ਜਰਨਲਿਸਟ, ਬਿਜਲਈ ਮੀਡੀਆ, ਸਿੱਖ ਕੌਮ ਪ੍ਰਤੀ ਵਰਤੀ ਜਾਣ ਵਾਲੀ ਨਫ਼ਰਤ ਭਰੀ ਸ਼ਬਦਾਵਲੀ ਤੋਂ ਤੋਬਾ ਕਰਕੇ ਨਿਰਪੱਖਤਾ ਤੇ ਇਮਾਨਦਾਰੀ ਨਾਲ ਕੰਮ ਕਰੇ : ਮਾਨ

ਫ਼ਤਹਿਗੜ੍ਹ ਸਾਹਿਬ – “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪ੍ਰੈਸ ਦੀ ਆਜ਼ਾਦੀ ਦਾ ਹਰ ਪੱਖੋਂ ਕਾਇਲ ਹੈ । ਜੋ ਕਿ ਨਿਰੰਤਰ ਹੋਣੀ ਚਾਹੀਦੀ ਹੈ । ਪਰ ਇਸ ਆਜ਼ਾਦੀ ਵਾਲੇ ਸ਼ਬਦ ਦੀ ਆੜ ਦੀ ਲੰਮੇਂ ਸਮੇਂ ਤੋਂ ਹੁੰਦੀ ਆ ਰਹੀ ਦੁਰਵਰਤੋਂ, ਵਿਸ਼ੇਸ਼ ਤੌਰ ਤੇ ਅਖ਼ਬਾਰਾਂ ਨਾਲ ਸੰਬੰਧਤ ਜਰਨਲਿਸਟਾਂ, ਬਿਜਲਈ ਮੀਡੀਏ ਵੱਲੋਂ ਸਿੱਖਾਂ ਨੂੰ ਅੱਤਵਾਦੀ, ਗਰਮਦਲੀਏ, ਕੱਟੜਵਾਦੀ, ਵੱਖਵਾਦੀ ਗਰਦਾਨਕੇ ਕੌਮਾਂਤਰੀ ਪੱਧਰ ਤੇ ਸਿੱਖ ਕੌਮ ਦੇ ਉੱਚੇ-ਸੁੱਚੇ ‘ਸਰਬੱਤ ਦਾ ਭਲਾ’ ਲੋੜਨ ਵਾਲੀ ਕੌਮ ਦੇ ਅਕਸ ਨੂੰ ਮੰਦਭਾਵਨਾ ਅਧੀਨ ਬਦਨਾਮ ਕਰਨ ਉਤੇ ਅਮਲ ਹੁੰਦਾ ਆ ਰਿਹਾ ਹੈ । ਅਜਿਹਾ ਵਿਸ਼ੇਸ਼ ਤੌਰ ਤੇ ਕੁਝ ਅੰਗਰੇਜ਼ੀ ਅਖ਼ਬਾਰਾਂ  ਵੱਲੋਂ ਇਕ ਗਿਣੀ-ਮਿੱਥੀ ਸੋਚ ਅਧੀਨ ਹੋ ਰਿਹਾ ਹੈ। ਜਿਸ ਨਾਲ ਕਿਸੇ ਵੀ ਸਮਾਜ, ਮਾਹੌਲ ਅਤੇ ਵਾਤਾਵਰਨ ਨੂੰ ਮਨੁੱਖਤਾ ਪੱਖੀ ਅਤੇ ਅਮਨ ਚੈਨ ਵਾਲਾ ਨਹੀਂ ਰੱਖਿਆ ਜਾ ਸਕਦਾ। ਜਦੋਂ ਹੁਣ ਪੰਜਾਬ ਸੂਬੇ ਦੀਆਂ ਚੋਣਾਂ ਦੇ ਨਤੀਜਿਆ ਉਪਰੰਤ ਨਵੀਂ ਸਰਕਾਰ ਹੋਂਦ ਵਿਚ ਆ ਚੁੱਕੀ ਹੈ ਤਾਂ ਹੁਣ ਸਮੁੱਚੇ ਅੰਗਰੇਜ਼ੀ, ਪੰਜਾਬੀ, ਹਿੰਦੀ ਅਖ਼ਬਾਰਾਂ ਨਾਲ ਸੰਬੰਧਤ ਹਿੰਦੂਤਵ ਸੋਚ ਵਾਲੇ ਜਰਨਲਿਸਟਾਂ ਅਤੇ ਬਿਜਲਈ ਮੀਡੀਏ ਉਤੇ ਸਿੱਖ ਕੌਮ ਵਿਰੁੱਧ ਗੈਰ-ਦਲੀਲ ਅਤੇ ਗੈਰ-ਇਖ਼ਲਾਕੀ ਢੰਗ ਨਾਲ ਉਪਰੋਕਤ ਨਫ਼ਰਤ ਭਰੇ ਸ਼ਬਦਾਂ ਦੀ ਵਰਤੋਂ ਕਰਨੀ ਤੁਰੰਤ ਬੰਦ ਹੋਵੇ। ਤਾਂ ਕਿ ਕੋਈ ਵੀ ਹੁਕਮਰਾਨ, ਜਰਨਲਿਸਟ ਜਾਂ ਬਿਜਲਈ ਮੀਡੀਏ ਵਿਚ ਬੈਠੇ ਮੁਤੱਸਵੀ ਸੋਚ ਵਾਲੇ ਲੋਕ ਸਿੱਖ ਕੌਮ ਦੇ ਅਕਸ ਨੂੰ ਕੌਮਾਂਤਰੀ ਪੱਧਰ ‘ਤੇ ਠੇਸ ਨਾ ਪਹੁੰਚਾ ਸਕਣ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਜਿਹੇ ਹੋਣ ਵਾਲੇ ਵਰਤਾਰੇ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੇਗਾ। ਇਸ ਲਈ ਅਜਿਹੀ ਮੁਤੱਸਵੀ ਸੋਚ ਵਾਲੇ ਲੋਕ ਖੁਦ ਹੀ ਸਿੱਖ ਕੌਮ ਪ੍ਰਤੀ ਵਰਤੇ ਜਾਣ ਵਾਲੇ ਫਿਰਕੂ ਸ਼ਬਦਾਂ ਤੋਂ ਤੋਬਾ ਕਰ ਲੈਣ ਤਾਂ ਬਿਹਤਰ ਹੋਵੇਗਾ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੀਆਂ ਹੋਈਆ ਚੋਣਾਂ ਦੇ ਸੰਪੂਰਨ ਹੋਣ ਉਪਰੰਤ ਅਤੇ ਨਵੀਂ ਸਰਕਾਰ ਦੇ ਹੋਦ ਵਿਚ ਆ ਜਾਣ ਉਪਰੰਤ, ਹੁਕਮਰਾਨਾਂ, ਮੁਤੱਸਵੀ ਜਨਰਲਿਸਟਾਂ, ਬਿਜਲਈ ਮੀਡੀਏ ਆਦਿ ਨਾਲ ਸੰਬੰਧਤ ਸਿੱਖ ਕੌਮ ਵਿਰੋਧੀ ਸੋਚ ਰੱਖਣ ਵਾਲਿਆਂ ਨੂੰ ‘ਪ੍ਰੈਸ ਦੀ ਆਜ਼ਾਦੀ’ ਅਤੇ ਨਿਰਪੱਖਤਾ ਨੂੰ ਸਹੀ ਢੰਗ ਨਾਲ ਸਮਝਣ, ਭਾਰਤ, ਪੰਜਾਬ ਅਤੇ ਬਾਹਰਲੇ ਮੁਲਕਾਂ ਵਿਚ ਸਿੱਖ ਕੌਮ ਦੀ ਸਤਿਕਾਰਿਤ ਛਵੀ ਨੂੰ ਮੰਦਭਾਵਨਾ ਅਧੀਨ ਠੇਸ ਪਹੁੰਚਾਉਣ ਦੇ ਅਮਲਾਂ ਸੰਬੰਧੀ ਆਪਣੀਆਂ ਗਲਤੀਆਂ ਸੁਧਾਰਨ ਅਤੇ ਅਜਿਹੇ ਅਮਲਾਂ ਦੀ ਬਦੌਲਤ ਨਿਕਲਣ ਵਾਲੇ ਖ਼ਤਰਨਾਕ ਨਤੀਜਿਆਂ ਤੋਂ ਖ਼ਬਰਦਾਰ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸਿੱਖ ਕੌਮ ਅਤੇ ਸਿੱਖ ਧਰਮ ਵਿਚ, ਊਚ-ਨੀਚ, ਅਮੀਰ-ਗਰੀਬ, ਜਾਤ-ਪਾਤ ਆਦਿ ਸਮਾਜਿਕ ਵਖਰੇਵਿਆ ਅਤੇ ਮਨੁੱਖਤਾ ਲਈ ਹੀਣ ਭਾਵਨਾ ਲਈ ਕੋਈ ਥਾਂ ਨਹੀਂ ਅਤੇ ਸਿੱਖ ਕੌਮ ਦੀ ਕਿਸੇ ਵੀ ਧਰਮ, ਕੌਮ, ਫਿਰਕੇ ਜਾਂ ਕਿਸੇ ਮੁਲਕ ਨਾਲ ਕੋਈ ਰਤੀਭਰ ਵੀ ਦੁਸ਼ਮਣੀ ਜਾਂ ਵੈਰ-ਵਿਰੋਧ ਨਹੀਂ ਹੈ । ਬਲਕਿ ਸਿੱਖ ਕੌਮ ਇਨਸਾਨੀਅਤ ਅਤੇ ਮਨੁੱਖੀ ਕਦਰਾਂ-ਕੀਮਤਾਂ ਦੀ ਕਾਇਲ ਹੈ ਅਤੇ ਸਾਡਾ ਧਰਮ ਵੀ ਸਾਨੂੰ ਇਸ ਉਤੇ ਪਹਿਰਾ ਦੇਣ ਦੀ ਸਖ਼ਤ ਹਦਾਇਤ ਕਰਦਾ ਹੈ। ਇਸ ਦੇ ਨਾਲ ਹੀ ਲੋੜਵੰਦਾਂ, ਸਮਾਜ ਦੇ ਲਤਾੜੇ ਵਰਗਾਂ, ਮਜ਼ਲੂਮਾਂ ਨੂੰ ਹਰ ਤਰ੍ਹਾਂ ਸਹਿਯੋਗ ਕਰਨ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਬਿਨ੍ਹਾਂ ਕਿਸੇ ਸਵਾਰਥ ਦੇ ਹੱਲ ਕਰਨ ਦੇ ਮਨੁੱਖਤਾ ਪੱਖੀ ਸੰਦੇਸ਼ ਵੀ ਦਿੰਦਾ ਹੈ। ਅਜਿਹੀ ਕੌਮ ਨੂੰ ਸਾਜ਼ਸੀ ਢੰਗਾਂ ਰਾਹੀ ਜੇਕਰ ਮੁਤੱਸਵੀ ਸੋਚ ਵਾਲੇ ਜਰਨਲਿਸਟਾਂ, ਬਿਜਲਈ ਮੀਡੀਏ ਵੱਲੋਂ ਮੰਦਭਾਵਨਾ ਅਧੀਨ ਅੱਤਵਾਦੀ, ਗਰਮਦਲੀਏ, ਕੱਟੜਵਾਦੀ, ਵੱਖਵਾਦੀ ਸ਼ਬਦਾਂ ਦੀ ਵਰਤੋਂ ਕਰਨ ਤੋਬਾ ਨਾ ਕੀਤੀ ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਿੱਖ ਕੌਮ ਨੂੰ ਮਜ਼ਬੂਰਨ ਅਜਿਹੇ ਸਾਜਸੀਆ ਵਿਰੁੱਧ ਵੱਖਰੇ ਤੌਰ ਤੇ ਕੋਈ ਪ੍ਰੋਗਰਾਮ ਉਲੀਕਣ ਲਈ ਮਜ਼ਬੂਰ ਹੋਣਾ ਪਵੇਗਾ। ਜਦੋਂਕਿ ਇਥੋਂ ਦਾ ਵਿਧਾਨ ਅਤੇ ਕਾਨੂੰਨ ਵੀ ਅਜਿਹੀਆਂ ਤਾਕਤਾਂ ਨੂੰ ਅਜਿਹੇ ਸਮਾਜ ਵਿਰੋਧੀ ਅਮਲ ਕਰਨ ਦੀ ਬਿਲਕੁਲ ਇਜ਼ਾਜਤ ਨਹੀਂ ਦਿੰਦਾ। ਇਸ ਲਈ ਸਿੱਖ ਕੌਮ ਵਿਰੁੱਧ ਅਜਿਹੇ ਨਫ਼ਰਤ ਭਰੇ ਪ੍ਰਚਾਰ ਨੂੰ ਬੰਦ ਕਰਨ ਲਈ ਕੇਵਲ ਸਿੱਖ ਕੌਮ ਦੀ ਹੀ ਨਹੀਂ, ਬਲਕਿ ਨਵੀਂ ਬਣਨ ਵਾਲੀ ਕੈਪਟਨ ਸਰਕਾਰ, ਭਾਰਤ ਦੀ ਮੋਦੀ ਸਰਕਾਰ ਦੀ ਵੀ, ਵੱਖ-ਵੱਖ ਵਰਗਾਂ ਨਾਲ ਸੰਬੰਧਤ ਸਮਾਜਿਕ, ਧਾਰਮਿਕ ਸੰਗਠਨਾਂ ਅਤੇ ਸ਼ਖਸੀਅਤਾਂ ਦੀ ਵੀ ਜਿੰਮੇਵਾਰੀ ਬਣ ਜਾਂਦੀ ਹੈ। ਤਾਂ ਕਿ ਕੋਈ ਵੀ ਤਾਕਤ ਸਿੱਖ ਕੌਮ ਨੂੰ ਬਦਨਾਮ ਨਾ ਕਰ ਸਕੇ ਅਤੇ ਉਸ ਵਿਰੁੱਧ ਦੂਸਰੀਆਂ ਕੌਮਾਂ ਤੇ ਧਰਮਾਂ ਵਿਚ ਨਫ਼ਰਤ ਪੈਦਾ ਕਰਨ ਦੀ ਗੁਸਤਾਖੀ ਨਾ ਹੋ ਸਕੇ। ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਸਿੱਖ ਕੌਮ ਵਿਚ ਅਜਿਹੀਆਂ ਕਾਰਵਾਈਆਂ ਵਿਰੁੱਧ ਉੱਠ ਰਹੇ ਰੋਹ ਨੂੰ ਭਾਪਦੇ ਹੋਏ ਅਜਿਹੀ ਮੁਤੱਸਵੀ ਸੋਚ ਵਾਲੇ ਜਰਨਲਿਸਟ, ਬਿਜਲਈ ਮੀਡੀਏ ਦੇ ਪ੍ਰਬੰਧਕ, ਹੁਕਮਰਾਨ ਅਤੇ ਹਿੰਦੂਤਵ ਸੋਚ ਵਾਲੇ ਇਸ ਬਜਰ ਗੁਸਤਾਖੀ ਤੋਂ ਸਦਾ ਲਈ ਤੋਬਾ ਕਰ ਲੈਣਗੇ ਅਤੇ ਇਥੋਂ ਦੇ ਮਾਹੌਲ ਨੂੰ ਅਮਨਮਈ ਤੇ ਜਮਹੂਰੀਅਤ ਵਾਲਾ ਰੱਖਣ ਲਈ ਯੋਗਦਾਨ ਪਾਉਣਗੇ ।

 

 

 

 

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>