ਪਰਦਾ ਉੱਠਿਆ ਹੈ । ਉੱਠਿਆ ਨਹੀਂ, ਸਰਕਿਆ ਹੈ । ਥੋੜਾ ਖੱਬੇ ਹੱਥ, ਬਹੁਤਾ ਸੱਜੇ ਹੱਥ । ਚਿੱਟੇ ਪੀਲੇ ਚਾਨਣ ਨਾਲ ਤੁੰਨਿਆ ਇਕ ਹਾਲ ਕਮਰਾ ਸਟੇਜ ‘ਤੇ ਉਭਰਦਾ ਹੈ । ਇਸ ਦੇ ਰੌਸ਼ਨਦਾਨਾਂ ,ਤਾਕੀਆਂ, ਅਲਮਾਰੀਆਂ, ਦਰਵਾਜ਼ਿਆਂ ਦੇ ਨਾਂ , ਭਗਤਾਂ ਦੇ ਦੇਸ਼-ਭਗਤਾਂ , ਯੋਧਿਆਂ-ਸੂਰਬੀਰਾਂ , ਇਤਿਹਾਸਾਂ-ਮਿਥਿਹਾਸਾਂ , ਧਰਮਾਂ-ਗ੍ਰੰਥਾਂ, ਰਾਜਿਆਂ-ਰਾਣਿਆਂ ਦੇ ਨਾਵਾਂ ਨਾਲ ਜੋੜ ਕੇ ਰੱਖੇ ਹੋਏ ਹਨ ।
ਹਾਲ ਕਮਰੇ ਦੇ ਉੱਚੇ ਥੜ੍ਹੇ ‘ਤੇ ਬੈਠੀ ਵੱਡੀ ਕੁਰਸੀ ਕੁਝ ਬੋਲਣ ਲਈ ਆਪਣੀ ਢੋਅ ਤਣ ਲੈਂਦੀ ਹੈ ।
ਕਮਰੇ ਅੰਦਰ ਗੋਲ ਦਾਇਰੇ ਬਣਾਈ ਬੈਠੀਆਂ ਛੋਟੀਆਂ ਕੁਰਸੀਆਂ ਦੇ ਕੰਨ ਖੜੇ ਹੋ ਜਾਂਦੇ ਹਨ ।
“ ਯਾਦ ਹੈ ਨਾ ਕਿ ਤੁਹਾਡੀ ਹੋਂਦ ਮੇਰੇ ਕਾਰਨ ਹੈ ? “ ਵੱਡੀ ਆਖਦੀ ਹੈ ।
“ ਜੀ ……..ਈ ਮਾਈ ਬਾਪ , ਹਾਂ ….ਹਾਂ ਮਾਈ ਬਾਪ । “
“ ਕਿਸੇ ਨੂੰ ਭੁਲੇਖਾ ਨਾ ਹੋਵੇ ਕਿ ਮੈਂ ਤੁਹਾਡੀ ਬਦੌਲਤ ਹਾਂ । “
“ ਕੰਧਾਂ ਦੀ ਇਸ ਸਬੰਧੀ ਕੀ ਰਾਏ ਹੈ ? “ ਵੱਡੀ ਕੁਰਸੀ ਨੇ ਚਾਰੇ ਪਾਸੇ ਅੱਖਾਂ ਘੁਮਾਈਆਂ ਹਨ ।
ਪਿਛਲੀ ਕੰਧ ਨੇ ਹੱਥਾਂ ‘ਚ ਸਾਂਭੇ ਚੋਰ ਸਮੇਤ ਕੁਰਸੀ ਸਾਹਮਣੇ ਹੋ ਕੇ ਡੰਡੌਤ ਕੀਤੀ ਹੈ, ਬੋਲੀ ਕੁਝ ਨਹੀਂ । ਸਾਹਮਣੀ ਕੰਧ ਨੇ ਚਾਰ ਕਦਮ ਅੱਗੇ ਵੱਧ ਕੇ ਸਲੂਟ ਮਾਰਿਆ ਹੈ ,ਬੋਲੀ ਕੁਝ ਨਹੀਂ । ਸੱਜੇ –ਪਾਸੇ ਵਾਲੀਆਂ ਦੋਨੋਂ ਕੰਧਾਂ ਨੇ ਦੋ-ਦੋ ਕਦਮ ਖੱਬੇ-ਸੱਜੇ ਪੁਜ਼ੀਸ਼ਨਾਂ ਲੈ ਕੇ ਇਕੱਠਿਆਂ ਸਲੂਟ ਮਾਰਿਆ ਹੈ , ਬੋਲੀਆਂ ਉਹ ਵੀ ਕੁਝ ਨਹੀਂ ।
