ਅਬਰਾਹਿਮ ਟੀ ਕਾਵੂਰ ਉਹ ਮਹਾਨ ਵਿਗਿਆਨਕ ਸੀ। ਜਿਸਨੇ ਆਪਣੀ ਸਾਰੀ ਜਿੰਦਗੀ ਲੋਕਾਂ ਨੂੰ ਭਰਮਾਂ-ਵਹਿਮਾਂ ਵਿੱਚੋਂ ਬਾਹਰ ਕੱਢ ਕੇ ਤਰਕ ਨਾਲ ਜ਼ਿੰਦਗੀ ਜਿਉਂਣਾ ਸਿਖਾਇਆ। ਉਹ ਲੱਗਭੱਗ ਅੱਧੀ ਸਦੀ ਪ੍ਰੇਤ ਘਰਾਂ, ਕਬਰ ਸਥਾਨਾਂ ਤੇ ਸਮਸ਼ਾਨ ਘਾਟਾਂ ਵਿੱਚ ਸੌਂਦਾ ਰਿਹਾ ਅਤੇ ਆਪਣੇ ਇਹਨਾਂ ਤਜ਼ਰਬਿਆਂ ਦੇ ਆਧਾਰ ਤੇ ਉਸਨੇ ਆਪਣੀਆਂ ਯਾਦਾਂ ਲਿਖੀਆਂ ਜਿਹੜੀਆਂ ਪੰਜਾਬ ਦੇ ਲੋਕਾਂ ਵਿੱਚ ਬਹੁਤ ਹੀ ਹਰਮਨ ਪਿਆਰੀਆਂ ਹੋਈਆਂ ਅਤੇ 33 ਸਾਲ ਤੋਂ ਲਗਾਤਾਰ ਛਪ ਰਹੀਆਂ ਹਨ। ਡਾ. ਕਾਵੂਰ ਦਾ ਜਨਮ 10 ਅਪ੍ਰੈਲ 1898 ਨੂੰ ਭਾਰਤ ਦੇ ਸੂਬੇ ਕੇਰਲਾ ਦੇ ਪਿੰਡ ਤਿਰੂਵਾਲਾ ਵਿਖੇ ਹੋਇਆ ਭਾਵੇਂ ਉਸਦਾ ਪਿਤਾ ਇਕ ਗਿਰਜੇ ਦਾ ਪਾਦਰੀ ਸੀ ਫਿਰ ਵੀ ਉਸਨੇ ਜ਼ਿੰਦਗੀ ਨੂੰ ਧਰਮਾਂ ਤੋਂ ਵਗੈਰ ਜਿਉਂਣ ਦਾ ਫੈਸਲਾ ਕੀਤਾ। ਉਹਨਾਂ ਸਮਿਆਂ ਵਿੱਚ ਭਾਰਤ ਜਾਂ ਸ਼੍ਰੀਲੰਕਾ ਵਰਗੇ ਵਿਕਾਸਸ਼ੀਲ ਦੇਸ਼ਾਂ ਵਿੱਚ ਟੈਲੀਵਿਯਨ ਚੈਨਲ ਨਹੀਂ ਸਨ ਹੁੰਦੇ ਇਸ ਲਈ ਉਹ ਵਰਜਿਤ ਪ੍ਰੇਤ ਘਰਾਂ ਵਿੱਚ ਜਾ ਕੇ ਰੇਡਿਓ ਸਟੇਸ਼ਨਾਂ ਤੋਂ ਲੋਕਾਂ ਨੂੰ ਸੰਬੋਧਨ ਕਰਦਾ ਰਿਹਾ ਹੈ। ਪੰਜਾਬ ਦੇ ਤਰਕਸ਼ੀਲਾਂ ਨੇ ਡਾ. ਕਾਵੂਰ ਦੇ ਨਕਸ਼ੇ ਕਦਮਾਂ ਦੇ ਉੱਪਰ ਚੱਲਦੇ ਹੋਏ ਬਹੁਤ ਸਾਰੀਆਂ ਗੁੰਝਲਦਾਰ ਸਮੱਸਿਆਵਾਂ ਨੂੰ ਹੱਲ ਕੀਤਾ ਹੈ। ਆਓ ਵੇਖੀਏ ਕਿ ਉਹ ਕਿਹੜੀਆਂ ਹਾਲਤਾਂ ਸੀ ਜਿੰਨ੍ਹਾਂ ਨੇ ਡਾ. ਕਾਵੂਰ ਨੂੰ ਤਰਕ ਨਾਲ ਜ਼ਿੰਦਗੀ ਜਿਉਂਣ ਲਈ ਮਜ਼ਬੂਰ ਕੀਤਾ।
ਗੰਗਾਜ਼ਲ ਦੇ ਚਮਤਕਾਰ :- ਅੱਜ ਤੋਂ ਇੱਕ ਸਦੀ ਪਹਿਲਾ ਸ਼੍ਰੀਲੰਕਾ ਵਿੱਚ ਉੱਚ ਵਿਦਿਆ ਲਈ ਕੋਈ ਕਾਲਜ ਉਪਲੱਬਧ ਨਹੀਂ ਸੀ। ਡਾ. ਕਾਵੂਰ ਅਤੇ ਉਸਦੇ ਭਰਾ ਨੂੰ ਇਹ ਪੜਾਈ ਕਲਕੱਤੇ ਕਰਨੀ ਪਈ ਜਦੋਂ ਗੁਆਢੀਆਂ ਨੂੰ ਪਤਾ ਲੱਗਿਆ ਕਿ ਕਾਵੂਰਾਂ ਦੇ ਮੁੰਡੇ ਗੰਗਾ ਕਿਨਾਰੇ ਵਸੇ ਸ਼ਹਿਰ ਕਲਕੱਤੇ ਪੜਦੇ ਹਨ। ਤਾਂ ਉਹਨਾਂ ਨੇ ਇਨ੍ਹਾਂ ਮੁੰਡਿਆਂ ਨੂੰ ਗੰਗਾਜ਼ਲ ਲਿਆ ਕੇ ਦੇਣ ਦੀ ਬੇਨਤੀ ਕੀਤੀ। ਉਹਨਾਂ ਨੇ ਵੇਖਿਆ ਕਿ ਗੰਗਾ ਵਿੱਚ ਤਾਂ ਮਨੁੱਖੀ ਮ੍ਰਿਤਕ ਲਾਸ਼ਾਂ ਵੱਡੀ ਮਾਤਰਾ ਵਿੱਚ ਵਹਿ ਕੇ ਆਉਂਦੀਆਂ ਕਿਉਂਕਿ ਉਹਨਾਂ ਸਮਿਆਂ ਵਿੱਚ ਲੋਕ ਆਪਣੇ ਮ੍ਰਿਤਕਾਂ ਦੇ ਸਰੀਰਾਂ ਨੂੰ ਗੰਗਾ ਵਿੱਚ ਵਹਾਉਣਾ ਚੰਗਾ ਸਮਝਦੇ ਸਨ। ਬਨਸਪਤੀ ਵਿਗਿਆਨ ਦਾ ਵਿਦਿਆਰਥੀ ਹੋਣ ਕਾਰਨ ਡਾ. ਕਾਵੂਰ ਜਾਣਦਾ ਸੀ ਕਿ ਗੰਗਾ ਜ਼ਲ ਜਰਮਾਂ ਰਹਿਤ ਨਹੀਂ ਹੋ ਸਕਦਾ ਇਸ ਲਈ ਉਹ ਆਪਣੇ ਗੁਆਂਢੀਆਂ ਨੂੰ ਅਜਿਹਾ ਪਾਣੀ ਨਹੀਂ ਪਿਲਾ ਸਕਦਾ ਸੀ ਤਾਂ ਵਾਪਸੀ ਤੇ ਉਸਨੇ ਕੋਟਾਰਕਾਰਾ ਦੇ ਸਟੇਸ਼ਨ ਤੋਂ ਦੋ ਸ਼ੁੱਧ ਪਾਣੀ ਦੀਆਂ ਬੋਤਲਾਂ ਭਰ ਲਈਆਂ। ਬੱਸ ਦੇ ਡਰਾਇਵਰ ਤੇ ਕੰਡਕਟਰ ਨੂੰ ਇਹਨਾਂ ਮੁੰਡਿਆਂ ਕੋਲ ਗੰਗਾ ਜ਼ਲ ਹੋਣ ਦੀ ਭਿਣਕ ਪਈ ਤਾਂ ਉਹਨਾਂ ਨੇ ਇਨ੍ਹਾਂ ਦਾ ਸਮਾਨ ਖੁਦ ਵਧੀਆਂ ਢੰਗ ਨਾਲ ਸੰਭਾਲਿਆ ਅਤੇ ਬੜੇ ਸਤਿਕਾਰ ਨਾਲ ਦੋ ਮੀਲ ਦਾ ਵਿੰਗ ਪਾਕੇ ਘਰੇਂ ਛੱਡ ਕੇ ਆਏ ਤੇ ਜਾਣ ਲੱਗੇ ਥੋੜਾ ਜਿਹਾ ਗੰਗਾ ਜ਼ਲ ਲਿਜਾਣਾ ਨਾ ਭੁੱਲੇ। ਗੁਆਂਢੀਆ ਨੂੰ ਛੋਟੀਆਂ ਸ਼ੀਸ਼ੀਆਂ ਵਿੱਚ ਗੰਗਾਜ਼ਲ ਵੰਡ ਦਿੱਤਾ ਗਿਆ। ਅਗਲੇ ਸਾਲ ਜਦੋਂ ਉਹ ਆਪਣੇ ਪਿੰਡ ਛੁੱਟੀ ਕੱਟਣ ਆਏ ਤਾਂ ਬਹੁਤ ਸਾਰੇ ਲੋਕਾਂ ਨੇ ਗੰਗਾਜ਼ਲ ਬਾਰੇ ਆਪਣੇ ਤਜ਼ਰਬੇ ਉਹਨਾਂ ਨਾਲ ਸਾਂਝੇ ਕੀਤੇ ਇਕ ਇਸਤਰੀ ਕਹਿਣ ਲੱਗੀ ਕਿ ਸਾਡੀ ਦਾਦੀ ਨੂੰ ਟੱਟੀਆਂ ਲੱਗ ਗਈਆਂ ਅਸੀਂ ਦੋ ਤੁਪਕੇ ਗੰਗਾਜ਼ਲ ਦੇ ਸ਼ਹਿਦ ਵਿੱਚ ਮਿਲਾਕੇ ਦੇ ਦਿੱਤੇ ਉਸਨੂੰ ਟੱਟੀਆਂ ਬੰਦ ਹੋ ਗਈਆਂ। ਇੱਕ ਹੋਰ ਕਹਿਣ ਲੱਗੀ ਸਾਡੀ ਕੁੜੀ ਦਾ ਬੁਖਾਰ ਉਤਰਦਾ ਨਹੀਂ ਸੀ ਦੋ ਤੁਪਕੇ ਗੰਗਾਜ਼ਲ ਦੇ ਦੇਣ ਨਾਲ ਉਹ ਵੀ ਨੌਂ ਵਰ ਨੌਂ ਹੋ ਗਈ। ਇੱਕ ਗੁਆਂਢੀ ਕਹਿਣ ਲੱਗਿਆ ਮੈਂ ਆਪਣੇ ਖੇਤ ਵਿੱਚ ਦੋ ਅੰਬਾਂ ਦੇ ਬੂਟੇ ਲਾਏ ਇੱਕ ਨੂੰ ਦੋ ਬੂੰਦਾਂ ਗੰਗਾਜ਼ਲ ਦੀਆਂ ਪਾ ਦਿੱਤੀਆਂ ਉਹ ਦਿਨਾਂ ਵਿੱਚ ਵਧਣ ਫੁੱਲਣ ਲੱਗ ਪਿਆ ਜਿਸਨੂੰ ਨਹੀਂ ਪਾਈਆਂ ਸਨ ਉਹ ਮੁਰਝਾ ਗਿਆ। ਡਾ. ਕਾਵੂਰ ਤੇ ਉਸਦਾ ਭਰਾ ਆਪਣੇ ਮਨ ਵਿੱਚ ਹੱਸ ਵੀ ਰਹੇ ਸਨ ਤੇ ਸੋਚ ਵੀ ਰਹੇ ਸਨ ਇਹ ਪਹਿਲੀ ਘਟਨਾ ਸੀ ਜਿਸਨੇ ਡਾ. ਕਾਵੂਰ ਨੂੰ ਤਰਕ ਨਾਲ ਸੋਚਣਾ ਸਿਖਾਇਆ।
ਚੁਣੌਤੀ :- ਪੰਜਾਬ ਦੇ ਤਰਕਸ਼ੀਲਾਂ ਨੇ ਡਾ. ਕਾਵੂਰ ਦੀ ਚੁਣੌਤੀ ਨੂੰ ਅੱਜ ਵੀ ਹੂ-ਬੂ-ਹੂ ਰੱਖਿਆ ਹੋਇਆ ਹੈ ਭਾਵੇਂ ਉਸਨੇ ਇਹ ਚੁਣੌਤੀ 1963 ਵਿੱਚ ਜਾਰੀ ਕੀਤੀ ਸੀ। ਉਸ ਸਮੇਂ ਉਸਦੇ ਇਨਾਮ ਦੀ ਰਾਸ਼ੀ ਇੱਕ ਹਜ਼ਾਰ ਤੋਂ ਲੈ ਕੇ ਪੱਚੀ ਹਜ਼ਾਰ ਤੱਕ ਬਰਾਬਰ ਦੀ ਸੀ। ਜਿਨ੍ਹਾਂ ਇਨਾਮ ਕੋਈ ਵਿਅਕਤੀ ਜਿੱਤਣਾ ਚਾਹੁੰਦਾ ਸੀ ਉਨ੍ਹੀਂ ਹੀ ਜਮਾਨਤ ਦੀ ਰਕਮ ਉਸਨੂੰ ਜਮ੍ਹਾਂ ਕਰਾਉਂਣੀ ਪੈਂਦੀ ਸੀ। ਹੌਲੀ-ਹੌਲੀ ਉਸਨੇ ਜਮਾਨਤ ਦੀ ਰਾਸ਼ੀ ਸਿਰਫ਼ ਇੱਕ ਹਜ਼ਾਰ ਕਰ ਦਿੱਤੀ ਅਤੇ ਇਨਾਮ ਦੀ ਰਾਸ਼ੀ ਇੱਕ ਲੱਖ ਰੁਪਏ ਕਰ ਦਿੱਤੀ। ਅੱਜ ਤਰਕਸ਼ੀਲਾਂ ਨੇ ਵੀ ਉਹਨਾਂ ਸ਼ਰਤਾਂ ਉੱਪਰ ਚਲਦੇ ਹੋਏ ਇੱਕ ਕਰੋੜ ਰੁਪਏ ਦੀ ਰਾਸ਼ੀ ਦਾ ਇਨਾਮ ਰੱਖਿਆ ਹੋਇਆ ਹੈ। ਇਨ੍ਹਾਂ ਸ਼ਰਤਾਂ ਵਿੱਚ ਕਰਾਮਾਤੀਂ ਸ਼ਕਤੀਆਂ ਦੇ ਦਾਅਵੇਦਾਰਾਂ ਨੂੰ ਭਜਾਉਣ ਲਈ ਤੇ ਲੋਕਾਂ ਵਿੱਚ ਹੌਲਾ ਕਰਨ ਲਈ ਬਹੁਤ ਸਾਰੀਆਂ ਸ਼ਰਤਾਂ ਹਨ। ਭਾਵੇਂ ਅਮਰੀਕਾ ਦੀ ਇੱਕ ਸੰਸਥਾ ‘ਸਕੈਪਟੀਕਲ ਇਨਕਿਉੂਰਰ’ ਨੇ 1860 ਵਿੱਚ ਇਨ੍ਹਾਂ ਕਰਾਮਾਤੀ ਸ਼ਕਤੀਆਂ ਦੇ ਦਾਅਵੇਦਾਰਾਂ ਦੇ ਲਈ ਇੱਕ ਮਿਲੀਅਨ ਡਾਲਰ ਦਾ ਇਨਾਮ ਘੋਸ਼ਿਤ ਕੀਤਾ ਸੀ ਇੱਕ ਮਿਲੀਅਨ ਡਾਲਰ ਦਾ ਅੱਜ ਵੀ ਸੱਤ ਕਰੋੜ ਰੁਪਏ ਦੇ ਲੱਗਭੱਗ ਬਣਦਾ ਹੈ ਨਾ ਤਾਂ ਅਮਰੀਕਾ ਵਾਲਿਆ ਦਾ, ਨਾ ਹੀ ਡਾ. ਕਾਵੂਰ ਦਾ ਅਤੇ ਨਾ ਹੀ ਭਾਰਤ ਦੇ ਤਰਕਸ਼ੀਲਾਂ ਦਾ ਇਨਾਮ ਕੋਈ ਨਹੀਂ ਜਿੱਤ ਸਕਿਆ ਕਿਉਂਕਿ ਚਮਤਕਾਰੀ ਸ਼ਕਤੀ ਕਿਸੇ ਵੀ ਵਿਅਕਤੀ ਵਿੱਚ ਹੋ ਹੀ ਨਹੀਂ ਸਕਦੀ। ਇਹ ਸਾਇੰਸ ਦੇ ਨਿਯਮਾਂ ਦੇ ਉੱਲਟ ਹੁੰਦਾ ਹੈ। ਕੋਈ ਵੀ ਵਿਅਕਤੀ ਹਵਾ ਵਿੱਚ ਨਹੀਂ ਉੱਡ ਸਕਦਾ ਕਿਉਂਕਿ ਉਡਾਣ ਭਰਨ ਦੀਆਂ ਕੁੱਝ ਆਪਣੀਆਂ ਸ਼ਰਤਾਂ ਹਨ ਕੋਈ ਵੀ ਚੀਜ਼ ਬਗੈਰ ਕਿਸੇ ਬਲ ਦੇ ਕਿਰਿਆ ਕਰਨ ਤੋਂ ਹਿੱਲ ਹੀ ਨਹੀਂ ਸਕਦੀ। ਜੇ ਕਿਸੇ ਵਿਅਕਤੀ ਵਿੱਚ ਕਰਾਮਾਤੀ ਸ਼ਕਤੀ ਨਾਲ ਕਿਸੇ ਵਸਤੂ ਨੂੰ ਹਿਲਾਉਣ ਦੀ ਸ਼ਕਤੀ ਹੋਵੇਗੀ ਤਾਂ ਬਲ ਪ੍ਰਭਾਸ਼ਿਤ ਨਹੀਂ ਕੀਤਾ ਜਾ ਸਕਦਾ।
ਕੇਸ ਹਿਸਟਰੀਆਂ: - ਸ਼੍ਰੀਲੰਕਾ ਦੇ ਕਾਵੂਰ ਸਾਹਿਬ ਤੋਂ ਸਿਖਦੇ ਹੋਏ ਤਰਕਸ਼ੀਲਾਂ ਨੇ ਬਹੁਤ ਸਾਰੇ ਅਜ਼ੀਬ ਕੇਸ ਸਫ਼ਲਤਾ ਪੂਰਵਕ ਹੱਲ ਕੀਤੇ ਹਨ। ਕਾਵੂਰ ਦੁਆਰਾ ਹੱਲ ਕੀਤੇ ਗਏ ਕੇਸ ਬਹੁਤ ਹੀ ਅਜ਼ੀਬ ਸਨ ਉਸਦੇ ਇੱਕ ਕੇਸ ‘ਪੁੱਤ ਤੇ ਮਾਂ’ ਵਿੱਚ ਇੱਕ ਨੌਜਵਾਨ ਪ੍ਰੋਫੈਸਰ ਆਪਣੇ ਕੋਲ ਪੜਦੀ ਇੱਕ ਕੁੜੀ ਵਿੱਚ ਬਹੁਤ ਹੀ ਦਿਲਚਸਪੀ ਲੈਣੀ ਸ਼ੁਰੂ ਕਰ ਦਿੰਦਾ ਹੈ ਕੁੱਝ ਸਾਲ ਪੜਾਉਣ ਮਗਰੋਂ ਉਹ ਉਸਦੇ ਬਾਪ ਕੋਲ ਜਾਂਦਾ ਹੈ ਅਤੇ ਬੇਨਤੀ ਕਰਦਾ ਹੈ ਕਿ ਮੈਂ ਇਸ ਲੜਕੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਹਾਂ। ਪ੍ਰੋਫੈਸਰ ਦੀ ਹੈਸੀਅਤ ਅਤੇ ਉਸਦੇ ਰਈਸਾਂ ਵਾਲੇ ਜੀਵਨ ਨੂੰ ਵੇਖਦਾ ਹੋਇਆ ਪਿਤਾ ਖੁਸ਼ੀ ਖੁਸ਼ੀ ਲੜਕੀ ਦੀ ਡੋਲੀ ਉਸ ਨਾਲ ਤੋਰ ਦਿੰਦਾ ਹੈ ਪਰ ਜਦੋਂ ਵਿਆਹ ਤੋਂ ਪੰਜ ਸਾਲ ਬਾਅਦ ਵੀ ਉਹਨਾਂ ਦੀ ਧੀ ਦੇ ਘਰ ਕੋਈ ਬੱਚਾ ਪੈਦਾ ਨਾ ਹੋਇਆ ਤਾਂ ਮਾਪੇ ਫਿਕਰਮੰਦ ਹੋ ਗਏ ਇਸਤਰ੍ਹਾਂ ਉਹ ਡਾ. ਕਾਵੂਰ ਕੋਲ ਪਹੁੰਚ ਗਏ ਕਾਵੂਰ ਨੇ ਪ੍ਰੋਫੈਸਰ ਅਤੇ ਉਸਦੀ ਘਰਵਾਲੀ ਨਾਲ ਗੱਲਬਾਤ ਕੀਤੀ ਤਾਂ ਧੀ ਕਹਿਣ ਲੱਗੀ ਕਿ ‘‘ਪ੍ਰੋਫੈਸਰ ਸਾਹਿਬ ਬਹੁਤ ਚੰਗੇ ਹਨ ਅਤੇ ਮੈਨੂੰ ਹਰ ਸੁੱਖ ਸਹੂਲਤ ਦੇਣ ਲਈ ਹਰ ਵੇਲੇ ਤਿਆਰ ਰਹਿੰਦੇ ਹਨ ਪਰ ਸਰੀਰਕ ਤੌਰ ਤੇ ਉਹ ਮੈਨੂੰ ਹੱਥ ਵੀ ਨਹੀਂ ਲਾਉਂਦੇ।’’ ਪ੍ਰੋਫੈਸਰ ਸਾਹਿਬ ਨੂੰ ਜਦੋਂ ਇਸ ਦਾ ਕਾਰਨ ਪੁੱਛਿਆ ਗਿਆ ਤਾਂ ਉਹ ਕਹਿਣ ਲੱਗੇ ‘‘ਇਸ ਲੜਕੀ ਦੀ ਸ਼ਕਲ ਤਾਂ ਮੇਰੀ ਮਾਂ ਨਾਲ ਮਿਲਦੀ ਹੈ ਮੇਰੇ ਬਾਪ ਦੀ ਮੌਤ ਤੋਂ ਬਾਅਦ ਮੈਂ ਅਕਸਰ ਆਪਣੀ ਮਾਂ ਨਾਲ ਹੀ ਸੌਂਇਆ ਕਰਦਾ ਸੀ ਪਰ ਕੁੜੀ ਨੂੰ ਟਿਊਸ਼ਨ ਪੜਾਉਣਾ ਸ਼ੁਰੂ ਕਰਨ ਤੋਂ ਦੋ ਮਹੀਨੇ ਪਹਿਲਾਂ ਮੇਰੀ ਮਾਂ ਮਰ ਗਈ ਸੀ ਹੁਣ ਲੜਕੀ ਵਿੱਚ ਮੈਨੂੰ ਮੇਰੀ ਮਾਂ ਹੀ ਨਜ਼ਰ ਆਉਂਦੀ ਹੈ।’’ ਕਾਵੂਰ ਦੇ ਲੜਕੀ ਨੂੰ ਦਿੱਤੇ ਪਹਿਲ ਕਰਨ ਦੇ ਸਲਾਹ ਮਸ਼ਵਰੇ ਨਾਲ ਸਾਲੋਂ ਅੰਦਰ ਅੰਦਰ ਹੀ ਉਸ ਜੋੜੀ ਦੇ ਬੱਚਾ ਪੈਦਾ ਹੋ ਗਿਆ।
ਬਿਨਾਂ ਸੰਭੋਗ ਦੇ ਗਰਭ :- ਅਜਿਹੇ ਹੀ ਇੱਕ ਹੋਰ ਕੇਸ਼ ਨੂੰ ਡਾ. ਕਾਵੂਰ ਨੇ ਸਫ਼ਲਤਾ ਪੂਰਵਕ ਹੱਲ ਕੀਤਾ। ਇੱਕ ਸਰਕਾਰੀ ਮੁਲਾਜ਼ਮ ਨੇ 60 ਸਾਲਾਂ ਦੀ ਉਮਰ ਵਿੱਚ ਰਿਟਾਇਰਡ ਹੋਣ ਤੋਂ ਬਾਅਦ ਇੱਕ 37 ਸਾਲ ਦੀ ਇਸਤਰੀ ਜੈਰੀਨਾ ਨਾਲ ਵਿਆਹ ਕਰਵਾ ਲਿਆ। ਜੈਰੀਨਾ ਦੀ ਇਹ ਪਹਿਲੀ ਹੀ ਸ਼ਾਦੀ ਸੀ ਪਰ ਉਸਦੇ ਪਤੀ ਦੀ ਦੂਜੀ ਸ਼ਾਦੀ। ਇੱਕ ਲੜਕਾ ਤੇ ਲੜਕੀ ਇਸ ਜੋੜੇ ਨੇ ਪੈਦਾ ਕੀਤੇ ਇਸ ਤੋਂ ਬਾਅਦ ਉਹਨਾਂ ਨੇ ਹੋਰ ਬੱਚਾ ਪੈਦਾ ਕਰਨ ਤੋਂ ਤੋਬਾ ਕਰ ਲਈ। ਦੋਨੋਂ ਅਲੱਗ ਅਲੱਗ ਕਮਰਿਆਂ ਵਿੱਚ ਸੌਂਣ ਲੱਗ ਪਏ। ਜੈਰੀਨਾ ਈਸਾਈ ਧਰਮ ਨੂੰ ਮੰਨਦੀ ਸੀ ਇਸ ਲਈ ਉਸਨੂੰ ਸੁਪਨਿਆਂ ਵਿੱਚ ਉਸਦਾ ਇੱਕ ਸੰਤ ਵਿਖਾਈ ਦੇਣ ਲੱਗ ਪਿਆ ਸੁਪਨੇ ਵਿੱਚ ਉਹ ਉਸਨੂੰ ਘੜੀਸ ਕੇ ਬਾਥਰੂਮ ਵਿੱਚ ਲੈ ਜਾਂਦਾ ਤੇ ਹਰ ਕਿਸਮ ਦੀਆਂ ਹਰਕਤਾਂ ਉਸ ਨਾਲ ਕਰਦਾ। ਇਹ ਇਸਤਰੀ ਆਪਣੇ ਸੰਤ ਨੂੰ ਹੀ ਆਪਣਾ ਪਤੀ ਸਮਝਣ ਲੱਗ ਪਈ ਤੇ ਵਿੱਚ ਗਰਭਵਤੀ ਹੋ ਗਈ। ਉਸਦਾ ਪੇਟ ਵਧਣ ਲੱਗ ਪਿਆ ਦਿਨ ਰਾਤ ਉਹ ਸੋਚਦੀ ਰਹਿੰਦੀ ਕਿ ਲੋਕ ਉਸਨੂੰ ਕਹਿਣਗੇ ਕਿ ਇੱਕ ਹਰਾਮੀ ਬੱਚੇ ਨੇ ਉਸਦੇ ਪੇਟ ਵਿੱਚੋਂ ਜਨਮ ਲਿਆ ਜਿਸ ਨਾਲ ਉਸਦੀ ਤੇ ਉਸਦੇ ਪਰਿਵਾਰ ਦੀ ਬਦਨਾਮੀ ਹੋਵੇਗੀ। ਡਾ. ਕਾਵੂਰ ਨੇ ਆਪਣੇ ਸੁਝਾਵਾਂ ਰਾਹੀਂ ਉਸਦਾ ਗਰਭ ਠਹਿਰਣ ਦਾ ਇਹ ਮਨੋਭਰਮ ਸਦਾ ਲਈ ਖਤਮ ਕਰ ਦਿੱਤਾ ਤੇ ਉਹ ਨੌਂ ਬਰ ਨੌਂ ਹੋ ਗਈ।
ਓਲੂਮਾਦੀ ਦਾ ਲਾਟਾਂਵਾਲਾ ਵਾਲਾ ਜੰਗਲ :- ਭੂਤਾਂ-ਪ੍ਰੇਤਾਂ ਦੀ ਤਲਾਸ਼ ਵਿੱਚ ਡਾ. ਕਾਵੂਰ ਅਤੇ ਉਸਦੇ ਕੁੱਝ ਦੋਸਤ ਅਜਿਹੇ ਇੱਕ ਜੰਗਲ ਵਿੱਚ ਗਏ। ਚਿਨਈਆ ਨਾਂ ਦੇ ਵਿਅਕਤੀ ਨੂੰ ਉਨ੍ਹਾਂ ਨੇ ਦਿਹਾੜੀ ਤੇ ਗਾਈਡ ਦੇ ਤੌਰ ਤੇ ਆਪਣੇ ਨਾਲ ਲੈ ਲਿਆ ਅਤੇ ਕਹਿਣ ਲੱਗੇ ਆਪਾਂ ਓਲੂਮਾਦੀ ਦੇ ਨਜ਼ਦੀਕ ਵਾਲੇ ਜੰਗਲ ਵਿੱਚ ਜਾਣਾ ਹੈ ਪਰ ਉਹ ਕਹਿਣ ਲੱਗਿਆ ‘‘ਉਸ ਜੰਗਲ ਵਿੱਚ ਅਸੀਂ ਨਹੀਂ ਜਾ ਸਕਦੇ ਕਿਉਂਕਿ ਉਸ ਜੰਗਲ ਦੀ ਰਾਖੀ ਤਾਂ ‘ਕਾਦੇਰੀ’ ਨਾਂ ਦਾ ਭੂਤ ਕਰਦਾ ਹੈ।’’ ਉਸ ਨੇ ਜੰਗਲ ਵਿੱਚੋਂ ‘ਲਾਟਾਂ’ ਨਿਕਲਦੀਆਂ ਉਨ੍ਹਾਂ ਨੂੰ ਦੂਰੋਂ ਹੀ ਦਿਖਾਈਆਂ। ਰਾਤ ਜ਼ਿਆਦਾ ਹੋਣ ਕਾਰਨ ਉਨ੍ਹਾਂ ਨੇ ਦਿਨ ਚੜ੍ਹੇ ਉਸ ਸਥਾਨ ਤੇ ਜਾਣ ਦਾ ਮਨ ਬਣਾਇਆ। ਸਵੇਰੇ ਸੱਤ ਵਜ਼ੇ ਜਦੋਂ ਉਹ ਉਸ ਸਥਾਨ ਤੇ ਪਹੁੰਚੇ ਤਾਂ ਉਨ੍ਹਾਂ ਨੇ ਉਥੇ ਦੋ ਸੁੱਕੇ ਦਰੱਖਤ ਵੇਖੇ। ਕਾਵੂਰ ਨੇ ਉਸਦੇ ਕੁੱਝ ਸੱਕ ਚਾਕੂ ਨਾਲ ਉਤਾਰ ਲਏ। ਬਨਸਪਤੀ ਵਿਗਿਆਨ ਦਾ ਪ੍ਰੋਫੈਸਰ ਹੋਣ ਦੇ ਕਾਰਨ ਪ੍ਰਯੋਗਸ਼ਾਲਾ ਦਾ ਉਹ ਇੰਨਚਾਰਜ਼ ਸੀ। ਖੁਰਦਬੀਨ ਹੇਠਾਂ ਰੱਖੇ ਸੱਕਾਂ ਵਿੱਚ ਉਸਨੂੰ ਉੱਲੀ ਦੀ ਉਹ ਕਿਸਮ ਲੱਭ ਗਈ ਜਿਹੜੀ ਰਾਤ ਨੂੰ ਰੋਸ਼ਨੀ ਦਿੰਦੀ ਹੈ। ਇਸਤਰ੍ਹਾਂ ਉਸਨੇ ਹਰੇਕ ਘਟਨਾ ਪਿੱਛੇ ਵਿਗਿਆਨ ਦੇ ਕਾਰਨ ਲੱਭਣ ਦੀ ਪ੍ਰਿਤ ਪਾਈ। ਪੰਜਾਬ ਦੇ ਤਰਕਸ਼ੀਲਾਂ ਨੇ ਉਹਨਾਂ ਦੇ ਕਦਮਾਂ ਤੇ ਚੱਲਦੇ ਸੈਂਕੜੇਂ ਹੀ ਅਜਿਹੇ ਕੇਸ ਹੱਲ ਕੀਤੇ ਹਨ। ਦਰੱਖਤਾਂ ਵਿੱਚੋਂ ਦੁੱਧ ਨਿਕਲਣ ਦਾ ਮਸਲਾ ਹੋਵੇ, ਜਾਂ ਦਰੱਖਤਾਂ ਦਾ ਹਨੇਰੀ ਤੋਂ ਬਾਅਦ ਡਿੱਗ ਕੇ ਖੜ੍ਹੇ ਹੋਣ ਦੀ ਘਟਨਾ ਹੋਵੇ, ਭਾਵੇਂ ਕਿਸੇ ਘਰ ਵਿੱਚ ਪਸ਼ੂਆਂ ਤੇ ਜੀਆਂ ਦੇ ਮਰਨ ਦਾ ਮਸਲਾ ਹੋਵੇ, ਜਾਂ ਸੱਪਾਂ ਦੇ ਇੱਕ ਜਗ੍ਹਾਂ ਇਕੱਠੇ ਹੋਣ ਦੀ ਘਟਨਾ ਹੋਵੇ, ਭਾਵੇਂ ਮੂਰਤੀਆਂ ਦੇ ਦੁੱਧ ਪੀਣ ਦਾ ਮਸਲਾ ਹੋਵੇ, ਜਾਂ ਜ਼ਮੀਨ ਵਿੱਚੋਂ ਧਨ ਦੇ ਘੜੇ ਨਿਕਲਣ ਦੀ ਘਟਨਾ ਹੋਵੇ, ਤਰਕਸ਼ੀਲ ਅਜਿਹੀਆਂ ਥਾਵਾਂ ਤੇ ਪਹੁੰਚਦੇ ਰਹੇ ਹਨ ਅਤੇ ਪਹੁੰਚਦੇ ਰਹਿਣਗੇ।
ਸਰੀਰਦਾਨ ਦੀ ਪ੍ਰਿਤ :- 1974 ਵਿੱਚ ਡਾ. ਕਾਵੂਰ ਦੀ ਪਤਨੀ ਸ੍ਰੀਮਤੀ ਅੱਕਾ ਕਾਵੂਰ ਮੌਤ ਨੂੰ ਪਿਆਰੀ ਹੋ ਗਈ ਉਹਨਾਂ ਨੇ ਆਪਣੀ ਪਤਨੀ ਦਾ ਮ੍ਰਿਤਕ ਸਰੀਰ ਕੋਲੰਬੋ ਯੂਨੀਵਰਸਿਟੀ ਦੇ ਮੈਡੀਕਲ ਵਿਭਾਗ ਨੂੰ ਸੌਂਪ ਦਿੱਤਾ ਤਾਂ ਜੋ ਮੈਡੀਕਲ ਦੀ ਪੜਾਈ ਦੇ ਵਿਦਿਆਰਥੀ ਉਸਦੀ ਚੀਰ-ਫਾੜ ਤੋਂ ਫਾਇਦਾ ਉੱਠਾ ਸਕਣ। ਪੰਜਾਬ ਦੇ ਤਰਕਸ਼ੀਲਾਂ ਨੇ ਵੀ ਇਸ ਪ੍ਰਿਤ ਨੂੰ ਅੱਗੇ ਵਧਾਇਆ ਹੈ। ਅੱਜ ਪੰਜਾਬ ਦੇ ਸਾਰੇ ਮੈਡੀਕਲ ਕਾਲਜਾਂ ਵਿੱਚ ਮ੍ਰਿਤਕ ਸਰੀਰਾਂ ਦੀ ਕੋਈ ਕਮੀ ਨਹੀਂ ਹੈ। ਇਸ ਤੋਂ ਅੱਗੇ ਅੰਗ ਦਾਨ, ਖੂਨ ਦਾਨ, ਅੱਖਾਂ ਦਾਨ ਦੇ ਖੇਤਰ ਵਿੱਚ ਤਰਕਸ਼ੀਲ ਕਿਸੇ ਤੋਂ ਪਿੱਛੇ ਨਹੀਂ ਹਨ।
ਜਾਤ-ਪਾਤ ਦਾ ਕੋਹੜ :- ਇੱਕ ਵਾਰ ਡਾ. ਕਾਵੂਰ ਨਦੀ ਪਾਰ ਕਰਨ ਲਈ ਕਿਸ਼ਤੀ ਤੇ ਸਵਾਰ ਹੋ ਗਏ। ਉਸ ਸਮੇਂ ਇੱਕ ਹੋਰ ਸਵਾਰੀ ਕਿਸ਼ਤੀ ਵਿੱਚ ਬੈਠ ਗਈ ਜੋ ਕੇਰਲਾ ਦਾ ਨਬੂੰਦਰੀ ਬ੍ਰਾਹਮਣ ਸੀ। ਤੀਸਰੀ ਸਵਾਰੀ ਜਦੋਂ ਕਿਸ਼ਤੀ ਵਿੱਚ ਚੜਨ ਲੱਗੀ ਤਾਂ ਬ੍ਰਾਹਮਣ ਜੀ ਉਸਨੂੰ ਪੁੱਛਣ ਲੱਗੇ ਕਿ ‘‘ਤੂੰ ਅਛੂਤ ਹੈ?’’ ਉਸਦੇ ਹਾਂ ਕਹਿਣ ਤੇ ਉਸਨੂੰ ਕਿਸ਼ਤੀ ਵਿੱਚ ਬੈਠਣ ਤੋਂ ਹੀ ਰੋਕ ਦਿੱਤਾ ਪਰ ਕਾਵੂਰ ਦੇ ਕਹਿਣ ਤੇ ਉਹ ਵਿਅਕਤੀ ਸਵਾਰ ਹੋਣ ਲੱਗਿਆ ਤਾਂ ਨਬੂੰਦਰੀ ਨੇ ਕਿਸ਼ਤੀ ਵਿੱਚੋਂ ਛਾਲ ਮਾਰ ਦਿੱਤੀ ਅਤੇ ਉਹ ਨਦੀ ਵਿੱਚ ਡੁੱਬਣ ਲੱਗਾ। ਕਾਵੂਰ ਦੇ ਕਹਿਣ ਤੇ ਉਸ ਅਛੂਤ ਵਿਅਕਤੀ ਨੇ ਨਬੂੰਦਰੀ ਨੂੰ ਨਦੀ ਵਿੱਚੋਂ ਡੁੱਬਣ ਤੋਂ ਬਚਾ ਲਿਆ। ਉਸ ਤੋਂ ਬਾਅਦ ਕਾਵੂਰ ਨੇ ਉਸਨੂੰ ਪੁੱਛਿਆ ‘‘ਜੇ ਅਛੂਤ ਤੈਨੂੰ ਨਾ ਬਚਾਉਂਦਾ ਤਾਂ ਤੂੰ ਹੁਣ ਨੂੰ ਜਹਾਨੋਂ ਵਿਦਾ ਹੋ ਜਾਣਾ ਸੀ।’’ ਅਸੀਂ ਤਰਕਸ਼ੀਲ ਵੀ ਇਨਸਾਨੀਅਤ ਨੂੰ ਮੂਰਤੀਆਂ, ਗ੍ਰੰਥਾਂ ਤੇ ਅਸਥਾਨਾਂ ਨਾਲੋਂ ਵੱਧ ਜ਼ਰੂਰੀ ਸਮਝਦੇ ਹਾਂ ਤੇ ਨਾਲ ਹੀ ਇਹ ਗੱਲ ਵੀ ਸਾਡੇ ਲਈ ਸਪੱਸ਼ਟ ਹੈ ਕਿ ਮਨੁੱਖ ਹੀ ਮੂਰਤੀਆਂ, ਗ੍ਰੰਥਾਂ ਤੇ ਅਸਥਾਨਾਂ ਦਾ ਸਿਰਜਣਹਾਰ ਹੈ।
ਕਾਵੂਰ ਨੇ ਪਾਖੰਡੀਆਂ ਨੂੰ ਮਾਤ ਦੇਣ ਲਈ ਤੇ ਲੋਕਾਂ ਨੂੰ ਵਹਿਮਾਂ-ਭਰਮਾਂ ਵਿੱਚੋਂ ਕੱਢਣ ਲਈ ਭਾਰਤ ਦੀਆਂ ਯਾਤਰਾਵਾਂ ਵੀ ਕੀਤੀਆਂ। ਉਸਨੇ ਆਪਣੇ ਦੁਆਰਾ ਕੀਤੇ ਤਜ਼ਰਬਿਆਂ ਨੂੰ ਦੋ ਕਿਤਾਬਾਂ ਵਿੱਚ ਵਧੀਆ ਢੰਗ ਨਾਲ ਬਿਆਨ ਕੀਤਾ ਹੈ। ਇਹ ਸਖਸ਼ੀਅਤ 18 ਸਤੰਬਰ 1978 ਨੂੰ ਸਦੀਵੀਂ ਵਿਛੋੜਾ ਦੇ ਗਈ। ਪੰਜਾਬ ਦੇ ਲੱਖਾਂ ਵਿਅਕਤੀਆਂ ਨੇ ਉਸ ਦੀਆਂ ਕਿਤਾਬਾਂ ਦੀ ਪ੍ਰੜਚੋਲ ਕਰਦੇ ਹੋਏ ਭੂਤਾਂ-ਪ੍ਰੇਤਾਂ ਦੇ ਡਰ ਤੋਂ ਵਗੈਰ ਜ਼ਿੰਦਗੀ ਜਿਉਣੀ ਸ਼ੁਰੂ ਕੀਤੀ ਹੋਈ ਹੈ। ਆਪਣੀ ਕੋਠੀ ਦਾ ਨੀਂਹ ਪੱਥਰ ਅਸ਼ੁੱਭ ਦਿਨ ਰੱਖਣ ਵਾਲਾ ਇਹ ਵਿਅਕਤੀ ਅੱਜ ਵੀ ਲੋਕਾਂ ਨੂੰ ਹੋਕਾ ਦੇ ਰਿਹਾ ਹੈ।
ਨਾ ਕਿਸੇ ਦੀ ਨਜ਼ਰ ਬੁਰੀ, ਨਾ ਕਿਸੇ ਦਾ ਮੂੰਹ ਕਾਲਾ।
ਸਭ ਦਾ ਸ਼ੁੱਭ ਚਾਹੇ, ਕਾਵੂਰ ਤਰਕਸ਼ੀਲਾਂ ਵਾਲਾ।