ਜਨਵਰੀ ਦਾ ਮਹੀਨਾ ਚੜ੍ਹ ਪਿਆ ਸੀ। ਕਈ ਵਾਰੀ ਧੁੰਦ ਦੇ ਕਾਰਣ ਸੂਰਜ ਵੀ ਘੱਟ ਹੀ ਦਿਖਈ ਦੇਂਦਾ। ਠੰਡ ਆਪਣੇ ਸਿਖਰਾਂ ਤੇ ਸੀ, ਕੋਟੀਆਂ ਪਾਈ ਅਤੇ ਸ਼ਾਲਾਂ ਦੀਆਂ ਬੁਕਲਾਂ ਮਾਰੀ ਦੀਪੀ ਅਤੇ ਸਿਮਰੀ ਕਾਲਜ ਪਹੁੰਚੀਆਂ ਤਾਂ ਸਹੇਲੀਆਂ ਨੇ ਦੱਸਿਆ ਕਿ ਨਾਲਦੇ ਕਸਬੇ ਵਾਲੇ ਕਾਲਜ ਵਿਚ ਲੋਹੜੀ ਮਨਾਈ ਜਾ ਰਹੀ ਹੈ ਅਤੇ ਆਪਣੇ ਕਾਲਜ ਵਾਲੇ ਉਹਨਾਂ ਨਾਲ ਰਲ ਕੇ ਲੋਹੜੀ ਦੇ ਤਿਉਹਾਰ ਲਈ ਫੰਕਸ਼ਨ ਕਰ ਰਹੇ ਨੇ।
“ਅੱਛਾ, ਪਰ ਤੁਸੀਂ ਕਿਉਂ ਏਨੀਆਂ ਉਤਾਵਲੀਆਂ ਹੋ, ” ਦੀਪੀ ਨੇ ਪੁੱਛਿਆ, “ਤੁਸੀਂ ਢੋਲ ਵਜਾਉਣਾ ਹੈ।”
“ਢੋਲ ਨਹੀਂ ਵਜਾਉਣਾ ਗਿੱਧਾ ਪਾਉਣਾ ਹੈ।” ਤੱਖੜਾਂ ਵਾਲੀ ਲਾਡੀ ਕਹਿਣ ਲੱਗੀ, “ਮੈਡਮ ਨੇ ਸਾਨੂੰ ਹੁਣੇ ਹੀ ਦੱਸਿਆ ਹੈ ਤੇ ਦੀਪੀ ਤੂੰ ਬਣੇਗੀ ਗਿੱਧੇ ਦੀ ਕੈਪਟਨ।”
“ਕੋਠੇ ਬਣੇ ਨਹੀਂ ਤਾਂ ਪਰਨਾਲੇ ਪਹਿਲਾ ਹੀ ਰੱਖ ਲਏ।” ਦੀਪੀ ਹੱਸਦੀ ਹੋਈ ਕਹਿਣ ਲੱਗੀ, “ਕੋਈ ਟੀਮ ਨਹੀਂ ਬਣੀ, ਨਾ ਕੋਈ ਪ੍ਰੈਕਟਿਸ ਤੇ ਮੈਨੂੰ ਕੈਪਟਨ ਵੀ ਬਣਾ ਦਿੱਤਾ।”
“ਪਹਿਲੀ ਕਲਾਸ ਤੋਂ ਬਾਅਦ ਅੱਜ ਇਹ ਹੀ ਕੰਮ ਹੋਣਾ ਆ।” ਫਰਾਲੇ ਵਾਲੀ ਰਾਣੀ ਬੋਲੀ, “ਦੀਪੀ, ਤੁੰ ਉਸ ਦਿਨ ਕਲਾਸ ਵਿਚ ਬੋਲੀ ਪਾ ਕੇ ਇਕ ਗੇੜੀ ਤਾਂ ਕੀ ਲਾਈ, ਨਿਸ਼ੀ ਮੈਡਮ ਤਾਂ ਤੇਰੇ ਗਿੱਧੇ ਦੀ ਦੀਵਾਨੀ ਹੋ ਗਈ।”
“ਮੈਡਮ ਦੀਵਾਨੀ ਹੋਣ ਦੀ ਗੱਲ ਤਾਂ ਛੱਡ।” ਲਾਡੀ ਫਿਰ ਬੋਲੀ, “ਇੱਥੇ ਹੁਣ ਇਹਦੇ ਗਿੱਧੇ ਦੇ ਕਈ ਦੀਵਾਨੇ ਇਹਦੇ ਮਗਰ ਫਿਰਨਗੇ।”
“ਸਾਨੂੰ ਬਹੁਤੇ ਨਹੀ ਚਾਹੀਦੇ।” ਸਿਮਰੀ ਨੇ ਵੀ ਦੀਪੀ ਵੱਲ ਦੇਖ ਕੇ ਟੋਣਾ ਲਾਇਆ, “ਸਾਨੂੰ ਇਕ ਹੀ ਚਾਹੀਦਾ ਆ।”
ਕੁੜੀਆਂ ਦਾ ਟੋਲਾ ਇਸ ਤਰ੍ਹਾਂ ਹੱਸਦਾ-ਹਸਾਉਂਦਾ ਕਲਾਸ ਲਗਾਉਣ ਲਈ ਕਮਰੇ ਵੱਲ ਨੂੰ ਤੁਰ ਪਿਆ।
ਮੈਡਮ ਨੇ ਸੱਚ-ਮੁੱਚ ਹੀ ਉਸ ਦਿਨ ਹੀ ਗਿੱਧੇ ਦੀ ਟੀਮ ਬਣਾ ਕੇ ਦੀਪੀ ਨੂੰ ਕੈਪਟਨ ਬਣਾ ਦਿੱਤਾ ਅਤੇ ਪ੍ਰੈਕਟਿਸ ਸ਼ੁਰੂ ਕਰ ਦਿੱਤੀ। ਜਿੰਨੀਆਂ ਬੋਲੀਆਂ ਕੁੜੀਆਂ ਨੂੰ ਆਉਂਦੀਆਂ ਸਨ ਸਾਰੀਆਂ ਨੇ ਇਕ ਕਾਪੀ ਤੇ ਲਿਖ ਲਈਆਂ ਫਿਰ ਮੈਡਮ ਦੀ ਸਲਾਹ ਨਾਲ ਉਹਨਾਂ ਵਿਚੋਂ ਵਧੀਆਂ ਬੋਲੀਆਂ ਚੁਣ ਕੇ ਕੱਢ ਲਈਆਂ।
“ਛੁੱਟੀ ਹੋਣ ਤੋਂ ਬਾਅਦ ਤੁਸੀਂ ਸਾਰੀਆਂ ਨੇ ਇਕ ਘੰਟੇ ਲਈ ਰੁੱਕ ਜਾਣਾ।” ਨਿਸ਼ੀ ਮੈਡਮ ਨੇ ਉਹਨਾਂ ਨੂੰ ਕਿਹਾ, “ਲੋਹੜੀ ਵਿਚ ਦਿਨ ਤਾਂ ਥੋੜੇ ਰਹਿ ਗਏ, ਤਹਾਨੂੰ ਪ੍ਰੈਕਟਿਸ ਦੀ ਜ਼ਿਆਦਾ ਲੋੜ ਹੈ।”
“ਮੈਡਮ, ਅਸੀਂ ਅੱਜ ਨਹੀ ਰੁੱਕ ਸਕਦੀਆਂ।” ਦੀਪੀ ਨੇ ਕਿਹਾ, “ਜੇ ਅਸੀਂ ਲੇਟ ਗਈਆਂ ਤਾਂ ਸਾਡੇ ਘਰ ਦਿਆਂ ਨੂੰ ਤਾਂ ਫਿਕਰ ਹੋ ਜਾਣਾ ਆ।”
“ਮੈਡਮ ਕੱਲ ਤੋਂ ਰੁੱਕ ਜਾਇਆ ਕਰਾਂਗੇ।” ਲਾਡੀ ਨੇ ਕਿਹਾ, “ਕੱਲ ਨੂੰ ਸਾਰੀਆਂ ਆਪਣੇ ਘਰ ਦੱਸ ਕੇ ਆਇਉ।”
“ਚਲੋ, ਕੱਲ ਨੂੰ ਹੀ ਰੁਕ ਜਾਣਾ।” ਮੈਡਮ ਨੇ ਉਹਨਾਂ ਨਾਲ ਸਹਿਮਤ ਹੁੰਦੇ ਕਿਹਾ, “ਘਰ ਜਾ ਕੇ ਆਪਣੇ ਆਪਣੇ ਹਿੱਸੇ ਦੀਆਂ ਬੋਲੀਆਂ ਚੰਗੀ ਤਰ੍ਹਾਂ ਯਾਦ ਕਰ ਲੈਣੀਆਂ।”
ਸਿਮਰੀ ਤੇ ਦੀਪੀ ਨੇ ਵੀ ਆਪਣੀਆਂ ਬੋਲੀਆਂ ਵਾਲੀਆਂ ਕਾਪੀਆਂ ਸੰਭਾਲੀਆਂ ਅਤੇ ਸਾਈਕਲਾਂ ਤੇ ਚੜ੍ਹ ਪਿੰਡ ਵੱਲ ਨੂੰ ਮੁੜ ਪਈਆਂ। ਦੀਪੀ ਅਜੇ ਘਰ ਦੇ ਬਾਹਰਲੇ ਗੇਟ ਕੋਲ ਹੀ ਸੀ ਕਿ ਉਸ ਨੂੰ ਸਰੋਂ ਦੇ ਸਾਗ ਦੀ ਸੁਆਦਲੀ ਜਿਹੀ ਖੁਸ਼ਬੂ ਆਈ। ਉਸ ਦੀ ਭੁੱਖ ਹੋਰ ਵੀ ਚਮਕ ਉੱਠੀ।
“ਮੰਮੀ, ਅੱਜ ਸਾਗ ਬਣਾਇਆ।” ਦੀਪੀ ਨੇ ਸੁਰਜੀਤ ਤੋਂ ਪੁੱਛਿਆ ਜੋ ਬਾਹਰ ਵਿਹੜੇ ਵਿਚਲੇ ਨਲਕੇ ਤੋਂ ਪਾਣੀ ਦੀ ਬਾਲਟੀ ਭਰ ਰਹੀ ਸੀ, “ਜੇ ਬਣ ਗਿਆ ਤਾਂ ਮੈਨੂੰ ਛੇਤੀ ਖਾਣ ਲਈ ਦੇ ਦਿਉ।”
“ਸਾਗ ਤਾਂ ਅਜੇ ਰਿੱਝਿਆ ਵੀ ਨਹੀ।” ਸੁਰਜੀਤ ਨੇ ਦੱਸਿਆ, “ਰੱਜਵੀਰ ਰਸੋਈ ਵਿਚ ਬੈਠੀ ਛੱਲੀਆਂ ਭੁੰਨਦੀ ਆ, ਤੂੰ ਵੀ ਛੱਲੀ ਖਾ ਲੈ।”
“ਅੱਛਾ ਛੱਲੀ ਖਾ ਲੈਂਦੀ ਆਂ।” ਇਹ ਕਹਿੰਦੀ ਹੋਈ ਦੀਪੀ ਸਾਹਮਣੇ ਵਾਲੇ ਕਮਰੇ ਵਿਚ ਕਿਤਾਬਾਂ ਰੱਖਣ ਅਤੇ ਕੱਪੜੇ ਬਦਲਨ ਲਈ ਚਲੀ ਗਈ।”
“ਸੁਰਜੀਤ, ਸਾਗ ਬਣ ਗਿਆ।” ਗਿਆਨ ਕੌਰ ਨੇ ਕੰਧ ਉੱਪਰ ਦੀ ਅਵਾਜ਼ ਮਾਰ ਕੇ ਪੁੱਛਿਆ, “ਤਾਏ, ਤੁਹਾਡੇ ਨੂੰ ਭੱਖ ਲੱਗੀ ਆ।”
“ਤਾਈ ਜੀ, ਬਸ ਬਨਣ ਵਾਲਾ ਹੀ ਹੈ।” ਸੁਰਜੀਤ ਨੇ ਜ਼ਵਾਬ ਦਿੱਤਾ
ਸੁਰਜੀਤ ਨੇ ਸਾਗ ਵਾਲੇ ਭਾਂਤ ਦੇ ਪਤੀਲੇ ਥੱਲੇ ਅੱਗ ਹੋਰ ਵੀ ਤੇਜ਼ ਕਰ ਦਿੱਤੀ। ਕੜਛੀ ਤੇ ਥੋੜਾ ਜਿਹਾ ਸਾਗ ਪਾ ਕੇ ਦੇਖਿਆ ਤਾਂ ਫਿਰ ਛੇਤੀ ਹੀ ਉਸ ਵਿਚ ਅੱਲਣ ਪਾ ਦਿੱਤਾ। ਸਭ ਤੋਂ ਪਹਿਲਾਂ ਪਿੱਤਲ ਦੀ ਵੱਡੀ ਬਾਟੀ ਭਰ ਕੇ ਗਿਆਨ ਕੌਰ ਹੁਰਾਂ ਨੂੰ ਦੀਪੀ ਦੀ ਛੋਟੀ ਭੈਣ ਰੱਜਵੀਰ ਦੇ ਹੱਥ ਘੱਲ ਦਿੱਤਾ।
ੳਦੋਂ ਹੀ ਗਲੀ ਵਿਚੋਂ ਮੋਟਰਸਾਈਕਲ ਦੀ ਅਵਾਜ਼ ਆਈ। “ਕਿਸੇ ਦੇ ਪ੍ਰਹਾਣੇ ਆਏ ਲੱਗਦੇ ਆ।” ਇੰਦਰ ਸਿੰਘ ਨੇ ਆਖਿਆ ਜੋ ਬੈਠਕ ਵਿਚ ਬੈਠਾ ਰੇਡਿਉਂ ਤੋਂ ਠੰਡੂ ਰਾਮ ਹੋਰਾਂ ਦਾ ਦਿਹਾਤੀ ਪ੍ਰੋਗਰਾਮ ਸੁਣ ਰਿਹਾ ਸੀ। ਦੀਪੀ ਨੇ ਪੌੜ੍ਹੀਆਂ ਤੇ ਚੜ੍ਹ ਕੇ ਦੇਖਿਆ।
“ਭਾਪਾ ਜੀ।” ਦੀਪੀ ਨੇ ਦੱਸਿਆ, “ਪ੍ਰਾਹਣੇ ਤਾਂ ਆਪਣੀ ਤਾਈ ਦੇ ਘਰ ਹੀ ਆਏ ਆ।”
“ਕੌਣ ਆ?” ਸੁਰਜੀਤ ਨੇ ਮੱਕੀ ਦਾ ਆਟਾ ਮੱਲ੍ਹਦਿਆ ਪੁੱਛਿਆ, “ਇਸ ਕੁ ਵੇਲੇ ਤਾਂ ਮਿੰਦੀ ਹੋਰੀ ਹੀ ਆਉਂਦੇ ਹੁੰਦੇ ਹਨ।”
“ਉਹ ਹੀ ਆ।” ਦੀਪੀ ਨੇ ਮੱਥੇ ਤੇ ਵੱਟ ਪਾਉਂਦਿਆ ਆਖਿਆ, “ਫਿਰ ਉਹ ਹੀ ਗੱਲ ਛੇੜਣਗੇ।”
“ਮਿੰਦੀ, ਗਿਆਨ ਕੌਰ ਦੀ ਭਤੀਜ਼ੀ।” ਇੰਦਰ ਸਿੰਘ ਨੇ ਫਿਰ ਉੱਚੀ ਦੇਣੀ ਆਖਿਆ, “ਇਧਰ ਹੀ ਬੁਲਾ ਲਉ, ਗਰਮ ਗਰਮ ਰੋਟੀ ਛਕਾਉ ਉਹਨਾ ਨੂੰ, ਠੰਡ ਵਿਚ ਆਏ ਆ।”