ਵੱਡੀ ਕੁਰਸੀ ਦੇ ਚਿਹਰੇ ਉਤੇ ਮਸ਼ਕਰੀ ਭਰੀ ਮੁਸਕਾਨ ਤਣ ਗਈ ਹੈ । …..ਹੌਲੇ ਜਿਹੇ ਪੈੱਨ ਵਾਲਾ ਹੱਥ ਕਾਪੀ ਤੋਂ ਉੱਪਰ ਉੱਠਾ , ਅਸ਼ੀਰਵਾਦ ਦੀ ਮੁਦਰਾ ਵਜੋਂ ਹਵਾ ਵਿੱਚ ਹਿਲਾਇਆ ਹੈ ।
ਕੰਧਾਂ ਨੇ ਸਲੂਟ ਲਈ ਚੁੱਕਿਆ ਇਕ-ਇਕ ਹੱਥ ਦੂਜੇ ਮੋਢੇ ‘ਤੇ ਧਰੇ ਹਥਿਆਰਾਂ ਦੇ ਬੱਟ ‘ਤੇ ਮਾਰ ਕੇ ਨੀਵਾਂ ਕੀਤਾ ਹੈ ਅਤੇ ਅਪਣੀ ਥਾਂ ਸਿਰ ਚਲੀਆਂ ਗਈਆਂ ਹਨ ।
“ ਦਰਵਾਜ਼ੇ-ਖਿੜਕੀਆਂ ਦਾ ਕੀ ਵਿਚਾਰ ਹੈ ? “ ਵੱਡੀ ਕੁਰਸੀ ਦੇ ਚਿਹਰੇ ‘ਤੇ ਫਿਰ ਗੰਭੀਰਤਾ ਦੀ ਛਾਂ ਹੋ ਗਈ ।ਦਰਵਾਜ਼ੇ-ਖਿੜਕੀਆਂ ਨੂੰ ਜਿਵੇਂ ਕੁਝ ਵੀ ਨਾ ਸੁਣਿਆ ਹੋਵੇ ।
ਵੱਡੀ ਕੁਰਸੀ ਦੇ ਬੋਲ ਫਿਰ ਕੜਕੇ ਹਨ ।
ਹਵਾ ਦਾ ਇਕ ਠੰਡਾ-ਠਾਰ ਫ਼ਰਾਟਾ ਹਾਲ ਕਮਰੇ ਅੰਦਰ ਲੰਘ ਆਉਂਦਾ ਹੈ , ਪਰ ਹਰ ਦਰਵਾਜ਼ਾ ਬਾਹਰ ਵਲ ਮੂੰਹ ਕੀਤੀ ਆਪਣੀ ਆਪਣੀ ਥਾਂ ਖੜਾ ਰਹਿੰਦਾ ਹੈ ।
ਵੱਡੀ ਕੁਰਸੀ ਦਾ ਧਿਆਨ ਛੱਤ ਵਲ ਜਾਂਦਾ ਹੈ ।
ਛੱਤ, ਹੱਸ ਛੱਡਦੀ ਹੈ ।
ਵੱਡੀ ਕੁਰਸੀ ਦੇ ਚਿਹਰੇ ‘ਤੇ ਤਿਊੜੀਆਂ ਉਭਰ ਆਉਂਦੀਆਂ ਹਨ ਅਤੇ ਉਹ ਫ਼ਰਸ਼ ਵਲ ਦੇਖਣ ਲੱਗਦੀ ਹੈ ।
ਕੁਰਸੀਆਂ ਦੇ ਪੈਰਾਂ ਨੂੰ ਲੱਗੀਆਂ ਖੁਰੀਆਂ ਦੀ ਚੌਭ ਕਾਰਨ ਸੁੱਤੇ ਹੋਏ ਫ਼ਰਸ਼ ਨੇ ਅੱਖਾਂ ਪੁਟੀਆਂ ਹਨ- ਪਾਸਾ ਪਰਤਿਆ ਹੈ । ਆਕੜ ਭੰਨ ਕੇ ਉਹਨੇ ਆਲਸ ਤੋੜੀ ਹੈ ਅਤੇ ਖਿਲਰੀ ਜੁੱਲੀ ਦੀ ਬੁੱਕਲ ਮਾਰ ਕੇ ਬੈਠ ਜਾਂਦਾ ਹੈ । ਨੀਦੋਂ –ਜਾਗੇ ਫ਼ਰਸ਼ ਦੀਆਂ ਅੱਖਾਂ ਅੰਦਰ ਲਾਲ-ਲਾਲ ਡੋਰੇ ਦੇਖ ਕੇ ਵੱਡੀ ਕੁਰਸੀ ਅਵਾ-ਤਵਾ ਬੋਲਦੀ , ਚੌਹਾਂ ਲੱਤਾਂ ਭਾਰ ਉੱਠ ਕੇ ਖੜੀ ਹੋ ਜਾਂਦੀ ਹੈ ।
