ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਨਾਨਕਸ਼ਾਹੀ ਨਵੇਂ ਵਰ੍ਹੇ ਮੌਕੇ 1 ਚੇਤ ਨੂੰ ਪੰਥ-ਪ੍ਰਵਾਨਿਤ ਨਾਨਕਸ਼ਾਹੀ ਕੈਲੰਡਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਜਾਰੀ ਕੀਤਾ ਗਿਆ। ਫੈਡਰੇਸ਼ਨ ਵੱਲੋਂ ਸਮੁੱਚੀ ਸਿੱਖ ਕੌਮ ਨੂੰ ਆਪਣੇ ਦਿਹਾੜ੍ਹੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਨਾਉਣ ਦੀ ਅਪੀਲ ਕੀਤੀ ਗਈ। ਇਸ ਮੌਕੇ ਫੈਡਰੇਸ਼ਨ ਵੱਲੋਂ ਪੰਜਾਬ ਵਾਟਰ ਰੈਫਰੈਂਡਮ ਕੈਂਪ ਵੀ ਲਗਾਇਆ ਗਿਆ।
ਸਿੱਖ ਜਥੇਬੰਦੀਆਂ ਦੇ ਸੱਦੇ ਉੱਤੇ ‘ਪੰਜਾਬ ਵਾਟਰ ਰੈਫਰੈਂਡਮ’ ਦੀ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਦੇ ਪੰਜਾਬ ਖਿਲਾਫ ਫੈਸਲੇ ਤੋਂ ਬਾਅਦ ਪੰਜਾਬ, ਬਰਤਾਨੀਆ, ਯੂਰਪ, ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਮੱਧ-ਪੂਰਬੀ ਦੇਸਾਂ ਅੰਦਰ ਵੱਸਦੇ ਪੰਜਾਬੀਆਂ ਨੇ ਇਸ ਫੈਸਲੇ ਨੂੰ ਅੰਤਰਰਾਸ਼ਟਰੀ ਨਿਆਂ ਅਦਾਲਤ, ਹੇਗ ਵਿੱਚ ਚੁਣੌਤੀ ਦੇਣ ਲਈ ਵੋਟਿੰਗ ਕੀਤੀ ਹੈ।
ਰੈਫਰੈਂਡਮ ਮੁਹਿੰਮ ਚਲਾ ਰਹੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦੌਰਾਨ 100,000 ਤੋਂ ਵੱਧ ਪੰਜਾਬੀਆਂ ਨੇ ਵੋਟਾਂ ਪਾਈਆਂ। ਰੈਫਰੈਂਡਮ ਦੇ ਆਖਰੀ ਦੌਰ ਵਿੱਚ ਪੰਜਾਬ ਭਰ ਵਿੱਚ ਲੋਕਾਂ ਨੇ ਬੈਲਟ-ਪੇਪਰਾਂ, ਵੈਬਸਾਇਟ ਅਤੇ ਮੋਬਾਇਲ ਐਪ ਰਾਹੀਂ ਵੋਟਿੰਗ ਕੀਤੀ।
ਫੈਡਰੇਸ਼ਨ ਦੇ ਪ੍ਰਧਾਨ ਭਾਈ ਕਰਨੈਲ ਸਿੰਘ ਪੀਰਮੁਹੰਮਦ ਨੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਗੈਰ-ਸੰਵਿਧਾਨਿਕ ਗਰਦਾਨਿਆ। ਉਹਨਾਂ ਨੇ ਕਿਹਾ ਕਿ ਭਾਰਤੀ ਸੰਵਿਧਾਨ ਅਨੁਸਾਰ ਦਰਿਆਈ ਪਾਣੀਆਂ ਦੀ ਵਰਤੋਂ ਅਤੇ ਕੰਟਰੋਲ ਦਾ ਹੱਕ ਸਿਰਫ ਰਾਇਪੇਰੀਅਨ ਸੂਬਿਆਂ ਕੋਲ ਹੋ ਸਕਦਾ ਹੈ, ਪਰ ਕੇਂਦਰੀ ਸਰਕਾਰ ਵੱਲੋਂ ਸੰਵਿਧਾਨ ਦੀ ਮੂਲ-ਭਾਵਨਾ ਨੂੰ ਛਿੱਕੇ ਟੰਗਦਿਆਂ ਪੰਜਾਬ ਦੇ ਪਾਣੀਆਂ ਦੀ ਲੁੱਟ ਕੀਤੀ ਜਾ ਰਹੀ ਹੈ। ਸੁਪਰੀਪ ਕੋਰਟ ਦਾ ਫੈਸਲਾ ਪੰਜਾਬ ਖਿਲਾਫ ਆਉਣ ਤੋਂ ਬਾਅਦ ਹੁਣ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਕੇਵਲ ਅੰਤਰ-ਰਾਸ਼ਟਰੀ ਅਦਾਲਤ ਵਿੱਚ ਕੇਸ ਦਾਇਰ ਕਰਨ ਦਾ ਰਾਹ ਬਚਦਾ ਹੈ। ਇਸ ਲਈ ਸੰਸਾਰ ਭਰ ਦੇ ਪੰਜਾਬੀਆਂ ਵਿੱਚ ਲੋਕ-ਰਾਇ ਕਾਇਮ ਕਰਨ ਲਈ ਰੈਫਰੈਂਡਮ ਕਰਵਾਇਆ ਜਾ ਰਿਹਾ ਹੈ।
ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਲਾਏ ਗਏ ਕੈਂਪ ਦੌਰਾਨ ਸੰਗਤਾਂ ਵਿੱਚ ਰੈਫਰੈਂਡਮ ਪ੍ਰਤੀ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਨੌਜਵਾਨਾਂ ਨੇ ਵੱਧ-ਚੜ੍ਹ ਕੇ ਵੋਟਿੰਗ ਵਿੱਚ ਹਿੱਸਾ ਲਿਆ।ਇਸ ਮੌਕੇ ਫੈਡਰੇਸ਼ਨ ਆਗੂ ਭੁਪਿੰਦਰਪਾਲ ਸਿੰਘ, ਅਰਸ਼ਦੀਪ ਸਿੰਘ, ਅਨਮੋਲਦੀਪ ਸਿੰਘ, ਪ੍ਰਭਜੋਤ ਸਿੰਘ, ਅਵਤਾਰ ਸਿੰਘ, ਗੁਰਸ਼ਰਨ ਸਿੰਘ, ਹਰਦੀਪ ਸਿੰਘ ਆਦਿ ਹਾਜ਼ਰ ਸਨ।