ਫ਼ਤਹਿਗੜ੍ਹ ਸਾਹਿਬ – “ਗੁਰੂ ਸਾਹਿਬਾਨ ਨੇ ਬਾਣੀ ਵਿਚ “ਹੋਇ ਇਕੱਤਰ ਮਿਲਹੁ ਮੇਰੇ ਭਾਈ, ਦੁਬਿਧਾ ਦੂਰਿ ਕਰੋ ਲਿਵ ਲਾਇ॥” ਦੇ ਮਹਾਂਵਾਕ ਅਨੁਸਾਰ ਸਾਨੂੰ ਇਹ ਹਦਾਇਤ ਕੀਤੀ ਹੈ ਕਿ ਜਦੋਂ ਵੀ ਸਿੱਖ ਕੌਮ ਅੱਗੇ ਕੋਈ ਵੱਡਾ ਮਸਲਾ ਆਵੇ ਤਾਂ ਸਭ ਸਿੱਖ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਇਕੱਤਰ ਹੋ ਕੇ ਬੈਠਣ ਅਤੇ ਉਸ ਪੈਦਾ ਹੋਏ ਮਸਲੇ ਉਤੇ ਦਲੀਲ ਸਹਿਤ ਵਿਚਾਰ ਵਟਾਂਦਰਾ ਕਰਦੇ ਹੋਏ ਉਸ ਨੂੰ ਗੁਰਮੁੱਖ ਪੰਥਕ ਲੀਹਾਂ ਤੇ ਹੱਲ ਕਰਨ । ਅੱਜ ਵੀ ਖ਼ਾਲਸਾ ਪੰਥ ਨੂੰ ਰਾਗ ਮਾਲਾ, ਨਾਨਕਸ਼ਾਹੀ ਕੈਲੰਡਰ, ਸ੍ਰੀ ਦਰਬਾਰ ਸਾਹਿਬ ਦੇ ਸਰੋਵਰ, ਭੋਰਾ ਸਾਹਿਬ ਅਤੇ ਹੋਰ ਸਿੱਖ ਮਰਿਯਾਦਾਵਾਂ ਸੰਬੰਧੀ ਕਈ ਗੰਭੀਰ ਮਸਲਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਪਰ ਇਨ੍ਹਾਂ ਮਸਲਿਆਂ ਉਤੇ ਵੱਖ-ਵੱਖ ਪੰਥਕ ਸਖਸ਼ੀਅਤਾਂ ਜਾਂ ਸੰਗਠਨਾਂ ਦੀਆਂ ਭਾਵੇ ਵੱਖ-ਵੱਖ ਰਾਵਾਂ ਅਤੇ ਵਿਚਾਰ ਕਿਉਂ ਨਾ ਹੋਣ, ਅਜਿਹੀ ਕੋਈ ਗੱਲ ਨਹੀਂ ਕਿ ਸਿੱਖ ਕੌਮ ਆਪਣੇ ਮਸਲਿਆ ਨੂੰ ਹੱਲ ਨਾ ਕਰ ਸਕੇ । ਬੀਤੇ ਸਮੇਂ ਵਿਚ ਵੀ ਪੁਰਾਤਨ ਸਿੱਖਾਂ ਸਾਹਮਣੇ ਅਹਿਮ ਮਸਲੇ ਆਏ । ਪਰ ਸਮੇਂ ਦੇ ਪੰਥਕ ਅਤੇ ਧਾਰਮਿਕ ਆਗੂਆਂ ਨੇ ਮਿਲ ਬੈਠਕੇ ਇਨ੍ਹਾਂ ਮਸਲਿਆਂ ਨੂੰ ਹੱਲ ਵੀ ਕਰਦੇ ਰਹੇ ਹਨ । ਪਰ ਦੁੱਖ ਅਤੇ ਅਫ਼ਸੋਸ ਹੈ ਅੱਜ ਆਰ.ਐਸ.ਐਸ. ਬੀਜੇਪੀ ਅਤੇ ਹੋਰ ਮੁਤੱਸਵੀ ਸੰਗਠਨ ਆਪਣੇ ਸਿਆਸੀ, ਭੂਗੋਲਿਕ, ਵਪਾਰਿਕ ਅਤੇ ਮਾਲੀ ਸਵਾਰਥਾਂ ਦੀ ਪੂਰਤੀ ਲਈ ਪੰਥਕ ਸਫਾ ਵਿਚ ਘੁਸਪੈਠ ਕਰਕੇ ਸਿੱਖ ਮਸਲਿਆ ਨੂੰ ਹੋਰ ਪੇਚੀਦਾ ਕਰਨ ਦੇ ਅਮਲ ਕਰ ਰਹੇ ਹਨ । ਤਾਂ ਕਿ ਖ਼ਾਲਸਾ ਪੰਥ ਵਿਚ ਭਰਾਮਾਰੂ ਜੰਗ ਸੁਰੂ ਕਰਵਾਕੇ ਆਪਣੇ ਮੰਦਭਾਵਨਾ ਭਰੇ ਮਨਸੂਬਿਆਂ ਦੀ ਪ੍ਰਾਪਤੀ ਕਰ ਸਕਣ । ਅਜਿਹੇ ਗੰਭੀਰ ਸਮੇਂ ਸਿੱਖ ਕੌਮ ਦੇ ਧਾਰਮਿਕ ਤੇ ਸਿਆਸੀ ਆਗੂਆਂ ਦਾ ਫਰਜ ਬਣ ਜਾਂਦਾ ਹੈ ਕਿ ਉਹ ਦੁਸ਼ਮਣ ਤਾਕਤਾਂ ਦੇ ਕੁਹਾੜੇ ਦਾ ਦਸਤਾ ਨਾ ਬਣਕੇ ਖ਼ਾਲਸਾ ਪੰਥ ਰੂਪੀ ਦਰੱਖਤ, ਬੂਟੇ ਤੇ ਟਹਿਣੀਆ ਨੂੰ ਅਤੇ ਤਣੇ ਨੂੰ ਛਾਂਗਣ ਦੇ ਭਾਗੀ ਨਾ ਬਣਨ । ਬਲਕਿ ਇਸ ਸਿੱਖੀ ਦੇ ਮਨੁੱਖਤਾ ਪੱਖੀ, ਅਮਨ-ਚੈਨ ਤੇ ਜਮਹੂਰੀਅਤ ਪੱਖੀ ਬੂਟੇ ਦੀ ਇਕੱਤਰ ਹੋ ਕੇ ਹਿਫਾਜਤ ਵੀ ਕਰਨ ਅਤੇ ਦਰਪੇਸ਼ ਆ ਰਹੇ ਕੌਮੀ ਮਸਲਿਆ ਨੂੰ ਮਿਲ ਬੈਠਕੇ ‘ਟੇਬਲ ਟਾਕ’ ਰਾਹੀ ਹੱਲ ਕਰਨ । ਅਜਿਹਾ ਅਮਲ ਕਰਕੇ ਹੀ ਅਸੀਂ ਸਭ ਸਿੱਖ ਕੌਮ ਨੂੰ ਇਸ ਭੰਬਲਭੂਸੇ ਵਿਚੋ ਬਾਹਰ ਵੀ ਕੱਢ ਸਕਾਂਗੇ ਅਤੇ ਦੁਸ਼ਮਣ ਤਾਕਤਾਂ ਦੇ ਮਨਸੂਬਿਆਂ ਨੂੰ ਅਸਫ਼ਲ ਬਣਾਉਣ ਵਿਚ ਕਾਮਯਾਬ ਹੋ ਸਕਾਂਗੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੌਜੂਦਾ ਸਮੇਂ ਵੱਖ-ਵੱਖ ਪੰਥਕ ਸਖਸ਼ੀਅਤਾਂ, ਸੰਗਠਨਾਂ ਆਦਿ ਵਿਚ ਕੌਮੀ ਮਸਲਿਆਂ ਉਤੇ ਛਿੜੇ ਬੇਨਤੀਜਾ ਵਿਵਾਦਾ ਅਤੇ ਵਖਰੇਵਿਆਂ ਉਤੇ ਗਹਿਰੀ ਚਿੰਤਾ ਪ੍ਰਗਟ ਕਰਦੇ ਹੋਏ ਅਤੇ ਸਭ ਧਾਰਮਿਕ ਤੇ ਸਿਆਸੀ ਆਗੂਆਂ ਨੂੰ ਇਕੱਤਰ ਹੋ ਕੇ ਨਿਮਰਤਾ, ਨਿਰਮਾਨਤਾ ਅਤੇ ਸਹਿਜ ਭਰੇ ਗੁਣਾਂ ਨਾਲ ਆਪਸੀ ਵਿਚਾਰ ਵਟਾਂਦਰੇ ਰਾਹੀ ਹੱਲ ਕਰਨ ਦੀ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜੋ ਸ. ਰਣਜੀਤ ਸਿੰਘ ਢੱਡਰੀਆਂ ਵਾਲਿਆਂ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਸਤਿਕਾਰਯੋਗ ਜਥੇਦਾਰ ਸਾਹਿਬਾਨ ਭਾਈ ਅਮਰੀਕ ਸਿੰਘ ਅਜਨਾਲਾ ਵਿਚਕਾਰ ਪੰਥਕ ਮਸਲੇ ਸੰਬੰਧੀ ਕੁੜੱਤਣ ਵੱਧਦੀ ਜਾ ਰਹੀ ਹੈ, ਇਹ ਸਿੱਖ ਕੌਮ ਅਤੇ ਪੰਜਾਬ ਦੇ ਮਾਹੌਲ ਲਈ ਕਤਈ ਵੀ ਕਾਰਗਰ ਸਾਬਤ ਨਹੀਂ ਹੋਵੇਗੀ। ਇਸ ਲਈ ਇਸ ਵਿਸ਼ੇ ਤੇ ਦੋਵਾਂ ਸਖਸੀਅਤਾਂ ਅਤੇ ਸਿੱਖ ਕੌਮ ਦੇ ਪੰਥ ਦਰਦੀਆਂ ਨੂੰ ਇਕੱਤਰ ਹੋ ਕੇ ਇਸ ਦਾ ਕੋਈ ਸੁਚੱਜਾ ਹੱਲ ਵੀ ਲੱਭਣਾ ਪਵੇਗਾ ਅਤੇ ਇਸ ਉੱਠੇ ਵਿਵਾਦ ਨੂੰ ਹਰ ਕੀਮਤ ਤੇ ਦਫ਼ਨ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੀ ਅਸੀਮਤ ਤਾਕਤ ਨੂੰ ਮਨੁੱਖਤਾ ਦੀ ਬਿਹਤਰੀ, ਮਜ਼ਲੂਮਾਂ, ਲੋੜਵੰਦਾਂ, ਬੇਸਹਾਰਿਆ ਦੇ ਜੀਵਨ ਨੂੰ ਚੰਗੇਰਾ ਬਣਾਉਣ ਲਈ ਵਰਤਿਆ ਜਾਵੇ ਨਾ ਕਿ ਇਸ ਤਾਕਤ ਨੂੰ ਭਰਾਮਾਰੂ ਜੰਗ ਨੂੰ ਤੇਜ ਕਰਨ ਵਿਚ ਦੁਰਵਰਤੋ ਕੀਤੀ ਜਾਵੇ । ਉਨ੍ਹਾਂ ਸਿੱਖ ਕੌਮ ਨਾਲ ਸੰਬੰਧਤ ਸਭ ਕਥਾਵਾਚਕਾਂ, ਪ੍ਰਚਾਰਕਾਂ, ਰਾਗੀਆਂ, ਢਾਡੀਆਂ, ਸਿਆਸੀ, ਧਾਰਮਿਕ ਆਗੂਆਂ ਤੋਂ ਇਹ ਉਮੀਦ ਪ੍ਰਗਟ ਕੀਤੀ ਕਿ ਉਹ ਬੀਤੇ ਸਮੇਂ ਦੇ ਉਸ ਕੌਮੀ ਇਤਿਹਾਸ ਜਿਸ ਰਾਹੀ ਸਾਡੇ ਵੱਡੇ-ਵਡੇਰੇ ਵੱਡੇ-ਵੱਡੇ ਮਸਲਿਆਂ ਨੂੰ ਆਪਸੀ ਗੱਲਬਾਤ ਰਾਹੀ ਹੱਲ ਕਰਦੇ ਰਹੇ ਹਨ, ਉਸ ਤੋ ਸੇਧ ਲੈਕੇ ਕੌਮ ਦੀ ਅਸੀਮਤ ਸ਼ਕਤੀ ਨੂੰ ਕੌਮ ਅਤੇ ਮਨੁੱਖਤਾ ਦੀ ਬਿਹਤਰੀ ਵਿਚ ਲਗਾਉਣਗੇ ਨਾ ਕਿ ਬੀਜੇਪੀ ਤੇ ਆਰ.ਐਸ.ਐਸ. ਵਰਗੀਆਂ ਪੰਥ ਵਿਰੋਧੀ ਜਥੇਬੰਦੀਆਂ ਦੇ ਇਸਾਰਿਆ ਤੇ ਕੌਮ ਨੂੰ ਡੂੰਘੀ ਖਾਈ ਵੱਲ ਧਕੇਲਣ ਦੇ ਭਾਗੀ ਬਣਨਗੇ ।