ਨਵੀਂ ਦਿੱਲੀ – ਆਪਣੇ ਆਪ ਨੂੰ ਇਮਾਨਦਾਰ ਅਤੇ ਆਮ ਆਦਮੀ ਦੀ ਸਰਕਾਰ ਅਤੇ ਪਾਰਟੀ ਦਾ ਕੂੜ ਭਰਿਆ ਪ੍ਰਚਾਰ ਕਰਨ ਵਾਲੀ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ 2016 ਵਿੱਚ ਸਰਕਾਰ ਦੇ ਇੱਕ ਸਾਲ ਪੂਰਾ ਹੋਣ ਤੇ ਦਿੱਤੀ ਗਈ ਦਾਅਵਤ ਵਿੱਚ ਆਪਣੇ ਮਹਿਮਾਨਾਂ ਨੂੰ 13,805 ਰੁਪੈ ਦੀ ਕੀਮਤ ਦੀ ਬਹੁਤ ਹੀ ਮਹਿੰਗੇ ਭਾਅ ਦੀ ਥਾਲੀ ਪਰੋਸੀ। ਭਾਜਪਾ ਨੇ ਇਸ ਨੂੰ ਸਰਕਾਰੀ ਰਾਸ਼ੀ ਦਾ ਦੁਰਉਪਯੋਗ ਦੱਸਦੇ ਹੋਏ ਮੁੱਖਮੰਤਰੀ ਕੇਜਰੀਵਾਲ ਤੋਂ ਅਸਤੀਫਾ਼ ਮੰਗਿਆ ਹੈ।
ਮੁੱਖਮੰਤਰੀ ਕੇਜਰੀਵਾਲ ਨੇ ਪਿੱਛਲੇ ਸਾਲ 11 ਅਤੇ 12 ਫਰਵਰੀ ਨੂੰ ਇੱਕ ਪਾਰਟੀ ਦਿੱਤੀ ਸੀ। ਸ਼ੁੰਗਲੂ ਕਮੇਟੀ ਨੇ ਇਸ ਤੇ ਗੰਭੀਰ ਟਿਪਣੀਆਂ ਕੀਤੀਆਂ ਹਨ।ਕੇਜਰੀਵਾਲ ਨੇ ਸਰਕਾਰੀ ਨਿਵਾਸ ਤੇ ਦਿੱਤੀ ਗਈ ਇਸ ਦਾਅਵਤ ਵਿੱਚ ਕੁਝ ਖਾਸ ਮਹਿਮਾਨਾਂ ਨੂੰ ਹੀ ਬੁਲਾਇਆ ਸੀ। ਗਿਆਰਾਂ ਫਰਵਰੀ ਨੂੰ 50 ਅਤੇ 12 ਫਰਵਰੀ ਨੂੰ 30 ਮਹਿਮਾਨਾਂ ਦੇ ਲਈ ਲੰਚ ਦਾ ਆਰਡਰ ਦਿੱਤਾ ਗਿਆ ਸੀ। ਪਹਿਲੇ ਦਿਨ ਪ੍ਰਤੀ ਪਲੇਟ 12,472 ਰੁਪੈ ਦੀ ਦਰ ਨਾਲ ਕੁਲ ਬਿੱਲ 6,23,605 ਰੁਪੈ ਦਾ ਆਇਆ। 12 ਫਰਵਰੀ ਨੂੰ ਪ੍ਰਤੀ ਵਿਅਕਤੀ ਲੰਚ ਦੀ ਕੀਮਤ 16,025 ਰੁਪੈ ਪ੍ਰਤੀ ਪਲੇਟ ਹੋ ਗਈ ਅਤੇ ਇਸ ਦਾ ਟੈਕਸ ਸਮੇਤ ਬਿੱਲ 4,80,752 ਰੁਪੈ ਆਇਆ। ਇਸ ਤਰ੍ਹਾਂ ਦੋ ਦਿਨਾਂ ਵਿੱਚ 80 ਮਹਿਮਾਨਾਂ ਦੀ ਮਹਿਮਾਨ ਨਿਵਾਜ਼ੀ ਤੇ 11,04,357 ਰੁਪੈ ਦਾ ਖਰਚ ਆਇਆ।
ਬੀਜੇਪੀ ਨੇਤਾ ਮਨੋਜ ਤਿਵਾਰੀ ਨੇ ਕਿਹਾ ਕਿ ਏਨੀ ਮਹਿੰਗੀਆਂ ਥਾਲੀਆਂ ਤਾਂ ਪ੍ਰਧਾਨਮੰਤਰੀ ਅਤੇ ਰਾਸ਼ਟਰਪਤੀ ਵੱਲੋਂ ਦਿੱਤੀਆਂ ਜਾਣ ਵਾਲੀਆਂ ਪਾਰਟੀਆਂ ਵਿੱਚ ਵੀ ਨਹੀਂ ਪਰੋਸੀਆਂ ਜਾਂਦੀਆਂ। ਇਹ ਆਰਡਰ ਸਾਰੇ ਵਿੱਤੀ ਨਿਯਮਾਂ ਅਤੇ ਕਾਨੂੰਨਾਂ ਨੂੰ ਛਿੱਕੇ ਟੰਗਦੇ ਹੋਏ ਬਿਨਾਂ ਕਿਸੇ ਟੈਂਡਰਿੰਗ ਪ੍ਰਕਿਰਿਆ ਦੇ ਦਿੱਤੇ ਗਏ। ਇੱਕ ਮਹਿਮਾਨ ਦੇ ਲੰਚ ਤੇ ਔਸਤਨ 13,805 ਰੁਪੈ ਦਾ ਖਰਚ ਆਇਆ। ਕੇਂਦਰ ਸਰਕਾਰ ਦੇ ਊਰਜਾਮੰਤਰੀ ਗੋਇਲ ਅਤੇ ਦਿੱਲੀ ਵਿਧਾਨਸਭਾ ਦੇ ਵਿਰੋਧੀ ਧਿਰ ਦੇ ਨੇਤਾ ਵਿਜੇਂਦਰ ਗੁਪਤਾ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਸਰਕਾਰੀ ਪੈਸੇ ਦੀ ਗੱਲਤ ਵਰਤੋਂ ਕਰਨ ਕਰਕੇ ਕੇਜਰੀਵਾਲ ਤੋਂ ਅਸਤੀਫ਼ੇ ਦੀ ਮੰਗ ਕੀਤੀ ਹੈ।