ਚੀਥੜੇ ਜਿਹੀ ਜੁੱਲੀ ਦੀ ਢੋਅ ਲਾਈ ਬੈਠਾ , ਕਾਲ-ਹਲੂਣਾ ,ਚਿੱਥ-ਖੜਿਬਾ ਫ਼ਰਸ਼,ਸਿਓ ਰੰਗੀ ਕੁਰਸੀ ਦੇ ਗੋਲ-ਮਟੋਲ ਚਿਹਰੇ ‘ਤੇ ਬੀੜੀਆਂ ਬਿੱਲੀਆਂ ਅੱਖਾਂ ਵਿਚੋਂ ਚੌ ਕੇ ਸ਼ਰਬਤੀ ਰੰਗ ਨੂੰ ਦੇਖਦਾ ਰਹਿੰਦਾ ਹੈ ……..ਦੇਖਦਾ ਰਹਿੰਦਾ ਹੈ ।
ਬੇ-ਆਰਾਮ ਹੋਈ ਕੁਰਸੀ ਤਲਮਲਾ ਜਾਂਦੀ ਹੈ ਤੇ ਅਕਾਰਨ ਹੀ ਪਾਸੇ ਮਾਰਨ ਲੱਗਦੀ ਹੈ ।
ਫ਼ਰਸ਼ ਦੀ ਤਾੜਵੀਂ ਨਿਗਾਹ ਕੁਰਸੀ ਦੇ ਚਿਹਰੇ ‘ਤੇ ਉਵੇਂ ਦੀ ਉਵੇਂ ਹੀ ਟਿਕੀ ਰਹਿੰਦੀ ਹੈ ……..ਟਿਕੀ ਰਹਿੰਦੀ ਹੈ ।
“ ਇਹ ਕੀ ਬਕਵਾਸ ਹੈ ? “ ਆਖਿਰ ਕੁਰਸੀ ਤੋਂ ਰਿਹਾ ਨਹੀਂ ਜਾਂਦਾ ।
ਫ਼ਰਸ਼ ‘ਤੇ ਕੋਈ ਅਸਰ ਨਹੀਂ ਹੁੰਦਾ ।
ਆਪੇ ਤੋਂ ਬਾਹਰ ਹੋਈ ਵੱਡੀ ਕੁਰਸੀ ਨੂੰ ਆਪਣਾ ਸਿੰਘਾਸਣ ਹਿਲਦਾ ਜਾਪਦਾ ਹੈ । ਉਸ ਨੇ ਛੋਟੀਆਂ ਕੁਰਸੀਆਂ ਤੋਂ ਅਜਿਹੇ ‘ਵਾਹਿਯਾਤ ’ ਫ਼ਰਸ਼ ਨੂੰ ਤਹਿਸ –ਨਹਿਸ ਕਰ ਦੇਣ ਦਾ ਸਮਰਥਨ ਮੰਗਿਆ ਹੈ ।
ਛੋਟੀਆਂ ਕੁਰਸੀਆਂ ਨੇ ਦੋਨੋਂ-ਦੋਨੋਂ ਬਾਹਾਂ ਖੜ੍ਹੀਆਂ ਕਰ ਕੇ ਪਰਸਤਾਵ ਪਾਸ ਕਰ ਦਿੱਤਾ ਹੈ , ਪਰ ……..ਪਰ ਪੰਜ-ਚਾਰ ਕੁਰਸੀਆਂ ਬਾਹਾਂ ਖੜੀਆਂ ਕਰਨ ਦੀ ਥਾਂ ਆਪ ਖੜੀਆਂ ਹੋ ਗਈਆਂ ਹਨ ।
ਵੱਡੀ ਕੁਰਸੀ ਦਾ ਨਜ਼ਲਾ ਫ਼ਰਸ਼ ਤੋਂ ਹਟ ਕੇ ਖੜੀਆਂ ਕੁਰਸੀਆਂ ‘ਤੇ ਡਿੱਗਦਾ ਹੈ ।
“ਇੰਝ ਸਾਹਮਣੇ ਹੋਣਾ ਹੁਕਮ-ਅਦੂਲੀ ਹੈ । ”
“ ਨਹੀਂ ……….ਮਾਈ-ਬਾਪ , ਸਾਡੀ ਰਾਏ………।“
