ਨਵੀਂ ਦਿੱਲੀ : ਹਰਿਦੁਆਰ ਦੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਮੁੜ ਸਥਾਪਨਾ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ‘‘ਗਿਆਨ ਪ੍ਰਕਾਸ਼ ਮੁਹਿੰਮ’’ ਦੀ ਆਰੰਭਤਾ ਕਰਨ ਦਾ ਐਲਾਨ ਕੀਤਾ। ਖਾਲਸਾ ਸਿਰਜਨਾ ਦਿਹਾੜੇ ਮੌਕੇ ਗੁਰਦੁਆਰਾ ਮਜਨੂੰ ਟੀਲਾ ਸਾਹਿਬ ਵਿਖੇ ਸੰਗਤਾਂ ਨੂੰ ਸੰਬੋਧਿਤ ਕਰਦੇ ਹੋਏ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਗੁਰੂ ਨਾਨਕ ਸਾਹਿਬ ਦੇ 2019 ਵਿਚ ਆ ਰਹੇ 550ਵੇਂ ਪ੍ਰਕਾਸ਼ ਪੁਰਬ ਨੂੰ ਇਸ ਮੁਹਿੰਮ ਦੇ ਸਮਰਪਿਤ ਹੋਣ ਦੀ ਜਾਣਕਾਰੀ ਦਿੱਤੀ।
ਜੀ. ਕੇ. ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਭਰਮ-ਭੁਲੇਖੇ ਵਿਚ ਪਈ ਲੋਕਾਈ ਨੂੰ ਹੱਕ ਅਤੇ ਸੱਚ ਦੇ ਮਾਰਗ ਦਾ ਪਾਂਧੀ ਬਣਾਉਣ ਲਈ ਆਪਣੀ ਉਦਾਸੀਆਂ ਦੌਰਾਨ ਵੱਖ-ਵੱਖ ਥਾਂਵਾ ਤੇ ਪੁੱਜ ਕੇ ਭਰਮ ਦਾ ਨਾਸ ਕਰਦੇ ਹੋਏ ਗਿਆਨ ਦਾ ਪ੍ਰਕਾਸ਼ ਕੀਤਾ ਸੀ।ਇਸ ਲਈ ਗਿਆਨ ਦੇ ਲੁਕਵੇਂ ਪ੍ਰਕਾਸ਼ ਨੂੰ ਮੁੜ ਸੁਰਜੀਤ ਕਰਨ ਲਈ ਕਮੇਟੀ ਨੇ ਧਾਰਮਿਕ, ਸਮਾਜਿਕ ਅਤੇ ਕਾਨੂੰਨੀ ਤਰੀਕੇ ਨਾਲ ਲੜਾਈ ਲੜਨ ਦੀ ਵਿਓਤਬੰਦੀ ਕਰ ਲਈ ਹੈ। ਜਿਸਦੀ ਜਾਣਕਾਰੀ ਛੇਤੀ ਹੀ ਸੰਗਤਾਂ ਤਕ ਪਹੁੰਚਾ ਦਿੱਤੀ ਜਾਵੇਗੀ।
