ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖਾਲਸਾ ਸਿਰਜਨਾ ਦਿਹਾੜੇ ਮੌਕੇ ਪਾਕਿਸਤਾਨ ’ਚ ਲਗਭਗ 150 ਪ੍ਰਾਣੀਆਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਜਾਵੇਗੀ। ਇਸ ਗੱਲ ਦੀ ਜਾਣਕਾਰੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਵੈਸਾਖੀ ਮੌਕੇ ਪਾਕਿਸਤਾਨ ਦੇ ਪੱਵਿਤਰ ਗੁਰੂਧਾਮਾਂ ਦੇ ਦਰਸ਼ਨ ਦੀਦਾਰੇ ਕਰਨ ਜਾ ਰਹੇ ਜਥੇ ਨੂੰ ਰਵਾਨਾ ਕਰਨ ਮੌਕੇ ਦਿੱਤੀ।
ਜੀ.ਕੇ. ਨੇ ਦੱਸਿਆ ਕਿ ਕਮੇਟੀ ਵੱਲੋਂ 169 ਯਾਤਰੂਆਂ ਦਾ ਜਥਾ ਸਾਬਕਾ ਕਮੇਟੀ ਮੈਂਬਰ ਗੁਰਵਿੰਦਰ ਪਾਲ ਸਿੰਘ ਦੀ ਅਗਵਾਈ ਤੇ ਅਕਾਲੀ ਆਗੂ ਰਵਿੰਦਰ ਜੀਤ ਸਿੰਘ ਦੀ ਨਿਗਰਾਨੀ ਹੇਠ ਭੇਜਿਆ ਜਾ ਰਿਹਾ ਹੈ। ਸਾਲ ਵਿਚ ਦੋ ਵਾਰ ਕਮੇਟੀ ਵੱਲੋਂ ਪਾਕਿਸਤਾਨ ’ਚ ਅੰਮ੍ਰਿਤ ਸੰਚਾਰ ਕਰਾਉਣ ਦੇ ਟੀਚੇ ਨਾਲ ਜਥੇ ਦੇ ਨਾਲ ਜਾ ਰਹੇ ਪੰਜ ਪਿਆਰਿਆਂ ਵੱਲੋਂ ਗੁਰਦੁਆਰਾ ਪੰਜਾ ਸਾਹਿਬ ਲਾਹੌਰ ਵਿਖੇ ਲਗਭਗ 150 ਪ੍ਰਾਣੀਆਂ ਨੂੰ ਅੰਮ੍ਰਿਤ ਛਕਾਉਣ ਦੀ ਤਿਆਰੀ ਕੀਤੀ ਗਈ ਹੈ। ਜਥਾ ਅਟਾਰੀ ਬਾਰਡਰ ਤੋਂ ਪਾਕਿਸਤਾਨ ’ਚ ਪ੍ਰਵੇਸ਼ ਕਰਨ ਉਪਰੰਤ 21 ਅਪ੍ਰੈਲ ਨੂੰ ਭਾਰਤ ਵਾਪਿਸ ਪਰਤੇਗਾ।
ਜੀ.ਕੇ. ਨੇ ਖੁਲਾਸਾ ਕੀਤਾ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਵੱਡੇ ਪੱਧਰ ’ਤੇ ਮਨਾਉਣ ਲਈ ਪਾਕਿਸਤਾਨ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਬੰਧਕਾ ਨਾਲ ਪ੍ਰੋਗਰਾਮਾਂ ਦੀ ਰੂਪਰੇਖਾ ਤਿਆਰ ਕਰਨ ਲਈ ਜਰੂਰੀ ਮੀਟਿੰਗ ਹੋਣ ਦੀ ਵੀ ਯਾਤਰਾ ਦੌਰਾਨ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਜਿਥੇ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਉਸ ਸਥਾਨ ਦੇ ਦਰਸ਼ਨ ਦੀਦਾਰੇ ਕਰਨ ਲਈ ਅਸੀਂ ਗੁਰੂ ਸਾਹਿਬ ਦੇ ਚਰਨਾਂ ਵਿਚ ਅਰਦਾਸ ਰਾਹੀਂ ਰੋਜ਼ਾਨਾ ਬੇਨਤੀ ਕਰਦੇ ਹਾਂ।ਇਸ ਲਈ ਵਿਚਾਰਕ ਮਤਭੇਦਾਂ ਨੂੰ ਦਰਕਿਨਾਰ ਕਰਕੇ ਦਿੱਲੀ ਕਮੇਟੀ ਕੌਮ ਦੇ ਵਡੇਰੇ ਹਿਤਾਂ ਨੂੰ ਮੁੱਖ ਰੱਖਕੇ ਪਾਕਿਸਤਾਨ ਕਮੇਟੀ ਨਾਲ ਪਿਆਰ ਅਤੇ ਇਤਫ਼ਾਕ ਦੇ ਮਾਹੌਲ ’ਚ ਗੱਲਬਾਤ ਕਰਨ ਲਈ ਆਸ਼ਵੰਦ ਹੈ।
ਯਾਤਰਾ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਚੰਢੋਕ ਨੇ ਯਾਤਰਾ ਦੌਰਾਨ ਕਮੇਟੀ ਦੇ ਹਜੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਵੱਲੋਂ ਗੁਰਬਾਣੀ ਕੀਰਤਨ ਕਰਨ ਦੀ ਜਾਣਕਾਰੀ ਦਿੱਤੀ। ਇਥੇ ਦੱਸਣਯੋਗ ਹੈ ਕਿ ਪਹਿਲੀ ਵਾਰ ਜਥੇ ਨੂੰ ਰਵਾਨਾ ਕਰਨ ਵੇਲੇ ਕਮੇਟੀ ਵੱਲੋਂ ਸਿਰਪਾਊ ਦੀ ਥਾਂ ਫੁੱਲਾਂ ਦੇ ਸਿਹਰੇ ਦੀ ਵਰਤੋਂ ਕੀਤੀ ਗਈ।