“ ਰਾਏ-ਵਾਏ ਕੁਛ ਨਹੀਂ, ਪਰਸਤਾਵ ਪਾਸ ਹੋ ਚੁੱਕਾ ਹੈ । “
“ਸਾਡੀ ਗੱਲ ਤਾਂ ਸੁਣ ਲਈ ਜਾਏ , “ ਖੜੀਆਂ-ਕੁਰਸੀਆਂ ਇਕੱਠੀਆਂ ਬੌਲੀਆਂ ਹਨ ।
“ ਮੇਰੇ ਕੰਨ ਗੁਸਤਾਖ ਗੱਲਾਂ ਸੁਣਨ ਦੇ ਆਦੀ ਨਹੀਂ । “
“ ਇਹ , ਗੁਸਤਾਖੀ ਨਹੀਂ ਸੱਚਾਈ ਹੈ , ਡਿਕਟੇਟਰ ਸਾਹਬ ………। ਫ਼ਰਸ਼ ਤੋਂ ਬਿਨਾਂ ਕੁਰਸੀਆਂ ਕਿੱਥੇ ਬੈਠਣਗੀਆਂ,ਕੰਧਾਂ ਕਿੱਥੇ ਖੜੀਆਂ ਹੋਣਗੀਆਂ ……..,”
ਸ਼ਬਦ ‘ਡਿਕਟੇਟਰ ’ ਸੁਣ ਕੇ ਵੱਡੀ ਕੁਰਸੀ ਨੂੰ ਜਿਵੇਂ ਅੱਗ ਈ ਲੱਗ ਗਈ ਹੋਵੇ । ਖੜੀਆਂ ਕੁਰਸੀਆਂ ਦੀ ਗੱਲ ਦਾ ਬਾਕੀ ਹਿੱਸਾ , ਵੱਡੀ ਕੁਰਸੀ ਦੇ ਕੰਨਾਂ ਤਕ ਪਹੁੰਚਣ ਤੋਂ ਪਹਿਲਾਂ ਹੀ , ਉਸ ਦੇ ਮੂੰਹ ‘ਚੋਂ ਉੱਗਲ ਹੁੰਦੀ ਅੱਗ ਵਿੱਚ ਭਸਮ ਹੋ ਗਿਆ ਹੈ ।
ਅੱਗ ਭਬੂਕਾ ਹੋਈ ਵੱਡੀ ਕੁਰਸੀ ਨੇ ਖੜੀਆਂ ਕੁਰਸੀਆਂ ਨੂੰ ਢਹਿ-ਢੇਰੀ ਕਰਨ ਦਾ ਹੁਕਮ ਚਾੜ੍ਹ ਦਿੱਤਾ ।
ਪਿਛਲੀ ਅਤੇ ਸਾਹਮਣਲੀ ਕੰਧ ਨੇ ਲਾਠੀਆਂ ਮਾਰ-ਮਾਰ ਖੜੀਆਂ ਕੁਰਸੀਆਂ ਨੂੰ ਫ਼ਰਸ਼ ‘ਤੇ ਵਿਛਾ ਦਿੱਤਾ ਹੈ ।
ਵੱਡੀ ਕੁਰਸੀ ਨੇ ‘ਫ਼ਸਾਦ ਦੀ ਜੜ੍ਹ ‘ ਫ਼ਰਸ਼ ਨੂੰ ‘ਬੰਦੇ ਦਾ ਪੁੱਤ ’ ਬਣਾਉਣ ਦਾ ਹੁਕਮ ਦਿੱਤਾ ਹੈ ।
ਪਿਛਲੀ ਅਤੇ ਸਾਹਮਣਲੀ ਕੰਧ ਨੇ ਲਾਠੀਆਂ ਦੀ ਥਾਂ ਅਥਰੂ-ਗੈਸ,ਪਸਤੌਲਾਂ,ਰਾਈਫ਼ਲਾਂ,ਕਾਰਬਾਈਨਾਂ ,ਸਟੇਨ ਗੱਨਾਂ , ਬਰੈਨਗੱਲਾਂ ਦੀ ਵਰਤੋਂ ਕੀਤੀ ਹੈ ।
ਜ਼ਖਮੀ ਹੋਏ ਫ਼ਰਸ਼ ਦੀਆਂ ਅੱਖਾਂ ਵਿਚਲੇ ਲਾਲ ਡੋਰੇ ਹੋਰ ਸੰਘਣੇ ਹੋ ਗਏ ਹਨ ਅਤੇ ਸਮਾਧੀ ਹੋਰ ਸਥਿਰ ।
