ਅੰਮ੍ਰਿਤਸਰ – ਦੇਸ਼ ਦੀ ਆਜ਼ਾਦੀ ਵਿਚ ਸਿੱਖਾਂ ਨੇ ੮੦ ਫੀਸਦੀ ਤੋਂ ਜ਼ਿਆਦਾ ਕੁਰਬਾਨੀਆਂ ਦੇ ਕੇ ਇਤਿਹਾਸ ਸਿਰਜਿਆ ਹੈ ਅਤੇ ਸਿੱਖਾਂ ਦੀਆਂ ਇਨ੍ਹਾਂ ਵੱਡੀ ਗਿਣਤੀ ਕੁਰਬਾਨੀਆਂ ਨੂੰ ਇਤਿਹਾਸ ਵਿਚੋਂ ਮਨਫ਼ੀ ਕਰਨ ਦੀ ਕੋਝੀ ਕਾਰਵਾਈ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਇੱਕ ਪ੍ਰਮੁੱਖ ਅਖਬਾਰ ਵਿਚ ਅੰਡੇਮਾਨ ਦੀ ਸੈਲੂਲਰ ਜੇਲ੍ਹ ਦੇ ਇਤਿਹਾਸ ਵਿਚੋਂ ਪੰਜਾਬੀਆਂ ਅਤੇ ਸਿੱਖਾਂ ਵੱਲੋਂ ਆਜ਼ਾਦੀ ਦੀ ਲੜਾਈ ਵਿਚ ਨਿਭਾਏ ਰੋਲ ਨੂੰ ਖਤਮ ਕਰਨ ਦਾ ਮਾਮਲਾ ਇੱਕ ਲਿਖਤ ਰਾਹੀਂ ਸਾਹਮਣੇ ਆਉਣ ‘ਤੇ ਕੀਤਾ ਹੈ। ਉਨ੍ਹਾਂ ਆਖਿਆ ਕਿ ਪ੍ਰਕਾਸ਼ਿਤ ਲਿਖਤ ਅਨੁਸਾਰ ਇਹ ਜੇਲ੍ਹ ਜੋ ਹੁਣ ਇੱਕ ਅਜਾਇਬ ਘਰ ਦੇ ਰੂਪ ਵਿਚ ਤਬਦੀਲ ਹੋ ਚੁੱਕੀ ਹੈ, ਵਿਖੇ ਵਿਖਾਏ ਜਾਂਦੇ ਰੌਸ਼ਨੀ ਤੇ ਆਵਾਜ਼ ਪ੍ਰੋਗਰਾਮ ਵਿਚ ਪੰਜਾਬੀਆਂ ਦੇ ਰੋਲ ਨੂੰ ਨਹੀਂ ਦਿਖਾਇਆ ਜਾ ਰਿਹਾ, ਜੋ ਸ਼ਹੀਦਾਂ ਦਾ ਅਪਮਾਨ ਹੈ। ਉਨ੍ਹਾਂ ਆਖਿਆ ਕਿ ਆਜ਼ਾਦੀ ਦੀ ਜੰਗ ਦਾ ਮੁੱਢ ਸਿੱਖਾਂ ਵੱਲੋਂ ਗੁਰਦੁਆਰਿਆਂ ਦੀ ਆਜ਼ਾਦੀ ਲਈ ਆਰੰਭੀ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਅਤੇ ਅਕਾਲੀ ਲਹਿਰ ਨਾਲ ਬੱਝਦਾ ਹੈ। ਇਤਿਹਾਸ ਗਵਾਹ ਹੈ ਕਿ ਭਾਰਤ ਦੀ ਆਜ਼ਾਦੀ ਵਿਚ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਤੇ ਖਾਸਕਰ ਸਿੱਖਾਂ ਦੀਆਂ ਹੀ ਹਨ। ਉਨ੍ਹਾਂ ਕਿਹਾ ਕਿ ਜੰਗ-ਏ-ਆਜ਼ਾਦੀ ਵਿਚ ਸਿੱਖਾਂ ਨੂੰ ਸ਼ਹਾਦਤਾਂ ਦੇ ਨਾਲ-ਨਾਲ ਜੇਲ੍ਹਾਂ ਵੀ ਕੱਟਣੀਆਂ ਪਈਆਂ। ਇਸੇ ਤਹਿਤ ਹੀ ਅਨੇਕਾਂ ਸਿੱਖਾਂ ਨੂੰ ਕਾਲੇਪਾਣੀ ਦੀ ਸਜ਼ਾ ਵੀ ਹੋਈ ਜੋ ਉਨ੍ਹਾਂ ਨੇ ਅੰਡੇਮਾਨ ਦੀ ਸੈਲੂਲਰ ਜੇਲ੍ਹ ਵਿਚ ਅਨੇਕਾਂ ਤਸੀਹੇ ਝੱਲ ਕੇ ਕੱਟੀ। ਪ੍ਰੋ: ਬਡੂੰਗਰ ਨੇ ਕਿਹਾ ਕਿ ਇਸ ਜੇਲ੍ਹ ਵਿਚ ਸਿੱਖਾਂ ਦੇ ਇਤਿਹਾਸ ਨੂੰ ਮਿਟਾਉਣ ਦੀ ਸਾਜ਼ਿਸ਼ ਪੰਜਾਬੀਆਂ ਅਤੇ ਖਾਸਕਰ ਸਿੱਖਾਂ ਨਾਲ ਬੇਇਨਸਾਫੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਿੱਖ ਵਿਦਵਾਨਾਂ ਦਾ ਇੱਕ ਪ੍ਰਤੀਨਿਧ ਮੰਡਲ ਵੀ ਕਾਲੇਪਾਣੀ (ਅੰਡੇਮਾਨ ਨਿਕੋਬਾਰ) ਵਿਖੇ ਭੇਜਿਆ ਜਾਵੇਗਾ ਅਤੇ ਮੁਕੰਮਲ ਰਿਪੋਰਟ ਪ੍ਰਾਪਤ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਦੇਸ਼ ਲਈ ਕੁਰਬਾਨ ਹੋਣ ਵਾਲੇ ਸਿੱਖਾਂ ਦੇ ਯੋਗਦਾਨ ਨੂੰ ਕਾਲੇਪਾਣੀ ਜੇਲ੍ਹ ਦੇ ਅਜਾਇਬ ਘਰ ‘ਚੋਂ ਮਨਫ਼ੀ ਕਰਨਾ ਸ਼ਹੀਦਾਂ ਦਾ ਅਪਮਾਨ – ਪ੍ਰੋ: ਕਿਰਪਾਲ ਸਿੰਘ ਬਡੂੰਗਰ
This entry was posted in ਪੰਜਾਬ.