“ਤੁਸੀਂ ਰੌਲਾ ਕ੍ਹਾਤੇ ਪਾਈ ਜਾਂਦੇ ਹੋ।” ਹਰਨਾਮ ਕੌਰ ਨੇ ਖਿੱਝ ਕੇ ਪਰ ਹੌਲੀ ਅਵਾਜ਼ ਵਿਚ ਆਖਿਆ, “ਜਿਨਾਂ ਦੇ ਘਰ ਆਏ ਪਹਿਲਾਂ ਉੱਥੇ ਪਹੁੰਚਣ ਤਾਂ ਦਿਉ।”
ਛੇਤੀ ਹੀ ਮੁਖਤਿਆਰ, ਕਾਲ੍ਹਾ ਅਤੇ ਭਈਆ ਵੀ ਬਾਹਰੋਂ ਗੁੜ ਦੇ ਟੋਕਰੇ ਸਿਰਾਂ ਤੇ ਚੁੱਕੀ ਆ ਗਏ। ਉਹ ਸਵੇਰ ਦੇ ਹੀ ਲੰਬੜਾਂ ਦੀ ਮੋਟਰ ਤੇ ਬਿਜਲੀ ਵਾਲੇ ਵੇਲਣੇ ਤੇ ਗੁੜ ਕੱਢ ਰਹੇ ਸਨ। ਹਰਨਾਮ ਕੌਰ ਨੇ ਗੁੜ ਦੇ ਟੋਕਰੇ ਪਿੱਛਲੇ ਅੰਦਰ ਰਖਾ ਲਏ ਅਤੇ ਟੋਕਰੇ ਵਿਚੋਂ ਇਕ ਪੇਸੀ ਤੌੜਦੀ ਬੋਲੀ, “ਅਜੇ ਗਰਮ ਆ, ਭਈਆ, ਆ ਚਾਦਰ ਐਸੇ ਕਰ ਇਸ ਉੱਪਰ ਵਿਛਾ ਦੇ।”
“ਬੀਬੀ ਜੀ, ਅਭੀ ਰਹਿਨੇ ਦੋ।” ਭਈਆ ਜੋ ਸਵੇਰ ਦਾ ਥੱਕਿਆ ਹੋਇਆ ਸੀ ਜਵਾਬ ਦਿੱਤਾ, “ਰੋਟੀ ਖਾ ਕਰ ਕਰ ਦੇ ਦੇਂਗੇ।”
“ਜਦ ਨੂੰ ਤੇਰਾ ਪੇ ਜੁੜ ਨਹੀਂ ਜਾਣਾ।” ਹਰਨਾਮ ਕੌਰ ਨੇ ਗੁੱਸੇ ਵਿਚ ਕਿਹਾ ਤੇ ਆਪ ਹੀ ਗੁੜ ਦੀਆਂ ਪੇਸੀਆਂ ਚਾਦਰ ਵਿਛਾ ਕੇ ਖਿਲਾਰਣ ਲੱਗ ਪਈ।
ਮੁਖਤਿਆਰ ਨੇ ਹਰਨਾਮ ਕੌਰ ਨੂੰ ਦੱਸਿਆ ਵੀ ਕਿ ਗੁੜ ਇੰਨਾ ਗਰਮ ਨਹੀ ਹੈ, ਪਿਆ ਪਿਆ ਹੀ ਠੰਡਾ ਹੋ ਜਾਣਾ ਹੈ, ਪਰ ਹਰਨਾਮ ਕੌਰ ਫਿਰ ਵੀ ਗੁੜ ਦੀਆਂ ਪੇਸੀਆਂ ਇਧਰ ਉਧਰ ਕਰਦੀ ਰਹੀ। ਮੁਖਤਿਆਰ ਨੂੰ ਜਦੋਂ ਪ੍ਰਾਹੳਣੇ ਆਇਆਂ ਦਾ ਪਤਾ ਲੱਗਾ ਤਾਂ ਉਹ ਹੱਥ ਮੂੰਹ ਧੋ ਕੇ ਗਿਆਨ ਕੌਰ ਦੇ ਘਰ ਵੱਲ ਨੂੰ ਚਲਾ ਗਿਆ ਅਤੇ ਪ੍ਰਾਹਉਣਿਆਂ ਨੂੰ ਨਾਲ ਲੈ ਆਇਆ। ਆਪਣੇ ਕਮਰੇ ਦੀ ਅਲਮਾਰੀ ਵਿਚੋਂ ਬੋਤਲ ਕੱਢ ਲਿਆਇਆ ਅਤੇ ਨਾਲ ਹੀ ਆਪਣੇ ਮੁੰਡੇ ਬਿਕਰਮ ਨੂੰ ਅਵਾਜ਼ ਮਾਰੀ, “ਬਿਕਰਮ, ਗਿਲ਼ਾਸ ਤਾਂ ਫੜਾ ਜਾਹ।” ਮੁਖਤਿਆਰ ਪ੍ਰਾਹਣੇ ਨੂੰ ਲੈ ਕੇ ਬੈਠਕ ਵਿਚ ਬੈਠ ਗਿਆ ਤੇ ਮਿੰਦੀ ਰਸੋਈ ਵਿਚ ਸੁਰਜੀਤ ਕੋਲ ਚਲੀ ਗਈ। ਰੋਟੀ ਖਾਂਦਿਆਂ ਮਿੰਦੀ ਨੇ ਫਿਰ ਗੱਲ ਛੇੜੀ, “ਕਿਦਾਂ ਭਾਬੀ, ਫਿਰ ਕੀਤੀ ਸਲਾਹ ਦੀਪੀ ਦੇ ਰਿਸ਼ਤੇ ਬਾਰੇ?”
ਦੀਪੀ ਜੋ ਬਰਾਂਡੇ ਵਿਚ ਹੀ ਖੜ੍ਹੀ ਸੀ ਉਸ ਨੇ ਸੁਣ ਲਿਆ ਤੇ ਉਸੇ ਵੇਲੇ ਰਸੋਈ ਵਿਚ ਆ ਕੇ ਆਖਿਆ, “ਭੂਆ ਜੀ, ਮੈਂ ਅਜੇ ਪੜ੍ਹਨਾ ਚਾਹੁੰਦੀ ਆਂ।”
“ਪੁੱਤ ਤੂੰ ਪੜ੍ਹੀ ਜਾਂਈ।” ਮਿੰਦੀ ਨੇ ਪਿਆਰ ਨਾਲ ਕਿਹਾ, “ਮੁੰਡਾ ਵੀ ਅਜੇ ਪੜ੍ਹਦਾ ਹੀ ਆ।”
“ਜਦੋਂ ਦੀਪੀ ਦਾ ਰਿਸ਼ਤਾ ਕਰਨਾ ਹੋਇਆ ਤਾਂ ਪਹਿਲਾਂ ਤੈਨੂੰ ਹੀ ਦੱਸਾਂਗੇ।” ਸੁਰਜੀਤ ਨੇ ਗੱਲ ਟਾਲਣ ਦੇ ਬਹਾਨੇ ਕਿਹਾ,
“ਸੰਜੋਗ ਹੋਏ ਤਾਂ ਟਾਈਮ ਨਾਲ ਆਪ ਹੀ ਸਭ ਕੁਝ ਹੋ ਜਾਣਾ ਆ।”
ਮਿੰਦੀ ਰਿਸ਼ਤੇ ਦੇ ਬਾਰੇ ਹੋਰ ਵੀ ਗੱਲਾਂ ਕਰਨੀਆਂ ਚਾਹੁੰਦੀ ਸੀ, ਪਰ ਮਾਂਵਾਂ ਧੀਆਂ ਦਾ ਇਰਾਦਾ ਦੇਖ ਕੇ ਚੁੱਪ ਰਹੀ। ਗਈ ਰਾਤ ਤਕ ਸਭ ਬੈਠ ਕੇ ਗੱਲਾਂ ਕਰਦੇ ਰਹੇ, ਪਰ ਮਿੰਦੀ ਨੇ ਮੁੜ ਕੇ ਰਿਸ਼ਤੇ ਦੀ ਗੱਲ ਨਾ ਛੇੜੀ।