ਮਸ਼ੀਨਾਂ ਨੂੰ ਮੈਨੇਜ ਕੀਤਾ ਗਿਆ ਸੀ। ਜਿੰਨ੍ਹਾਂ ਇਲਾਕਿਆਂ ਵਿੱਚ ਮੁਸਲਿਮ ਸਮਾਜ ਦਾ ਵੋਟ 18 ਤੋਂ 20 ਫੀਸਦੀ ਹੈ, ਉਥੇ ਵੀ ਉਨ੍ਹਾਂ ਦਾ ਵੋਟ ਬੀਜੇਪੀ ਨੂੰ ਜਾਵੇ, ਕੀ ਇਹ ਗੱਲ ਆਪ ਦੇ ਗੱਲੇ ਤੋਂ ਹੇਠਾਂ ਉਤਰ ਰਹੀ ਹੈ? ਬੀਜੇਪੀ ਨੇ ਇੱਕ ਵੀ ਮੁਸਲਮਾਨ ਨੂੰ ਟਿਕਟ ਨਹੀਂ ਸੀ ਦਿੱਤਾ। ਦੁਨੀਆਂ ਵਿੱਚ ਕਿਸੇ ਨੂੰ ਵੀ ਇਸ ਤੇ ਯਕੀਨ ਨਹੀਂ ਹੋਵੇਗਾ।’
ਬਸਪਾ ਮੁੱਖੀ ਨੇ 2014 ਦੀਆਂ ਲੋਕਸਭਾ ਦੀਆਂ ਚੋਣਾਂ ਦਾ ਜਿਕਰ ਕਰਦੇ ਹੋਏ ਕਿਹਾ ਕਿ ੳਸ ਸਮੇਂ ਵੀ ਸ਼ੰਕੇ ਜਾਹਿਰ ਕੀਤੇ ਗਏ ਸਨ। ਉਨ੍ਹਾਂ ਨੇ ਕਿਹਾ, ‘ਬਿਨਾਂ ਗੜਬੜੀ ਕੀਤੇ ਬੀਜੇਪੀ ਨੂੰ ਏਨੇ ਵੋਟ ਨਹੀਂ ਸਨ ਮਿਲ ਸਕਦੇ। ਉਨ੍ਹਾਂ ਨੇ ਕਿਹਾ ਕਿ ਚੋਣਾਂ ਦੌਰਾਨ ਵੀ ਕਈ ਜਗ੍ਹਾ ਤੇ ਇਹ ਚਰਚਾ ਸੀ ਕਿ ਕੋਈ ਵੀ ਬਟਨ ਦਬਾਓ, ਪਰ ਵੋਟ ਬੀਜੇਪੀ ਨੂੰ ਹੀ ਜਾਂਦਾ ਹੈ।
ਮਾਇਆਵਤੀ ਨੇ ਇਸ ਨੂੰ ਲੋਕਤੰਤਰ ਲਈ ਗੰਭੀਰ ਖ਼ਤਰਾ ਦੱਸਦੇ ਹੋਏ ਕਿਹਾ, ‘ ਲੋਕਸਭਾ ਚੋਣਾਂ, ਉਤਰਾਖੰਡ ਅਤੇ ਉਤਰਪ੍ਰਦੇਸ਼ ਦੇ ਚੋਣ ਨਤੀਜਿਆਂ ਨੂੰ ਵੇਖ ਕੇ ਪਤਾ ਚੱਲਦਾ ਹੈ ਕਿ ਇਹ ਬਹੁਤ ਗੰਭੀਰ ਮਾਮਲਾ ਹੈ। ਇਸ ਨੂੰ ਨਜ਼ਰ ਅੰਦਾਜ਼ ਕਰਨਾ ਸਾਡੇ ਲੋਕਤੰਤਰ ਦੇ ਲਈ ਘਾਤਕ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਅਮਿਤ ਸ਼ਾਹ ਅਤੇ ਮੋਦੀ ਨੂੰ ਚੁਣੌਤੀ ਦਿੰਦੀ ਹਾਂ ਕਿ ਜੇ ਊਹ ਇਮਾਨਦਾਰ ਹਨ ਅਤੇ ਉਨ੍ਹਾਂ ਨੂੰ ਲਗਦਾ ਹੈ ਕਿ ਜੋ ਵੋਟ ਉਨ੍ਹਾਂ ਨੂੰ ਮਿਲਿਆ ਹੈ ਉਹ ਸਹੀ ਹੈ, ਤਾਂ ਉਹ ਚੋਣ ਕਮਿਸ਼ਨ ਨੂੰ ਅਪੀਲ ਕਰਕੇ ਵੋਟਿੰਗ ਮਸ਼ੀਨ ਦੁਆਰਾ ਹੋਈਆਂ ਚੋਣਾਂ ਨੂੰ ਰੱਦ ਕਰਵਾ ਕੇ ਪੁਰਾਣੀ ਵਿਵਸਥਾ ਦੇ ਤਹਿਤ ਬੈਲਟ ਪੇਪਰ ਦੁਆਰਾ ਫਿਰ ਤੋਂ ਚੋਣ ਕਰਵਾਏ। ਇਸ ਨਾਲ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ।’