ਸ੍ਰੀਨਗਰ – ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਅਤੇ ਜਮੂੰ-ਕਸ਼ਮੀਰ ਦੇ ਸਾਬਕਾ ਮੁੱਖਮੰਤਰੀ ਫਾਰੂਕ ਅਬਦੁੱਲਾ ਨੇ ਸ੍ਰੀਨਗਰ-ਬੜਗਾਮ ਲੋਕਸਭਾ ਉਪ ਚੋਣ ਵਿੱਚ ਜਿੱਤ ਪ੍ਰਾਪਤ ਕੀਤੀ ਹੈ। ਉਨ੍ਹਾਂ ਨੇ ਪੀਪਲਸ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਦੇ ਨਜ਼ੀਰ ਅਹਿਮਦ ਖਾਨ ਨੂੰ 10,557 ਵੋਟਾਂ ਦੇ ਅੰਤਰ ਨਾਲ ਹਰਾਇਆ।
ਇਸ ਸੀਟ ਤੇ ਕੁਲ 9 ਉਮੀਦਵਾਰ ਚੋਣ ਮੈਦਾਨ ਵਿੱਚ ਸਨ, ਪਰ ਮੁੱਖ ਮੁਕਾਬਲਾ ਸਾਬਕਾ ਮੁੱਖ ਮੰਤਰੀ ਅਬਦੁੱਲਾ ਅਤੇ ਪੀਡੀਪੀ ਉਮੀਦਵਾਰ ਦੇ ਦਰਮਿਆਨ ਸੀ। ਰਾਜ ਵਿੱਚ ਵੱਖਵਾਦੀਆਂ ਨੇ ਇਸ ਚੋਣ ਦੇ ਬਾਈਕਾਟ ਦਾ ਐਲਾਨ ਕੀਤਾ ਸੀ। ਜਿਸ ਕਰਕੇ ਸਿਰਫ਼ 7% ਲੋਕਾਂ ਨੇ ਹੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਇਹ ਸੀਟ ਪੀਡੀਪੀ ਨੇਤਾ ਤਾਰਿਕ ਹਮੀਦ ਕਾਰਾ ਦੇ ਅਸਤੀਫ਼ੇ ਕਾਰਣ ਖਾਲੀ ਹੋਈ ਸੀ। ਕਾਰਾ ਨੇ ਰਾਜ ਵਿੱਚ ਪੀਡੀਪੀ ਅਤੇ ਬੀਜੇਪੀ ਦੇ ਗਠਬੰਧਨ ਦੇ ਵਿਰੋਧ ਵਿੱਚ ਆਪਣੀ ਪਾਰਟੀ ਤੇ ਲੋਕਸਭਾ ਸੀਟ ਤੋਂ ਅਸਤੀਫ਼ਾ ਦੇ ਕੇ ਕਾਂਗਰਸ ਦਾ ਹੱਥ ਫੜ ਲਿਆ ਸੀ।
ਫਾਰੂਕ ਅਬਦੁੱਲਾ ਨੇ ਇਸ ਚੋਣ ਵਿੱਚ 47,926 ਵੋਟ ਪ੍ਰਾਪਤ ਕੀਤੇ, ਜਦੋਂ ਕਿ ਪੀਡੀਪੀ ਉਮੀਦਵਾਰ ਦੇ ਪੱਖ ਵਿੱਚ 37,369 ਵੋਟਗਏ। 714 ਵੋਟ ਨੋਟਾ ਵਾਲੇ ਪਾਸੇ ਗਏ। ਇਸ ਉਪ ਚੋਣ ਵਿੱਚ ਕੇਵਲ 89,865 ਲੋਕਾਂ ਨੇ ਹੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਵੋਟਾਂ ਦੌਰਾਨ ਹੋਈ ਹਿੰਸਾ ਵਿੱਚ 8 ਲੋਕਾਂ ਦੀ ਮੌਤ ਹੋ ਗਈ ਸੀ। ਜਿਸ ਕਰਕੇ 38 ਬੂਥਾਂ ਤੇ ਦੁਬਾਰਾ ਚੋਣ ਹੋਈ ਸੀ।