ਕਹਿਣ ਨੂੰ ਤਾਂ ਭਾਵੇਂ ਅਸੀਂ ਨਿੱਤ ਦਿਨ ਨੇਤਾਵਾਂ ਦੇ ਦਾਅਵੇ, ਵਾਅਦੇ ਅਤੇ ਝੂਠ ਦਾ ਮੀਂਹ ਪੈਂਦਾ ਦੇਖਦੇ ਹਾਂ ਪਰ ਆਮ ਲੋਕਾਂ ਦੀ ਗੁਪਤ ਚਪੇੜ ਦਾ ਸਾਨੂੰ ਕਦੀ ਅਹਿਸਾਸ ਨਹੀਂ ਹੁੰਦਾਂ ਜੋ ਉਹ ਨੇਤਾਵਾਂ ਦੇ ਮੂੰਹ ਤੇ ਮਾਰਦੇ ਹਨ। ਝੂਠ ਦੇ ਕੱਪੜਿਆਂ ਵਿੱਚ ਲੁਕੇ ਰਾਜਨੀਤਕਾਂ ਨੂੰ ਲੋਕਾਂ ਦਾ ਸਭ ਦੇ ਸਾਹਮਣੇ ਨੰਗਾਂ ਕਰ ਦੇਣ ਦਾ ਆਪਣਾਂ ਹੀ ਤਰੀਕਾ ਹੈ ਜਿਸਦਾ ਪਤਾ ਉਸ ਵਕਤ ਹੀ ਲੱਗਦਾ ਹੈ ਜਦ ਰਾਜਨੀਤਕ ਬੇਸ਼ਰਮੀ ਦੇ ਕੱਪੜਿਆਂ ਵਿੱਚ ਲੁਕਣ ਦਾ ਯਤਨ ਕਰਦੇ ਹਨ। ਆਮ ਲੋਕਾਂ ਨੂੰ ਨੇਤਾਵਾਂ ਦੇ ਸਬਜਬਾਗ ਦੇਖਦਿਆਂ ਨੂੰ ਲੱਖਾਂ ਸਾਲ ਲੰਘ ਗਏ ਹਨ ਜਿਸ ਵਿੱਚ ਆਮ ਲੋਕ ਹਮੇਸ਼ਾਂ ਜਿੱਤੇ ਹਨ ਅਤੇ ਰਾਜਨੀਤਕ ਲੋਕ ਹਾਰੇ ਹਨ। ਆਮ ਲੋਕ ਅੱਜ ਤੱਕ ਕਦੀ ਵੀ ਨੇਤਾਵਾਂ ਮੂਹਰੇ ਝੂਠੇ ਨਹੀਂ ਪਏ ਪਰ ਨੇਤਾ ਲੋਕ ਸਦਾ ਤੋਂ ਹੀ ਝੂਠੇ ਸਿੱਧ ਹੁੰਦੇ ਆਏ ਹਨ। ਜਦੋਂ ਵੀ ਰਾਜਨੀਤਕ ਲੋਕ ਆਮ ਲੋਕਾਂ ਸਾਹਮਣੇ ਝੂਠ ਦਾ ਕੋਈ ਨਵਾਂ ਸਬਜਬਾਗ ਦਿਖਾਉਣ ਦਾ ਡਰਾਮਾ ਕਰਦੇ ਹਨ ਅਤੇ ਇਸ ਤਰਾਂ ਦੀ ਝੂਠ ਦੀ ਖੇਤੀ ਕਰਦਿਆਂ ਨੂੰ ਵਿਸ਼ਵਾਸ਼ ਨਹੀਂ ਹੁੰਦਾ ਕਿ ਉਹ ਕਦੇ ਕੁਰਸੀਆਂ ਤੱਕ ਵੀ ਪਹੁੰਚ ਸਕਦੇ ਹਨ। ਇਸ ਭੁਲੇਖੇ ਵਿੱਚ ਹੀ ਇਸ ਤਰਾਂ ਦੇ ਛੋਟੀਆਂ ਅਕਲਾਂ ਵਾਲੇ ਨੇਤਾ ਝੂਠ ਬੋਲਣ ਦੀ ਮਾਤਰਾ ਕਈ ਗੁਣਾਂ ਵਧਾ ਲੈਂਦੇ ਹਨ। ਜਿਉਂ ਜਿਉਂ ਆਮ ਲੋਕ ਇਹਨਾਂ ਦੀ ਅਸਲੀਅਤ ਪਰਖਣ ਲਈ ਇਹਨਾਂ ਨੂੰ ਹੁੰਗਾਰਾ ਦੇਣਾ ਸ਼ੁਰੂ ਕਰ ਦਿੰਦਾਂ ਹੈ ਤਦ ਹੀ ਇਹਨਾਂ ਬੇਅਕਲਾਂ ਨੂੰ ਕੁਰਸੀ ਹੋਰ ਨੇੜੇ ਦਿਖਾਈ ਦੇਣ ਲੱਗ ਜਾਂਦੀ ਹੈ। ਇਸ ਦੌੜ ਨੂੰ ਜਿੱਤਣ ਲਈ ਹੀ ਇਹ ਲੋਕ ਹੋਰ ਤੇਜ ਦੌੜਦੇ ਹੋਏ ਬਹੁਤ ਸਾਰੇ ਠੱਗ ਕਾਰਪੋਰੇਟ ਲੋਕਾਂ ਨਾਲ ਵੀ ਸੌਦੇਬਾਜੀਆਂ ਕਰਨਾ ਸ਼ੁਰੂ ਕਰ ਲੈਂਦੇ ਹਨ। ਠੱਗ ਵਪਾਰੀ ਲੋਕ ਚੰਗੀ ਤਰਾਂ ਜਾਣਦੇ ਹੁੰਦੇ ਹਨ ਕਿ ਆਮ ਲੋਕਾਂ ਦੀ ਹਨੇਰੀ ਕਿਸ ਨੂੰ ਪਰਖਣ ਲਈ ਰਾਜਸੱਤਾ ਦੀ ਕੁਰਸੀ ਦੇਣ ਜਾ ਰਹੀ ਹੈ। ਕਾਰਪੋਰੇਟ ਘਰਾਣਿਆਂ ਦੇ ਵਿੱਚ ਸਾਮਲ ਅਖੌਤੀ ਧਾਰਮਿਕ ਪਖੰਡੀ ਅਤੇ ਵਪਾਰੀ ਲੋਕ ਹੁੰਦੇ ਹਨ। ਇਹ ਦੋਨੋਂ ਵਰਗ ਜੋ ਵੱਡੇ ਵੱਡੇ ਵਪਾਰਾਂ ਵਿੱਚ ਸ਼ਾਮਿਲ ਹੁੰਦੇ ਹਨ। ਇਹ ਹਮੇਸ਼ਾਂ ਸੌਦੇਬਾਜ ਮੁਨਾਫਾ ਕਮਾਊ ਲੋਕ ਹੀ ਹੁੰਦੇ ਹਨ। ਉਦਯੋਗਿਕ ਘਰਾਣਿਆਂ ਵਾਲੇ, ਪੈਸਿਆਂ ਦੇ ਪਹਾੜ ਖੜਾ ਕਰਨ ਵਾਲੇ ਧਾਰਮਿਕ ਅਤੇ ਇਸ ਤਰਾਂ ਦੇ ਹੋਰ ਕਈ ਖੇਤਰਾਂ ਦੇ ਬੇਸਬਰੇ ਲੋਕਾਂ ਲਈ ਆਗੂ ਲੋਕ ਖਰੀਦਣੇ ਜਰੂਰੀ ਹੁੰਦੇ ਹਨ।
