ਚੰਡੀਗੜ੍ਹ – ਪੰਜਾਬ ਸਰਕਾਰ ਨੇ ਰਾਜ ਵਿੱਚ ਨਸ਼ਿਆਂ ਨੂੰ ਜੜ੍ਹ ਤੋਂ ਉਖਾੜਨ ਲਈ ਪੂਰੀ ਤਰ੍ਹਾਂ ਨਾਲ ਕਮਰ ਕੱਸ ਲਈ ਹੈ। ਇਸ ਦੇ ਲਈ ਹੈਲਪਲਾਈਨ ਨੰਬਰ ਜਾਰੀ ਕਰ ਦਿੱਤੇ ਗਏ ਹਨ। ਹੈਲਪਲਾਈਨ ਨੰਬਰ 181 ਤੇ ਫੋਨ ਤੇ ਕੋਈ ਵੀ ਨਸ਼ੇ ਨਾਲ ਜੁੜੇ ਸਮਗਲਰਾਂ ਸਬੰਧੀ ਜਾਣਕਾਰੀ ਦੇ ਸਕਦਾ ਹੈ।ਨਸਿ਼ਆਂ ਨੂੰ ਰੋਕਣ ਸਬੰਧੀ ਸ਼ੁਰੂ ਕੀਤੀ ਗਈ ਇਸ ਮੁਹਿੰਮ ਦੇ ਕੇਵਲ ਦੋ ਦਿਨਾਂ ਵਿੱਚ ਪੁਲਿਸ ਨੂੰ ਜਾਰੀ ਕੀਤੇ ਗਏ ਹੈਲਪ ਨੰਬਰ 181 ਤੇ 240 ਲੋਕਾਂ ਨੇ ਜਾਣਕਾਰੀ ਦਿੱਤੀ ਹੈ ਅਤੇ ਇਸ ਸਮੇਂ ਦੌਰਾਨ ਹੀ 497 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਨਸ਼ੇ ਵਿਰੁੱਧ ਸ਼ੁਰੂ ਕੀਤੀ ਗਈ ਇਸ ਮੁਹਿੰਮ ਦੇ ਚੰਗੇ ਨਤੀਜੇ ਆ ਰਹੇ ਹਨ। ਸਪੈਸ਼ਲ ਟਾਸਕ ਫੋਰਸ ਦੇ ਪ੍ਰਮੁੱਖ ਹਰਪ੍ਰੀਤ ਸਿੰਘ ਦੇ ਸ਼ੁਕਰਵਾਰ ਅਹੁਦਾ ਸੰਭਾਲਣ ਤੋਂ ਬਾਅਦ ਇਸ ਨੂੰ ਹੋਰ ਵੀ ਉਤਸ਼ਾਹ ਮਿਲੇਗਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਆਉਣ ਵਾਲੇ ਦਿਨਾਂ ਵਿੱਚ ਪੁਲਿਸ ਅਤੇ ਖੁਫ਼ੀਆ ਏਜੰਸੀਆਂ ਨੂੰ ਇਸ ਮੁਹਿੰਮ ਨੂੰ ਹੋਰ ਵੀ ਤੇਜ਼ ਕਰਨ ਅਤੇ ਇਸ ਸਬੰਧ ਵਿੱਚ ਆਮ ਲੋਕਾਂ ਦੀ ਹੋਰ ਵੀ ਮੱਦਦ ਲੈਣ ਦੇ ਨਿਰਦੇਸ਼ ਦਿੱਤੇ ਗਏ ਹਨ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਦੁਆਰਾ ਇਸ ਸਬੰਧੀ ਪਹਿਲਾਂ ਹੀ ਇਹ ਭਰੋਸਾ ਦਿਵਾਇਆ ਗਿਆ ਹੈ ਕਿ ਨਸ਼ਿਆਂ ਬਾਰੇ ਜਾਣਕਾਰੀ ਦੇਣ ਵਾਲਿਆਂ ਦੀ ਪਛਾਣ ਗੁਪਤ ਰੱਖੀ ਜਾਵੇਗੀ। ਉਨ੍ਹਾਂ ਅਨੁਸਾਰ ਪ੍ਰਸ਼ਾਸਨ ਰਾਹੀਂ ਉਠਾਏ ਗਏ ਇਸ ਕਦਮ ਨਾਲ ਰਾਜ ਦੇ ਲੋਕਾਂ ਵਿੱਚ ਵਿਸ਼ਵਾਸ਼ ਦੀ ਭਾਵਨਾ ਪੈਦਾ ਹੋਈ ਹੈ ਅਤੇ ਉਹ ਬਿਨਾਂ ਕਿਸੇ ਡਰ ਜਾਂ ਦਬਾਅ ਦੇ ਸੂਚਨਾ ਦੇਣ ਲਈ ਅੱਗੇ ਆ ਰਹੇ ਹਨ।