ਨਵੀਂ ਦਿੱਲੀ – ਭਾਰਤ ਦੇ ਸਾਬਕਾ ਨੇਵੀ ਅਫ਼ਸਰ ਕੁਲਭੂਸ਼ਣ ਜਾਧਵ ਨੂੰ ਪਾਕਿਸਤਾਨ ਵਿੱਚ ਜਾਸੂਸੀ ਦੇ ਆਰੋਪ ਵਿੱਚ ਉਥੋਂ ਦੇ ਮਿਲਟਰੀ ਟਰੀਬਿਊਨਲ ਕੋਰਟ ਵੱਲੋਂ ਸੁਣਾਈ ਗਈ ਮੌਤ ਦੀ ਸਜ਼ਾ ਦੇ ਬਾਅਦ ਦੋਵਾਂ ਦੇਸ਼ਾਂ ਵਿੱਚ ਖਟਾਸ ਵੱਧਦੀ ਹੀ ਜਾ ਰਹੀ ਹੈ। ਪਾਕਿਸਤਾਨ ਦੇ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਨੇ ਮੰਗਲਵਾਰ ਨੂੰ ਕਿਹਾ ਕਿ ਸਾਡੀ ਸੈਨਾ ਕਿਸੇ ਵੀ ਤਰ੍ਹਾਂ ਦੀ ਚੁਣੌਤੀ ਨਾਲ ਨਜਿਠਣ ਲਈ ਪੂਰੀ ਤਰ੍ਹਾਂ ਨਾਲ ਯੋਗ ਅਤੇ ਤਿਆਰ ਹੈ।
ਪਾਕਿਸਤਾਨੀ ਪ੍ਰਧਾਨਮੰਤਰੀ ਸ਼ਰੀਫ਼ ਦਾ ਇਹ ਬਿਆਨ ਕੁਲਭੂਸ਼ਣ ਜਾਧਵ ਨੂੰ ਜਾਸੂਸੀ ਅਤੇ ਇਸਲਾਮਾਬਾਦ ਦੇ ਖਿਲਾਫ਼ ਜੰਗ ਛੇੜਨ ਦੇ ਆਰੋਪ ਵਿੱਚ ਦਿੱਤੀ ਗਈ ਫਾਂਸੀ ਦੀ ਸਜ਼ਾ ਦੇ ਇੱਕ ਦਿਨ ਬਾਅਦ ਆਇਆ ਹੈ। ਪੀਐਮ ਨਵਾਜ਼ ਸ਼ਰੀਫ਼ ਨੇ ਕਿਹਾ, “ਪਾਕਿਸਤਾਨ ਸ਼ਾਂਤੀ ਪ੍ਰਿਅ ਦੇਸ਼ ਹੈ, ਪਰ ਇਸ ਨੂੰ ਉਸ ਦੀ ਕਮਜ਼ੋਰੀ ਦੇ ਤੌਰ ਤੇ ਨਾ ਵੇਖਿਆ ਜਾਵੇ। ਵਿਵਾਦ ਦੀ ਜਗ੍ਹਾ ਸਹਿਯੋਗ ਅਤੇ ਸਾਂਝੀ ਖੁਸ਼ਹਾਲੀ ਸਾਡੀ ਨੀਤੀ ਰਹੀ ਹੈ।”
ਉਨ੍ਹਾਂ ਨੇ ਇਹ ਸ਼ਬਦ ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾਹ ਇਲਾਕੇ ਦੇ ਨੁਸ਼ਿਹਰਾ ਜਿਲ੍ਹੇ ਦੇ ਰਿਸਾਲਪੁਰ ਸਿਟੀ ਵਿੱਚ ਅਸਗਰ ਖਾਨ ਪਾਕਿਸਤਾਨ ਏਅਰ ਫੋਰਸ ਅਕੈਡਮੀ ਵਿੱਚ ਆਯੋਜਿਤ ਇੱਕ ਸਮਾਗਮ ਦੌਰਾਨ ਕਹੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਸਿਰਫ਼ ਆਪਣੀ ਸੰਪਰਭੁਤਾ ਦੀ ਸੁਤੰਤਰਤਾ ਦੀ ਰੱਖਿਆ ਕਰਨ ਲਈ ਬੈਠੇ ਨਹੀਂ ਰਹਿਣਗੇ।