ਵੱਡੀ ਕੁਰਸੀ ਨੇ , ਫ਼ਰਸ਼ ਦੀਆਂ ਹਾਲੀਂ ਤੱਕ ਦੇਖੀ ਜਾਣ ਦੀ ਸਮਰੱਥਾ ਰੱਖਣ ਯੋਗ ਅੱਖਾਂ ਅੰਦਰ ਬਾਰੂਦ ਦਾ ਹੋਰ ਧੂੰਆਂ ਭਰਨ ਲਈ , ਤਿਆਰ-ਬਰ-ਤਿਆਰ ਖੜੀਆਂ ਦੂਜੀਆਂ ਕੰਧਾਂ ਨੂੰ ਵੀ ਇਸ਼ਾਰਾ ਕੀਤਾ ਹੈ ।
ਅੱਧੇ ਛਿੰਨ ਅੰਦਰ ਦੋਨੋਂ ਕੰਧਾਂ ਨੇ ‘ਫਾਇਰ-ਦੀ-ਪੁਜ਼ੀਸਨ ’ ਲਈ ਆਪਣਾ ਇਕ-ਇਕ ਗੋਡਾ ਟੇਕਿਆ ਹੀ ਹੈ ਕਿ………ਕਿ………ਕਿ ਉਹਨਾਂ ਆਸਰੇ ਖੜੀ ਛੱਤ ਵੀ ਖਿਸਕਣ ਲੱਗਦੀ ਹੈ ,ਡੋਲ ਜਾਂਦੀ ਹੈ ।
ਭੈ-ਭੀਤ ਹੋਈ ਵੱਡੀ ਕੁਰਸੀ ,ਡਿਗਣ ਲੱਗੀ ਛੱਤ ਵਿੱਚੋਂ ਆਪਣਾ ਆਪ ਬਚਾਉਣ ਲਈ ਦਰਵਾਜ਼ੇ ਵਲ ਦੌੜਦੀ ਹੈ …..ਤੇ ਰਵਾਂ-ਰਵੀਂ ਬਾਹਰ ਨਿਕਲ ਜਾਂਦੀ ਹੈ ।
ਹਾਲ ਕਮਰੇ ਅੰਦਰ ਬੈਠੀਆਂ ਛੋਟੀਆਂ ਕੁਰਸੀਆਂ ਫਿਕਰਮੰਦ ਹੋ ਗਈਆਂ ਹਨ ਅਤੇ ‘ਐਕਸ਼ਨ ’ ਰੋਕ ਕੇ ਆਪਣੀ ਆਪਣੀ ਥਾਂ ਸਿਰ ਜਾ ਖੜੀਆਂ ਕੰਧਾਂ-ਪਰੇਸ਼ਾਨ ।
ਬਾਹਰ ਵਲ ਮੂੰਹ ਕੀਤੀ ਖੜਾ ਦਰਵਾਜ਼ਾ ,ਅਡੋਲ ਖੜਾ ਹੈ ।
ਹਵਾ ਦਾ ਇਕ ਠੰਡਾ-ਠਾਰ ਫਰਾਟਾ ਅੰਦਰ ਲੰਘ ਆਉਂਦਾ ਹੈ । ਅਤੇ ….ਅਤੇ ਲਹੂ-ਲੁਹਾਨ ਹੋਇਆ ਫ਼ਰਸ਼ ਜ਼ਖਮਾਂ ‘ਚੋਂ ਰਿਸਦੀ ਪੀੜ ਨੂੰ ਭੁੱਲ ਕੇ ਵੀ , ਹੱਸਣ ਦਾ ਯਤਨ ਕਰਦਾ ਹੈ ………ਹੱਸਣ ਵਿੱਚ ਸਫ਼ਲ ਹੁੰਦਾ ਹੈ ……..ਹੱਸਦਾ ਰਹਿੰਦਾ ਹੈ …….ਅਤੇ ਹੱਸਦਾ ……….ਹੀ……….ਰਹਿੰਦਾ ……..ਹੈ ।……….
ਪਰਦਾ ।
———————————-
ਪਹਿਲੀ ਤੋਂ ਅਗਲੀ ਝਾਕੀ
April 9, 2017
by: ਲਾਲ ਸਿੰਘ
by: ਲਾਲ ਸਿੰਘ
This entry was posted in ਕਹਾਣੀਆਂ.