ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਅਰਥ ਸਾਸ਼ਤਰ ਅਤੇ ਸਮਾਜ ਸਾਸ਼ਤਰ ਵਿਭਾਗ ਦੁਆਰਾ ਸੀ ਆਰ ਆਰ ਆਈ ਡੀ, ਚੰਡੀਗੜ੍ਹ ਦੇ ਪ੍ਰੋਫੈਸਰ ਡਾ. ਆਰ ਐਸ ਘੁੰਮਣ ਦਾ ’ਪੰਜਾਬ ਵਿੱਚ ਪੇਂਡੂ ਆਰਥਿਕਤਾ ਬਾਰੇ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਉਹਨਾਂ ਨੇ ਪੰਜਾਬ ਦੀ ਪੇਂਡੂ ਆਰਥਿਕਤਾ ਦੇ ਨਿਘਾਰ ਵੱਲ ਜਾ ਰਹੇ ਪੱਧਰ ਤੇ ਚਿੰਤਾ ਪ੍ਰਗਟ ਕਰਦਿਆਂ ਪੇਂਡੂ ਵਿਭਿੰਨਤਾ ਦੀ ਲੋੜ ਉਪਰ ਜ਼ੋਰ ਪਾਇਆ। ਇਸ ਤੋਂ ਇਲਾਵਾ ਉਹਨਾਂ ਨੇ ਪਿਛਲੇ ਤਿੰਨ ਦਹਾਕਿਆਂ ਤੋਂ ਕੁਦਰਤੀ ਸੋਮਿਆਂ, ਪਾਣੀ ਅਤੇ ਭੂਮੀ ਦੀ ਵੱਧ ਉਤਪਾਦਕਤਾ ਅਤੇ ਆਮਦਨ ਦੇ ਲਈ ਹੋ ਰਹੇ ਘਾਣ ਦੇ ਕਈ ਪੱਖਾਂ ਨੂੰ ਸਾਹਮਣੇ ਰੱਖਿਆ। ਇਸ ਤੋਂ ਇਲਾਵਾ ਉਹਨਾਂ ਨੇ ਪੰਜਾਬ ਦੇ ਵੱਡੇ ਅਤੇ ਛੋਟੇ ਕਿਸਾਨਾਂ ਦੇ ਸਮਾਜਿਕ ਅਤੇ ਆਰਥਿਕ ਸੰਕਟ ਉਤੇ ਵੀ ਆਪਣੀ ਚਿੰਤਾ ਪ੍ਰਗਟਾਈ। ਵਿਭਾਗ ਦੇ ਮੁਖੀ ਅਤੇ ਪ੍ਰੋਫੈਸਰ ਡਾ. ਸੁਖਪਾਲ ਸਿੰਘ ਨੇ ਕਿਹਾ ਕਿ ਸਹਿਕਾਰੀ ਖੇਤੀਬਾੜੀ ਅਤੇ ਗੈਰ ਖੇਤੀ ਸੈਕਟਰ ਦੇ ਵਿਕਾਸ ਰਾਹੀਂ ਹੀ ਅਸੀਂ ਇਸ ਸਮੱਸਿਆ ਤੇ ਕਾਬੂ ਪਾ ਸਕਦੇ ਹਾਂ। ਵਿਭਾਗ ਦੇ ਸਟਾਫ ਅਤੇ ਵਿਦਿਆਰਥੀਆਂ ਨੇ ਇਸ ਭਾਸ਼ਣ ਵਿੱਚ ਉਚੇਚੇ ਤੌਰ ਤੇ ਭਾਗ ਲਿਆ। ਡਾ. ਸ਼ਾਲਿਨੀ ਸ਼ਰਮਾ ਨੇ ਪ੍ਰਮੁੱਖ ਬੁਲਾਰੇ ਦਾ ਸਵਾਗਤ ਕਰਦਿਆਂ ਹੋਇਆਂ ਉਹਨਾਂ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ। ਡਾ. ਐਮ ਐਸ ਸਿੱਧੂ ਨੇ ਪੇਂਡੂ ਪੰਜਾਬ ਦੀਆਂ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰਨ ਲਈ ਗੈਰ ਆਰਥਿਕ ਪੱਖਾਂ ਦੀ ਭੂਮਿਕਾ ਬਾਰੇ ਵਿਚਾਰ-ਵਟਾਂਦਰਾ ਕੀਤਾ। ਅਰਥ ਸਾਸ਼ਤਰ ਦੇ ਪ੍ਰੋਫੈਸਰ ਡਾ. ਜਗਰੂਪ ਸਿੰਘ ਸਿੱਧੂ ਨੇ ਆਉਣ ਵਾਲੇ ਭਵਿੱਖ ਵਿੱਚ ਖੇਤੀ ਵਿਭਿੰਨਤਾ ਦੇ ਕਈ ਮਹੱਤਵਪੂਰਨ ਪੱਖਾਂ ਉਪਰ ਚਾਨਣਾ ਪਾਇਆ। ਡਾ. ਆਰ ਕੇ ਗਰੋਵਰ ਅਤੇ ਡਾ. ਜਸਦੇਵ ਸਿੰਘ ਸਿੱਧੂ ਨੇ ਪੰਜਾਬ ਵਿੱਚ ਚੱਲ ਰਹੇ ਫ਼ਸਲੀ ਚੱਕਰ ਦੇ ਲਈ ਖੇਤੀ ਵਿਭਿੰਨਤਾ ਨੂੰ ਅਪਨਾਉਣ ਲਈ ਵਿਸ਼ੇਸ਼ ਅਪੀਲ ਕੀਤੀ। ਉਹਨਾਂ ਨੇ ਪੰਜਾਬ ਦੀ ਖੇਤੀ ਆਰਥਿਕਤਾ ਦੀ ਸਮੱਸਿਆ ਨੂੰ ਹੱਲ ਕਰਨ ਲਈ ਰੁਜ਼ਗਾਰ ਦੀ ਲੋੜ ਉਪਰ ਵਿਸ਼ੇਸ਼ ਜ਼ੋਰ ਪਾਇਆ ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਪੰਜਾਬ ਦੀ ਪੇਂਡੂ ਆਰਥਿਕਤਾ ਬਾਰੇ ਵਿਸ਼ੇਸ਼ ਭਾਸ਼ਣ
This entry was posted in ਖੇਤੀਬਾੜੀ.