ਸਮਾਜ ਦੇ ਆਗੂ ਲੋਕਾਂ ਨੂੰ ਪਰਸਿੱਧੀ ਦੀ ਚੋਟੀ ਤੇ ਬੈਠਿਆਂ ਨੂੰ ਜੇ ਕੋਈ ਦੇਖਣ ਵਾਲਾ ਨਾਂ ਹੋਵੇ ਤਦ ਇਹਨਾਂ ਨੂੰ ਲੁੱਟ ਦੀ ਖੇਡ ਖੇਡਣ ਦਾ ਮਜਾ ਹੀ ਨਹੀਂ ਹੁੰਦਾ, ਸੋ ਟੀਸੀ ਤੇ ਬੈਠ ਕੇ ਲੋਕਾਂ ਤੋਂ ਉੱਚੇ ਦਿਖਾਈ ਦੇਣ ਦੀ ਲਾਲਸਾ ਵਿੱਚ ਇਹਨਾਂ ਲਈ ਆਮ ਲੋਕ ਵੀ ਧਰਤੀ ਤੇ ਬੈਠੇ ਹੋਣੇ ਜਰੂਰੀ ਹੁੰਦੇ ਹਨ। ਇਸ ਖੇਡ ਦਾ ਇਹ ਹੀ ਲੁਕਵਾਂ ਪਹਿਲੂ ਹੁੰਦਾ ਹੈ ਜਿਸਦੀ ਗੁਲਾਮੀ ਵਿੱਚ ਫਸੇ ਮਸ਼ਹੂਰ ਲੋਕ ਆਮ ਲੋਕਾਂ ਨੂੰ ਗੁਲਾਮੀ ਵਿੱਚ ਫਸਾਉਣ ਦੀ ਸਾਰੀ ਉਮਰ ਕੋਸ਼ਿਸ਼ ਕਰਦਿਆਂ ਆਪਣੀ ਜਿੰਦਗੀ ਖਰਾਬ ਕਰ ਲੈਂਦੇ ਹਨ। ਵਰਤਮਾਨ ਸਮੇਂ ਦੇ ਵਿੱਚ ਦਿੱਲੀ ਚੋਣਾਂ ਵਿੱਚ ਜਿੱਤੇ ਕੇਜਰੀਵਾਲ ਦੀ ਮਿਸਾਲ ਸਭ ਦੇ ਦਿਮਾਗਾਂ ਤੇ ਤਰੋਤਾਜੀ ਹੈ ਜਿਸ ਵਿੱਚੋਂ ਦਿਖਾਈ ਦਿੰਦਾ ਹੈ ਕਿ ਕਿਸ ਤਰਾਂ ਇਸ ਗੁੰਮਨਾਮ ਵਿਅਕਤੀ ਨੇ ਤਪੱਸਿਆ ਭਰੀ ਜਿੰਦਗੀ ਜਿਉਦਿਆਂ ਅਤੇ ਆਮ ਲੋਕਾਂ ਲਈ ਜੂਝਦਿਆਂ ਅੱਠ ਮੰਤਰੀਆਂ ਅਤੇ ਅਨੇਕਾਂ ਭਿ੍ਰਸ਼ਟ ਅਫਸਰਾਂ ਨੂੰ ਸਜਾ ਦਿਵਾਉਣ ਵਾਲੇ ਅੰਨਾਂ ਹਜਾਰੇ ਦੀ ਵਰਤੋਂ ਕੀਤੀ। ਮੰਚ ਤੋਂ ਲੱਛੇਦਾਰ ਭਾਸ਼ਣ ਦੇਣ ਦੀ ਕਲਾ ਦਾ ਮਾਹਿਰ ਕੇਜਰੀਵਾਲ ਯੋਜਨਾ ਬੱਧ ਚਾਲਾਂ ਨਾਲ ਉਸਦੇ ਸਿਰ ਤੋਂ ਛਾਲ ਮਾਰਕੇ ਰਾਜਸੱਤਾ ਦੀ ਕੁਰਸੀ ਤੇ ਬਿਰਾਜਮਾਨ ਹੋ ਗਿਆ ਹੈ। ਇਸ ਕੁਰਸੀ ਦੀ ਲਾਲਸਾ ਵਿੱਚ ਆਪਣੀ ਜਮੀਰ ਗੁਆਕੇ ਗੁਰੂ ਦੀ ਬੇਅਦਬੀ ਕਰਕੇ, ਸੰਗੀ ਸਾਥੀਆਂ ਨਾਲ ਧੋਖੇ ਕਰਕੇ, ਝੂਠ ਦੀ ਚਾਸ਼ਣੀ ਰਾਹੀਂ ਕੁਰਸੀ ਤੇ ਕਾਬਜ ਹੋ ਗਿਆ ਹੈ। ਆਮ ਰੱਬੀ ਜਿੰਦਗੀ ਜਿਉਣ ਵਾਲੇ ਲੋਕਾਂ ਨਾਲ ਫਰੇਬ ਦੀ ਖੇਡ ਖੇਡਣ ਵਾਲਾ ਇਹ ਆਪਣੇ ਆਪ ਨੂੰ ਚਲਾਕ ਸਮਝਣ ਵਾਲਾ ਮੂਰਖਾਂ ਵਰਗਾ ਵਿਅਕਤੀ ਕਿਸ ਮੰਜ਼ਿਲ ਤੇ ਜਾਕੇ ਥੱਕ ਜਾਵੇਗਾ। ਇਸਨੂੰ ਸਮਾਂ ਜਰੂਰ ਦੱਸੇਗਾ ਕਿ ਧੋਖਿਆਂ ਨਾਲ ਖੇਡੀਆਂ ਖੇਡਾਂ ਕਦੇ ਖੁਸ਼ੀ ਨਹੀਂ ਦੇ ਸਕਦੀਆਂ। ਇਸ ਵਿਅਕਤੀ ਦੇ ਦਾਅਵੇ ਅਤੇ ਵਾਅਦੇ ਦੇਖੋ ਜੋ ਕੁਰਸੀ ਤੇ ਪਹੁੰਚਣ ਲਈ ਇਸ ਨੇ ਕੀਤੇ ਸਨ ਜੋ ਪੂਰੇ ਵੀ ਨਹੀਂ ਹੋਏ ਅਤੇ ਨਾਂ ਹੀ ਹੋਣਗੇ ਕਿਉਂਕਿ ਅਸਲੀਅਤ ਸਮੇਂ ਨਾਲ ਪਰਗਟ ਹੋ ਹੀ ਜਾਂਦੀ ਹੈ। ਅੰਨਾ ਹਜਾਰੇ ਦੀ ਸਟੇਜ ਤੇ ਕਿਸੇ ਵਕਤ ਇਸ ਨੇ ਰਾਜਨੀਤਕਾਂ ਨੂੰ ਆਉਣ ਨਹੀਂ ਸੀ ਦਿੱਤਾ ਇੱਥੋਂ ਤੱਕ ਅਡਵਾਨੀ ਵਰਗਾ ਵਿਰੋਧੀ ਦਲ ਦਾ ਨੇਤਾ ਵੀ ਵਾਪਿਸ ਮੁੜਨ ਲਈ ਮਜਬੂਰ ਕਰ ਦਿੱਤਾ ਗਿਆ ਸੀ ਪਰ ਸਮੇਂ ਬਦਲਣ ਨਾਲ ਖੁਦ ਵੀ ਰਾਜਨੀਤਕ ਹੋ ਗਿਆ ਹੈ। 49 ਦਿਨਾਂ ਦੀ ਸਰਕਾਰ ਨੂੰ ਪਰਧਾਨ ਮੰਤਰੀ ਬਣਨ ਦੀ ਲਾਲਸਾ ਵਾਸਤੇ ਲੋਕਪਾਲ ਬਨਾਉਣ ਦੀ ਸੰਵਿਧਾਨ ਤੋਂ ਉਲਟ ਪਰਕਿਰਿਆ ਅਪਣਾਕੇ ਆਪ ਹੀ ਗਿਰਾ ਗਿਆ ਸੀ ਅਤੇ ਦੋਸ਼ ਵਿਰੋਧੀ ਪਾਰਟੀ ਅਤੇ ਕਾਂਗਰਸ ਤੇ ਲਾ ਦਿੱਤਾ ਗਿਆ ਜਦੋਂ ਕਿ ਕਾਂਗਰਸ ਨੇ ਕੋਈ ਸਮਰਥਨ ਵਾਪਸ ਨਹੀਂ ਲਿਆ ਸੀ। ਘੱਟ ਗਿਣਤੀ ਸਰਕਾਰ ਹੋਣ ਦੇ ਰੋਣੇ ਰੋਅਕੇ ਕੀਤੇ ਵਾਅਦਿਆਂ ਤੋਂ ਮੁਕਰਿਆ ਗਿਆ ਪਰ ਹੁਣ ਦੂਸਰੀ ਵਾਰ ਪੂਰਨ ਬਹੁਮੱਤ ਹੋਣ ਦੇ ਬਾਵਜੂਦ ਲੋਕਪਾਲ ਕਿਉਂ ਨਹੀਂ ਪਾਸ ਕੀਤਾ ਗਿਆ? ਸਰਕਾਰੀ ਲੋਕਪਾਲ ਤਾਂ ਦੂਰ ਪਾਰਟੀ ਦੇ ਲੋਕਪਾਲ ਨੂੰ ਹੀ ਸੱਚ ਬੋਲਣ ਤੇ ਹਟਾ ਦਿੱਤਾ ਗਿਆ ਹੈ। ਕੱਚੇ ਕਰਮਚਾਰੀਆਂ ਨੂੰ ਪੱਕੇ ਕਰਨ ਦੇ ਵਾਅਦੇ ਉਸ ਵਕਤ ਹਵਾ ਹੋ ਗਏ ਹਨ ਜਦ ਮਿਉਸਿਪਲ ਦੇ ਸਫਾਈ ਕਰਮਚਾਰੀਆਂ ਦੀ ਤਨਖਾਹ ਲਈ ਵੀ ਪੈਸਾ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ। ਹੰਕਾਰ ਵਿੱਚ ਆਕੇ ਸਿਆਸਤ ਦੀ ਘਟੀਆ ਚਾਲਾਂ ਚੱਲਾਈਆਂ ਜਾ ਰਹੀਆਂ ਹਨ। ਮੁਫਤ ਵਾਈ ਫਾਈ ਦਾ ਕੀਤਾ ਵਾਅਦਾ ਦੋ ਸਾਲ ਲਈ ਲੇਟ ਕਰ ਦਿੱਤਾ ਗਿਆ ਹੈ। ਬਿਜਲੀ ਦੇ ਰੇਟ ਅੱਧੇ ਕਰਨ ਦੀ ਥਾਂ ਲੋਕਾਂ ਦੇ ਟੈਕਸ ਦਾ ਪੈਸਾ ਹੀ ਪਰਾਈਵੇਟ ਕੰਪਨੀਆਂ ਨੂੰ ਦੇ ਦਿੱਤਾ ਗਿਆ ਜਿਸ ਨਾਲ ਸਫਾਈ ਕਰਮਚਾਰੀਆਂ ਦੀਆਂ ਤਨਖਾਹਾਂ ਕਿੳਂ ਨਹੀਂ ਦਿੱਤੀਆਂ ਗਈਆਂ। ਅੰਬਾਨੀਆਂ ਤੇ ਕੀਤੇ ਕੇਸ ਜੋ ਨਿਰਾ ਚੋਣ ਸਟੰਟ ਸਨ ਦੁਬਾਰਾ ਕਿਉਂ ਨਹੀਂ ਖੋਲੇ ਜਾ ਰਹੇ?