ਦਰਅਸਲ ਕੁੰਭ ਦੇ ਮੇਲੇ ਦੌਰਾਨ ਕੁਝ ਸਰਧਾਲੂਆਂ ਦੀ ਹਰਿ ਕੀ ਪੌੜੀ ਵਿਖੇ ਭਗਦੜ ’ਚ ਹੋਈ ਮੌਤ ਉਪਰੰਤ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਨੂੰ 1979 ’ਚ ਮੇਲਾ ਪ੍ਰਸ਼ਾਸਨ ਨੇ ਵਿਕਾਸ ਮੁਹਿੰਮ ਤਹਿਤ ਢਾਹ-ਢੇਰੀ ਕਰ ਦਿੱਤਾ ਸੀ। ਮੰਨਿਆ ਜਾਂਦਾ ਹੈ ਕਿ ਇਸ ਅਸਥਾਨ ’ਤੇ ਗੁਰੂ ਸਾਹਿਬ ਨੇ ਪਾਂਡਿਆਂ ਵੱਲੋਂ ਸੂਰਜ ਵੱਲ ਨੂੰ ਮੂੰਹ ਕਰਕੇ ਜਲ ਆਪਣੇ ਪਿੱਤਰਾਂ ਤਕ ਪਹੁੰਚਾਉਣ ਦੀ ਚਲਾਈ ਜਾਂਦੀ ਪਿਰਤ ਦਾ ਖੰਡਨ ਕਰਨ ਲਈ ਪੱਛਮ ਵੱਲ ਨੂੰ ਮੂੰਹ ਕਰਕੇ ਕਰਤਾਰਪੁਰ ਵਿਖੇ ਆਪਣੇ ਖੇਤਾਂ ਤਕ ਜਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ। ਇਸ ਕਰਕੇ ਅਗਿਆਨਤਾ ’ਤੇ ਚੋਟ ਕਰਨ ਦੇ ਪ੍ਰਤੀਕ, ਕੌਮ ਦੇ ਇਸ ਮਾਣਮਤੇ ਇਤਿਹਾਸ ਦੀ ਸੰਭਾਲ ਲਈ ਦਿੱਲੀ ਕਮੇਟੀ ਨੇ ਹਰ ਹੀਲਾ ਵਰਤਣ ਦਾ ਸਾਫ਼ ਸੰਕੇਤ ਦੇ ਦਿੱਤਾ ਹੈ।
ਜੀ. ਕੇ. ਨੇ ਹਰ ਹਾਲਾਤ ’ਚ ਗੁਰਦੁਆਰਾ ਸਾਹਿਬ ਦੀ ਮੁੜ ਸਥਾਪਨਾ ਦੀ ਵਕਾਲਤ ਕਰਕੇ ਬੀਤੇ ਦਿਨੀਂ ਕਮੇਟੀ ਦੇ ਜਨਰਲ ਇਜਲਾਸ ’ਚ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਹਰਿਦੁਆਰ ਅਤੇ ਗੁਰਦੁਆਰਾ ਆਰਤੀ ਸਾਹਿਬ ਜੰਗਨਨਾਥ ਪੁਰੀ ਦਾ ਕਬਜਾ ਪੰਥ ਹਵਾਲੇ ਕਰਨ ਦੇ ਪਾਸ ਕੀਤੇ ਗਏ ਮੱਤੇ ਦੀ ਵੀ ਪ੍ਰੋੜ੍ਹਤਾ ਕਰ ਦਿੱਤੀ ਹੈ।
ਇਸ ਮੌਕੇ ਕਮੇਟੀ ਵੱਲੋਂ 12ਵੀਂ ਜਮਾਤ ਦੇ ਪੰਜਾਬ ਭਾਸ਼ਾ ’ਚ 75 ਫੀਸਦੀ ਤੋਂ ਵੱਧ ਅੰਕ ਲਿਆਉਣ ਵਾਲੇ ਬੱਚਿਆਂ ਨੂੰ ਯਾਦਗਾਰੀ ਚਿਨ੍ਹ ਅਤੇ ਨਗਦ ਇਨਾਮ ਦੇ ਕੇ ‘‘ਮਾਂ-ਬੋਲੀ ਦੇ ਸੂਰਮੇ’’ ਵੱਜੋਂ ਸਤਿਕਾਰਿਆ ਗਿਆ। ਪੇਸ਼ੇਵਰ ਕੁਸ਼ਤੀ ’ਚ ਹੱਥ ਅਜਮਾਉਣ ਦੀ ਤਿਆਰੀ ਕਰ ਰਹੇ ਉਭਰਦੇ ਸਿੱਖ ਖਿਡਾਰੀ ਗੁਰਵਿੰਦਰ ਸਿੰਘ ਸੈਂਕੀ ਨੂੰ ਡੇਢ ਲੱਖ ਰੁਪਏ ਸਹਾਇਤਾ ਰਾਸ਼ੀ ਵੱਜੋਂ ਕਮੇਟੀ ਪ੍ਰਧਾਨ ਨੇ ਇਸ ਮੌਕੇ ਤਕਸੀਮ ਕੀਤੇ। ਕਮੇਟੀ ਦੇ ਖੋਜ ਅਦਾਰੇ ਇੰਟਰਨੈਸ਼ਨਲ ਸੈਂਟਰ ਫਾਰ ਸਿੱਖ ਸਟਡੀਜ ਵੱਲੋਂ ਕਰਵਾਏ ਜਾਂਦੇ ਮਹੀਨਾਵਾਰੀ ਸੈਮੀਨਾਰਾਂ ’ਚ ਸਿੱਖ ਵਿਦਿਵਾਨਾਂ ਵੱਲੋਂ ਪੜੇ ਗਏ ਪਰਚਿਆਂ ਨੂੰ ਅਦਾਰੇ ਦੀ ਡਾਈਰੈਕਟਰ ਡਾ. ਹਰਬੰਸ ਕੌਰ ਸਾਗੂ ਵੱਲੋਂ ‘‘ਗੁਰੂ ਗੋਬਿੰਦ ਸਿੰਘ ਸੰਤ ਸਿਪਾਹੀ’’ ਕਿਤਾਬ ਦੇ ਰੂਪ ਵਿਚ ਸੰਪਾਦਿਤ ਕੀਤਾ ਗਿਆ ਹੈ। ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਕੁਲਮੋਹਨ ਸਿੰਘ ਨੇ ਉਕਤ ਕਿਤਾਬ ਅਤੇ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਲਿਖੀ ਗਈ ਦਸਤਾਵੇਜ਼ੀ ਕਿਤਾਬ ਦੀ ਵੀ ਸਮਾਗਮ ਦੌਰਾਨ ਘੁੰਡ ਚੁਕਾਈ ਕੀਤੀ।
ਕੁਲਮੋਹਨ ਸਿੰਘ ਨੇ ਖਾਲਸਾ ਸਿਰਜਨਾ ਨੂੰ ਗੁਲਾਮੀ ਦੀ ਬੇੜੀਆਂ ਕੱਟਣ ਦਾ ਪ੍ਰਤੀਕ ਦੱਸਦੇ ਹੋਏ ਐਨ. ਸੀ. ਈ. ਆਰ. ਟੀ. ਵੱਲੋਂ ਲਿਖਿਆ ਜਾਂਦੀਆਂ ਇਤਿਹਾਸ ਦੀ ਕਿਤਾਬਾਂ ਵਿਚ ਬਾਬਰ ਤੋਂ ਔਰੰਗਜੇਬ ਤਕ ਦੇ ਮੁਗਲ ਰਾਜ ਨੂੰ ਭਾਰਤ ਦੇ ਗੁਲਾਮੀ ਸਮੇਂ ਵਜੋਂ ਨਾ ਮੰਨੇ ਜਾਣ ’ਤੇ ਵੀ ਹੈਰਾਨੀ ਪ੍ਰਗਟਾਈ। ਸਾਹਿਬਜਾਦੀਆਂ ਦੀ ਸ਼ਹੀਦੀ ਨੂੰ ਵਿਦੇਸ਼ੀ ਹਮਲਾਵਰ ਰਾਜ ਦੇ ਖਾਤਮੇ ਦੇ ਮੁੱਢ ਬੰਨੇ ਜਾਣ ਵੱਜੋਂ ਵੀ ਉਨ੍ਹਾਂ ਪਰਿਭਾਸ਼ਿਤ ਕੀਤਾ। ਦਿੱਲੀ ਕਮੇਟੀ ਦੇ ਸਮੂਹ ਮੈਂਬਰ ਸਾਹਿਬਾਨ ਇਸ ਮੌਕੇ ਮੌਜੂਦ ਸਨ।