ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 2017 ’ਚ ਹੋਈਆਂ ਚੋਣਾਂ ਨੂੰ ਲੈ ਕੇ ਪੰਥਕ ਸੇਵਾ ਦਲ ਅਤੇ ਹੋਰ ਵਿਰੋਧੀ ਧਿਰਾਂ ਵੱਲੋਂ ਪਾਈਆਂ ਗਈਆਂ ਪਟੀਸ਼ਨਾ ’ਤੇ ਸੁਣਵਾਈ ਕਰ ਰਹੀ ਤੀਸਹਜ਼ਾਰੀ ਕੋਰਟ ਦੀ ਜੱਜ ਡਾ. ਕਾਮਿਨੀ ਲਾੱ ਦੇ ਵਿਵਹਾਰ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਸ਼ਕੂਰ ਬਸਤੀ ਵਾਰਡ ਤੋਂ ਉਮੀਦਵਾਰ ਵੱਲੋਂ ਇਤਰਾਜ਼ ਦਰਜ਼ ਕਰਵਾਇਆ ਜਾਵੇਗਾ। ਸਾਬਕਾ ਕਮੇਟੀ ਮੈਂਬਰ ਸਮਰਦੀਪ ਸਿੰਘ ਸੰਨੀ ਨੇ 20 ਮਾਰਚ ਨੂੰ ਜੱਜ ਸਾਹਿਬਾ ਵੱਲੋਂ ਕੇਸ ਦੀ ਸੁਣਵਾਈ ਦੌਰਾਨ ਸਿੱਖ ਕੌਮ ਦਾ ਮਜਾਕ ਉਡਾਉਣ ਦਾ ਦਾਅਵਾ ਕਰਦੇ ਹੋਏ ਇਸ ਸਬੰਧੀ ਸ਼ਿਕਾਇਤ ਜਿਲ੍ਹਾ ਜੱਜ ਅਤੇ ਦਿੱਲੀ ਹਾਈ ਕੋਰਟ ਦੇ ਚੀਫ਼ ਜਸਟਿਸ ਕੋਲ ਦਾਖਿਲ ਕਰਨ ਦਾ ਅੱਜ ਐਲਾਨ ਕੀਤਾ।
ਆਪਣੀ ਮੌਜੂਦਗੀ ਦਾ ਕੋਰਟ ਵਿਚ ਹਵਾਲਾ ਦਿੰਦੇ ਹੋਏ ਸੰਨੀ ਨੇ ਦੱਸਿਆ ਕਿ ਜੱਜ ਸਾਹਿਬਾ ਨੇ ਜਦੋਂ ਕੇਸ ਦੀ ਅੱਗਲੀ ਸੁਣਵਾਈ 1 ਅਪ੍ਰੈਲ ਨੂੰ 12 ਵਜੇ ਹੋਣ ਦਾ ਆਦੇਸ਼ ਦਿੱਤਾ ਤਾਂ ਉਨ੍ਹਾਂ ਨੇ ਜਾਣਬੁੱਝ ਕੇ ਸਿੱਖਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ। ਇਸਦੇ ਨਾਲ ਹੀ ਸੁਣਵਾਈ ਦੌਰਾਨ ਕੋਰਟ ਵਿਚ ਮੌਜੂਦ ਸਿੱਖਾਂ ਦੀ ਭਾਰੀ ਭੀੜ ਨੂੰ ਸਿੱਖਾਂ ਦੇ ਜਲੂਸ ਵੱਜੋਂ ਪਰਿਭਾਸ਼ਿਤ ਕਰਨ ਨੂੰ ਸੰਨੀ ਨੇ ਜੱਜ ਸਾਹਿਬਾ ਦੀ ਸਿੱਖ ਵਿਰੋਧੀ ਮਾਨਸਿਕਤਾ ਨਾਲ ਜੋੜਿਆ।ਜੱਜ ਸਾਹਿਬਾ ਵੱਲੋਂ 12 ਵਜੇ ਦੇ ਸਮੇਂ ਨੂੰ ਲੈ ਕੇ ਕੀਤੇ ਗਏ ਮਜ਼ਾਕ ਨੂੰ ਸੰਨੀ ਨੇ ਗੈਰਜਰੂਰੀ ਅਤੇ ਕੇਸ ਨਾਲ ਨਾ ਸੰਬੰਧਿਤ ਹੋਣ ਨਾਲ ਜੋੜਿਆ। ਸੁਣਵਾਈ ਲਈ ਲੱਗੇ 24 ਕੇਸਾ ਵਿਚੋਂ ਸਿਰਫ਼ 1 ਕੇਸ ਦੇ ਪੈਰੋਕਾਰਾਂ ਨੂੰ ਸੁਣਨ ਉਪਰੰਤ ਬਾਕੀ 23 ਕੇਸਾ ਵਿਚ ਪੇਸ਼ ਹੋਣ ਆਏ ਪੱਖਕਾਰਾਂ ਨੂੰ ਨਾ ਸੁਣਨ ਤੇ ਵੀ ਸੰਨੀ ਨੇ ਹੈਰਾਨੀ ਜਤਾਈ।
ਸੰਨੀ ਨੇ ਦੱਸਿਆ ਕਿ ਜੱਜ ਸਾਹਿਬਾ ਵੱਲੋਂ ਇਸ ਮਸਲੇ ’ਤੇ ਜਾਰੀ ਕੀਤੇ ਗਏ ਆਦੇਸ਼ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਵਕੀਲਾਂ ਵੱਲੋਂ ਆਪਣੇ ਦਲ ਦੇ ਬਿਨਾਂ ਸੁਸਾਇਟੀ ਐਕਟ ਧਾਰਮਿਕ ਪਾਰਟੀ ਹੋਣ ਸੰਬੰਧੀ ਦਿੱਤਾ ਗਿਆ ਹਵਾਲਾ ਗਲਤ ਹੈ । ਸਾਡੇ ਕਿਸੇ ਵੀ ਵਕੀਲ ਨੇ ਇਸ ਤਰੀਕੇ ਦਾ ਕੋਈ ਦਾਅਵਾ ਨਹੀਂ ਕੀਤਾ। ਜਦਕਿ ਸਾਡੀ ਪਾਰਟੀ 1999 ਦੇ ਗਜਟ ਨੋਟਿਫੀਕੇਸ਼ਨ ਦੇ ਤਹਿਤ ਰਜਿਸਟਰਡ ਪਾਰਟੀ ਹੈ।
ਸੰਨੀ ਨੇ ਕਿਹਾ ਕਿ ਇੱਕ ਪਾਸੇ ਦਿੱਲੀ ਕਮੇਟੀ ਸਿੱਖਾਂ ਦੇ ਬਣਦੇ ਨਸਲੀ ਚੁੱਟਕੁਲਿਆਂ ਦੇ ਖਿਲਾਫ਼ ਸੁਪਰੀਮ ਕੋਰਟ ਵਿਚ ਜਰੂਰੀ ਗਾਈਡ ਲਾਈਨ ਬਣਾਉਣ ਲਈ ਲੜਾਈ ਲੜ ਰਹੀ ਹੈ ਤੇ ਦੂਜੇ ਪਾਸੇ ਦਿੱਲੀ ਦੀ ਇੱਕ ਅਦਾਲਤ ਵੱਲੋਂ ਹੀ ਸਿੱਖਾਂ ’ਤੇ ਮਾਣਮਤੇ ਇਤਿਹਾਸ ਨੂੰ ਅਣਗੋਲਿਆਂ ਕਰਦੇ ਹੋਏ ਸਿੱਖਾਂ ਦਾ ਮਜ਼ਾਕ ਉਡਾਉਣਾ ਮੰਦਭਾਗਾ ਹੈ। ਇਕ ਕਾਬਿਲ ਜੱਜ ਵੱਲੋਂ ਕਿਸੇ ਕੌਮ ਤੇ ਕੀਤੀ ਗਈ ਨਸਲੀ ਟਿੱਪਣੀ ਨੂੰ ਸੰਨੀ ਨੇ ਨਾਗਰਿਕਾ ਦੇ ਸੰਵੈਧਾਨਿਕ ਹੱਕਾਂ ’ਤੇ ਚੋਟ ਕਰਾਰ ਦਿੱਤਾ। ਸੰਨੀ ਨੇ ਦਿੱਲੀ ਕਮੇਟੀ ਚੋਣਾਂ ਨਾਲ ਸੰਬੰਧਿਤ ਸਾਰੇ ਕੇਸ ਤੀਸ ਹਜ਼ਾਰੀ ਕੋਰਟ ਦੇ ਦੂਜੇ ਜੱਜ ਕੋਲ ਤਬਦੀਲ ਕਰਾਉਣ ਤਕ ਕਾਨੂੰਨੀ ਲੜਾਈ ਜਾਰੀ ਰੱਖਣ ਦਾ ਵੀ ਐਲਾਨ ਕੀਤਾ।