ਗੱਲ ਦਿੱਲੀ ਦੇ ਨੇਤਾ ਦੀ ਹੀ ਨਹੀ ਬਲਕਿ ਹਰ ਉਸ ਰਾਜਨੀਤਕ ਦੀ ਹੈ ਜਿਹੜੇ ਝੂਠ ਦੀ ਖੇਤੀ ਕਰਕੇ ਕੁਰਸੀ ਹਾਸਿਲ ਕਰਦੇ ਹਨ। ਦਿੱਲੀ ਦੀ ਸੈਂਟਰ ਸਰਕਾਰ ਦਾ ਵੀ ਇਹੋ ਹਾਲ ਹੈ। ਕਾਲਾ ਧਨ ਲਿਆਉਣ ਦੇ ਦਾਅਵੇ ਅਤੇ ਵਾਅਦੇ ਹਵਾ ਹੋ ਗਏ ਹਨ। ਹਰ ਭਾਰਤੀ ਨੂੰ ਪੰਦਰਾਂ ਲੱਖ ਦੇਣ ਦਾ ਵਾਅਦਾ ਇੱਕ ਜੁਮਲਾ ਸੀ ਕਹਿਕੇ ਸਾਰ ਦਿੱਤਾ ਗਿਆ ਹੈ। ਪੂਰਨ ਬਹੁਮੱਤ ਹੋਣ ਤੇ ਰਾਮ ਮੰਦਰ ਬਨਾਉਣ ਦੇ ਐਲਾਨ ਕਰਨ ਵਾਲੇ ਬੀਜੇਪੀ ਦੇ ਨੇਤਾ ਖੁਦ ਹੀ ਬਾਬਰੀ ਮਸਜਿਦ ਵਾਂਗ ਮੋਦੀ ਦੀ ਤਾਨਾਸ਼ਾਹੀ ਹਨੇਰੀ ਨਾਲ ਤਬਾਹ ਹੋ ਗਏ ਹਨ ਜੇ ਕੋਈ ਬਾਕੀ ਨੇਤਾ ਬਚੇ ਹਨ ਉਹ ਨੇਤਾ ਘੱਟ ਚਮਚੇ ਜਿਆਦਾ ਦਿਖਾਈ ਦਿੰਦੇ ਹਨ। ਪਾਕਿਸਤਾਨ ਨੂੰ ਝੁਕਾ ਦੇਣ ਦੀਆਂ ਹਵਾਈ ਗੱਲਾਂ ਕਿਧਰੇ ਉੱਡ ਗਈਆਂ ਹਨ ਸਗੋਂ ਇਸਦੇ ਉਲਟ ਨਿੱਤ ਦਿਨ ਮਹਿਮਾਨ ਬਣਨ ਜਾਂ ਬਨਾਉਣ ਦਾ ਸਿਲਸਿਲਾ ਜਾਰੀ ਰੱਖਣਾ ਪੈ ਰਿਹਾ ਹੈ। ਇਸ ਤਰਾਂ ਹੀ ਪੰਜਾਬ ਦੇ ਨੇਤਾਵਾਂ ਦਾ ਹਾਲ ਹੈ ਜਿਹੜੇ ਪੰਜਾਬੀਆਂ ਦੇ ਵਿਕਾਸ ਦੀਆਂ ਗੱਲਾਂ ਕਰਦੇ ਸਨ ਪਰ ਉਲਟਾ ਪੰਜਾਬ ਸਰਕਾਰ ਹੀ ਲੱਖਾਂ ਕਰੋੜਾਂ ਦੀ ਕਰਜਾਈ ਕਰ ਦਿੱਤੀ ਹੈ। ਕਰਜਾਈ ਸਰਕਾਰ ਲੋਕਾਂ ਦਾ ਵਿਕਾਸ ਤਾਂ ਕੀ ਕਰੇਗੀ ਅਸਲੀਅਤ ਵਿੱਚ ਟੈਕਸਾਂ ਦਾ ਬੋਝ ਹੀ ਵਧਾਉਣ ਲਈ ਮਜਬੂਰ ਹੋਈ ਪਈ ਹੈ। ਪਰਾਈਵੇਟ ਕਾਰਪੋਰੇਟ ਘਰਾਣਿਆਂ ਦੁਆਰਾ ਖੋਲੇ ਵੱਡੇ ਹਸਪਤਾਲਾਂ, ਥਰਮਲ ਪਲਾਟਾਂ , ਰਿਫਾਈਨਰੀਆਂ ਦੇ ਉਦਘਾਟਨ ਕਰਕੇ ਹੀ ਪੰਜਾਬ ਦੇ ਨੇਤਾ ਆਪਣੀ ਬੱਲੇ ਬੱਲੇ ਕਰਵਾਉਣ ਦਾ ਮਸ਼ਹੂਰੀ ਯੁੱਧ ਚਲਾਈ ਜਾ ਰਹੇ ਹਨ। ਅਸਲੀਅਤ ਇਹ ਹੈ ਕਿ ਪਰਾਈਵੇਟ ਅਦਾਰੇ ਆਪਣੇ ਨਿੱਜੀ ਮੁਨਾਫਿਆਂ ਲਈ ਕੰਮ ਕਰਦੇ ਹਨ ਨਾਂ ਕਿ ਲੋਕ ਭਲਾਈ ਲਈ ਪਰ ਝੂਠਾ ਪਰਚਾਰ ਯੁੱਧ ਤਾਂ ਜਾਰੀ ਰਹੇਗਾ ਹੀ ਕਿਉਂਕਿ ਨੇਤਾ ਲੋਕਾਂ ਦੀ ਪੁਸ਼ਤਪਨਾਹੀ ਜੋ ਹਾਸਿਲ ਹੈ।
ਉਪਰੋਕਤ ਵਰਤਾਰੇ ਜਾਰੀ ਹੀ ਰਹਿਣੇ ਹਨ ਪਰ ਲੇਖ ਦਾ ਮਕਸਦ ਤਾਂ ਆਮ ਲੋਕਾਂ ਦੀ ਕਰਾਮਾਤ ਹੈ ਜੋ ਵਰਤੀ ਜਾ ਰਹੀ ਹੈ। ਆਮ ਲੋਕਾਂ ਨੇ ਨੇਤਾ ਲੋਕਾਂ ਨੂੰ ਕੁਰਸੀਆਂ ਤੇ ਬਿਠਾਕੇ ਕਸਵੱਟੀ ਲਾਈ ਹੋਈ ਹੈ। ਲੋਕਾਂ ਦੀ ਇਨਸਾਫ ਦੀ ਤੱਕੜੀ ਵਿੱਚ ਇੱਕ ਪਾਸੇ ਨੇਤਾ ਲੋਕ ਬੈਠੇ ਦਿਖਾਈ ਦਿੰਦੇ ਹਨ ਦੂਸਰੇ ਪਾਸੇ ਉਹਨਾਂ ਦੇ ਕੀਤੇ ਹੋਏ ਝੂਠੇ ਵਾਅਦੇ ਦਿਖਾਈ ਦੇ ਰਹੇ ਹਨ। ਨੇਤਾ ਲੋਕਾਂ ਦਾ ਭਾਰ ਹੌਲਾ ਹੋਈ ਜਾਂਦਾ ਹੈ ਪਰ ਵਾਅਦਿਆਂ ਦੇ ਝੂਠ ਦੀ ਪੰਡ ਹੋਰ ਭਾਰੀ ਹੋਈ ਜਾ ਰਹੀ ਹੈ ਕਿਉਂਕਿ ਨੇਤਾ ਲੋਕ ਵਾਅਦਿਆਂ ਤੋਂ ਮੁਕਰਨ ਦੀ ਸਚਾਈ ਕਬੂਲਣ ਦੀ ਥਾਂ ਹੋਰ ਝੂਠ ਬੋਲੀ ਜਾ ਰਹੇ ਹਨ। ਆਮ ਲੋਕ ਨੇਤਾਵਾਂ ਦੀ ਹਾਸੋਹੀਣੀ ਹਾਲਤ ਤੇ ਮੁਸਕਰਾ ਰਹੇ ਹਨ ਅਤੇ ਉਹਨਾਂ ਦੇ ਵਾਅਦਿਆਂ ਦੀ ਮੌਤ ਤੇ ਰੋ ਵੀ ਰਹੇ ਹਨ ਕਿਉਂਕਿ ਆਮ ਲੋਕ ਬੇਰਹਿਮ ਨਹੀਂ ਹੁੰਦੇ। ਨੇਤਾ ਲੋਕ ਆਪਣੀ ਜਮੀਰ ਨੂੰ ਆਪਣੇ ਹੀ ਅੰਦਰ ਕਬਰ ਬਣਾਕਿ ਰੱਖਣ ਲਈ ਮਜਬੂਰ ਹਨ ਪਰ ਇਸ ਕਬਰ ਵਿੱਚ ਪੈਦਾ ਹੋਣ ਵਾਲੀ ਸੜੇਹਾਂਦ ਨੇਤਾ ਲੋਕਾਂ ਨੂੰ ਬਹੁਤ ਹੀ ਕਸ਼ਟਾਂ ਨਾਲ ਸਹਿਣੀ ਪੈ ਰਹੀ ਹੈ। ਆਮ ਲੋਕ ਸਦੀਆਂ ਤੋਂ ਕੁਦਰਤ ਸਹਾਰੇ ਜਿਉਂਦੇ ਆਏ ਹਨ। ਕੁਦਰਤ ਨੇ ਆਮ ਲੋਕਾਂ ਨੂੰ ਕਿਰਤ ਅਤੇ ਸਬਰ ਦਿੱਤਾ ਹੋਇਆਂ ਹੈ। ਗੁਰੂ ਨਾਨਕ ਦੇ ਧੌਲ ਰੂਪੀ ਆਮ ਲੋਕ ਦਇਆ ਅਤੇ ਗਿਆਨ ਰੂਪੀ ਧਰਮ ਵਿੱਚੋਂ ਪੈਦਾ ਹੋਣ ਵਾਲੇ ਧੌ਼ਲ ਹਨ ਜਿੰਹਨਾਂ ਦੇ ਸਬਰ ਕਾਰਨ ਹੀ ਭਾਰਤ ਦੇਸ਼ ਸ਼ਾਂਤੀ ਨਾਲ ਵਸਦਾ ਹੈ ਪਰ ਜਿਸ ਦਿਨ ਧੌਲ ਰੂਪੀ ਆਮ ਲੋਕ ਆਪਣਾ ਸਿੰਗ ਹਿਲਾ ਦੇਣਗੇ ਉਸ ਦਿਨ ਨੇਤਾਵਾਂ ਦੇ ਪੈਰਾਂ ਥੱਲੇ ਭੂਚਾਲ ਆ ਜਾਵੇਗਾ ਜੋ ਉਹਨਾਂ ਦੀ ਪੈਰਾਂ ਹੇਠਲੀ ਜਮੀਨ ਖਿਸਕਾ ਦੇਵੇਗਾ। ਆਮ ਲੋਕਾਂ ਦੀ ਮਰਜੀ ਅਨੁਸਾਰ ਹੀ ਕੁਰਸੀ ਦੀ ਸੂਲੀ ਅਤੇ ਕਸਵੱਟੀ ਤੇ ਉਸ ਵਕਤ ਕੋਈ ਹੋਰ ਨਵਾਂ ਨੇਤਾ ਟੰਗ ਦਿੱਤਾ ਜਾਵੇਗਾ ਕਿਉਂਕਿ ਕੁਰਸੀ ਕਿਸੇ ਵਿਅਕਤੀ ਨੂੰ ਝੂਠੀ ਸ਼ਾਨੋ ਸ਼ੌਕਤ ਤਾਂ ਦੇ ਸਕਦੀ ਹੈ ਪਰ ਇੱਜਤ ਜਾਂ ਜਿੰਦਗੀ ਦਾ ਇੱਕ ਦਿਨ ਵੀ ਨਹੀਂ ਦੇ ਸਕਦੀ। ਇੱਜਤ ਅਤੇ ਜਿੰਦਗੀ ਤਾਂ ਚੰਗੇ ਕਰਮ ਕਰਨ ਨਾਲ ਹੀ ਮਿਲਦੀ ਹੈ ਝੂਠ ਦੇ ਦਾਅਵਿਆਂ ਜਾਂ ਵਾਅਦਿਆਂ ਨਾਲ ਨਹੀਂ।