ਵਾਸ਼ਿੰਗਟਨ – ਐਫਬੀਆਈ ਦੇ ਡਾਇਰੈਕਟਰ ਜੇਮਸ ਕੋਮੀ ਨੇ ਪਹਿਲੀ ਵਾਰ ਕਿਹਾ ਹੈ ਕਿ ਨਵੰਬਰ 2016 ਵਿੱਚ ਹੋਈ ਰਾਸ਼ਟਰਪਤੀ ਚੋਣ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਸ਼ੱਕ ਹੈ ਕਿ ਇਸ ਚੋਣ ਵਿੱਚ ਪੂਤਿਨ ਨੇ ਡੋਨਲਡ ਟਰੰਪ ਦੀ ਮੱਦਦ ਕੀਤੀ ਸੀ। ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਜੇਮਸ ਕੋਮੀ ਅਤੇ ਯੂਐਸ ਐਨਐਸਏ ਡਾਇਰੈਕਟਰ ਮਾਈਕ ਰੋਜਰਸ ਨੇ ਕਾਂਗਰਸ ਦੇ ਪੈਨਲ ਨਾਲ ਹੋਈ ਸਾਢੇ ਪੰਜ ਘੰਟੇ ਦੀ ਗੱਲਬਾਤ ਦੌਰਾਨ ਇਹ ਸ਼ਬਦ ਕਹੇ।
ਕੋਮੀ ਨੇ ਸਪੱਸ਼ਟ ਸ਼ਬਦਾਂ ਵਿੱਚ ਇਹ ਕਿਹਾ ਕਿ ਪੂਤਿਨ ਚਾਹੁੰਦੇ ਸਨ ਕਿ ਰਾਸ਼ਟਰਪਤੀ ਚੋਣਾਂ ਵਿੱਚ ਹਿਲਰੀ ਕਲਿੰਟਨ ਦੀ ਹਾਰ ਹੋ ਜਾਵੇ ਅਤੇ ਡੋਨਲਡ ਟਰੰਪ ਦੀ ਜਿੱਤ ਹੋਵੇ। ਅਮਰੀਕੀ ਸੰਸਦ ਦੀਆਂ ਕਈ ਕਮੇਟੀਆਂ ਇਸ ਗੱਲ ਦੀ ਜਾਂਚ ਕਰ ਰਹੀਆਂ ਹਨ ਕਿ ਰੂਸ ਨੇ ਅਮਰੀਕੀ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਦਾ ਮੰਨਣਾ ਹੈ ਕਿ ਰੂਸ ਨੇ ਡੈਮੋਕ੍ਰੇਟਸ ਦੇ ਈਮੇਲ ਹੈਕ ਕੀਤੇ ਅਤੇ ਉਨ੍ਹਾਂ ਨੂੰ ਪਰੇਸ਼ਾਨ ਕਰਨ ਵਾਲੀ ਜਾਣਕਾਰੀ ਲੀਕ ਕੀਤੀ। ਜਦੋਂ ਕਿ ਰੂਸ ਇਨ੍ਹਾਂ ਆਰੋਪਾਂ ਤੋਂ ਇਨਕਾਰ ਕਰਦਾ ਆ ਰਿਹਾ ਹੈ।
ਡਾਇਰੈਕਟਰ ਅਨੁਸਾਰ ਪਿੱਛਲੇ ਸਾਲ ਜੁਲਾਈ ਤੋਂ ਚੋਣਾਂ ਵਿੱਚ ਰੂਸ ਦੀ ਦਖਲਅੰਦਾਜੀ ਸਬੰਧੀ ਜਾਂਚ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਤਦ ਤੱਕ ਕਿਸੇ ਨਤੀਜੇ ਤੇ ਨਹੀਂ ਪਹੁੰਚ ਸਕਦੇ, ਜਦੋਂ ਤੱਕ ਕੋਈ ਠੋਸ ਸਬੂਤ ਨਹੀਂ ਮਿਲ ਜਾਂਦੇ।