ਚੰਡੀਗੜ੍ਹ – ਪੰਜਾਬ ਦੇ ਦੂਸਰੀ ਵਾਰ ਮੁੱਖਮੰਤਰੀ ਬਣਨ ਜਾ ਰਹੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸੌਂਹ ਚੁੱਕ ਸਮਾਗਮ ਸਬੰਧੀ ਇੱਕ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਰਾਜ ਦੀ ਵਿੱਤੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਹਾ ਕਿ ਉਨ੍ਹਾਂ ਦਾ ਸੌਂਹ ਚੁੱਕ ਸਮਾਗਮ ਬਹੁਤ ਹੀ ਸਾਦਗੀ ਭਰਿਆ ਹੋਵੇਗਾ, ਕਿਸੇ ਵੀ ਤਰ੍ਹਾਂ ਦਾ ਫਾਲਤੂ ਖਰਚ ਨਹੀਂ ਕੀਤਾ ਜਾਵੇਗਾ।
ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਨਵੇਂ ਚੁਣੇ ਗਏ ਵਿਧਾਇਕਾਂ ਨੂੰ ਵੀ ਇਹ ਅਪੀਲ ਕੀਤੀ ਹੈ ਕਿ ਇਸ ਪ੍ਰੋਗਰਾਮ ਨੂੰ ਸਾਦਾ ਰੱਖਿਆ ਜਾਵੇ। ਉਨ੍ਹਾਂ ਨੇ ਪੰਜਾਬ ਦੀਆਂ ਵਿੱਤੀ ਸਮਸਿਆਵਾਂ ਦਾ ਹਵਾਲਾ ਦਿੰਦੇ ਹੋਏ ਇਹ ਆਦੇਸ਼ ਦਿੱਤਾ ਹੈ ਕਿ ਸੌਂਹ ਚੁੱਕ ਸਮਾਗਮ ਦੌਰਾਨ ਗੈਰ ਜਰੂਰੀ ਜਾਂ ਬੇਕਾਰ ਦੇ ਖਰਚ ਨਹੀਂ ਕੀਤੇ ਜਾਣਗੇ। ਉਨ੍ਹਾਂ ਨੇ ਆਪਣੇ ਸਾਰੇ ਵਿਧਾਇਕਾਂ ਨੂੰ ਵੀ ਕਿਹਾ ਕਿ ਇਸ ਸਮਾਗਮ ਨੂੰ ਸਾਦਾ ਰੱਖਣ ਲਈ ਘੱਟ ਤੋਂ ਘੱਟ ਲੋਕਾਂ ਨੂੰ ਸੱਦਿਆ ਜਾਵੇ।
ਵਰਨਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਵਿੱਚ 77 ਸੀਟਾਂ ਜਿੱਤ ਕੇ ਨਵੀਂ ਸਰਕਾਰ ਦਾ ਗਠਨ ਕਰਨ ਜਾ ਰਹੇ ਹਨ। ਉਹ 16 ਮਾਰਚ ਨੂੰ ਰਾਜਭਵਨ ਵਿੱਚ ਮੁੱਖਮੰਤਰੀ ਦੇ ਅਹੁਦੇ ਦੀ ਸੌਂਹ ਚੁੱਕਣਗੇ। ਇਸ ਦੌਰਾਨ ਉਨ੍ਹਾਂ ਦੇ ਕਈ ਮੰਤਰੀ ਵੀ ਸੌਂਹ ਚੁੱਕਣਗੇ। ਕੈਪਟਨ ਨੇ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਰਾਹੁਲ ਗਾਂਧੀ ਨੂੰ ਵੀ ਸੱਦਾ ਪੱਤਰ ਦਿੱਤਾ ਹੈ।