ਨਵੀਂ ਦਿੱਲੀ – ਉਤਰਪ੍ਰਦੇਸ਼ ਦੀ ਨਵੀਂ ਬਣੀ ਯੋਗੀ ਸਰਕਾਰ ਦੀਆਂ ਨੀਤੀਆਂ ਦੀ ਮਾਰ ਹੁਣ ਜੰਗਲ ਦੇ ਰਾਜਾ ਸ਼ੇਰ ਨੂੰ ਵੀ ਝੱਲਣੀ ਪੈ ਰਹੀ ਹੈ। ਰਾਜ ਦੇ ਚਿੜੀਆਘਰਾਂ ਵਿੱਚ ਕੈਦੀ ਬਣਾ ਕੇ ਰੱਖੇ ਸ਼ੇਰਾਂ ਨੂੰ ਬੀਫ਼ ਦੀ ਬਜਾਏ ਚਿਕਨ ਖਾ ਕੇ ਗੁਜ਼ਾਰਾ ਕਰਨਾ ਪੈ ਰਿਹਾ ਹੈ। ਜਦੋਂ ਕਿ ਸ਼ੇਰਾਂ ਦੇ ਲਈ ਬੀਫ ਖਾਣਾ ਜਰੂਰੀ ਹੈ। ਮਾਸ ਦੇ ਕਾਰੋਬਾਰ ਅਤੇ ਬੁਚੜਖਾਨਿਆਂ ਨੂੰ ਬੰਦ ਕਰਨ ਸਬੰਧੀ ਕੀਤੀਆਂ ਜਾ ਰਹੀਆਂ ਕਾਰਵਾਈਆਂ ਬਾਰੇ ਸੰਸਦ ਅਤੇ ਸੰਸਦ ਤੋਂ ਬਾਹਰ ਪੂਰੇ ਦੇਸ਼ ਵਿੱਚ ਪ੍ਰਤੀਕਿਰਿਆਵਾਂ ਆ ਰਹੀਆਂ ਹਨ।
ਕਾਂਗਰਸ ਦੇ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਨੇ ਲੋਕਸਭਾ ਵਿੱਚ ਚਿੜਿਆਘਰ ਦੇ ਸ਼ੇਰਾਂ ਦੀ ਖੁਰਾਕ ਸਬੰਧੀ ਮੁੱਦਾ ਉਠਾਇਆ। ਰੰਜਨ ਚੌਧਰੀ ਨੇ ਕਿਹਾ ਕਿ ਕੀ ਹੁਣ ਸ਼ੇਰਾਂ ਨੂੰ ਪਾਲਕ-ਪਨੀਰ ਖਾਣ ਨੂੰ ਦਿੱਤਾ ਜਾਵੇਗਾ? ਉਨ੍ਹਾਂ ਨੇ ਕਿਹਾ ਕਿ ਦੇਸ਼ 28 ਹਜ਼ਾਰ ਕਰੋੜ ਰੁਪੈ ਦਾ ਮੀਟ ਦਾ ਨਿਰਯਾਤ ਕਰਦਾ ਹੈ ਪਰ ਉਤਰਪ੍ਰਦੇਸ਼ ਦੇ ਚਿੜੀਆਘਰਾਂ ਵਿੱਚ ਸ਼ੇਰਾਂ ਨੂੰ ਮੀਟ ਨਾ ਦੇਕੇ ਚਿਕਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕੁਦਰਤ ਦੀ ਇੱਕ ਜੀਵਿਕ ਵਿਵਸਥਾ ਹੈ, ਜਿਸ ਅਨੁਸਾਰ ਹਰ ਇੱਕ ਨੂੰ ਜਿੰਦਾ ਰਹਿਣ ਦਾ ਅਧਿਕਾਰ ਹੈ। ਜੋ ਜਾਨਵਰ ਸਿਰਫ਼ ਮਾਸ ਹੀ ਖਾਂਦੇ ਹਨ, ੳਹ ਉਸ ਦੇ ਬਦਲ ਵਿੱਚ ਘਾਹਫੂਸ ਜਾਂ ਕੁਝ ਹੋਰ ਨਹੀਂ ਖਾ ਸਕਦੇ। ਪ੍ਰਕਿਰਤੀ ਦੇ ਇਸ ਨਿਯਮ ਨੂੰ ਝੁਠਲਾਇਆ ਨਹੀਂ ਜਾ ਸਕਦਾ।