ਸ੍ਰੀਨਗਰ – ਕਸ਼ਮੀਰ ਵਿੱਚ ਜਵਾਹਰ ਸੁਰੰਗ ਤੋਂ ਲੈ ਕੇ ਉਤਰੀ ਕਸ਼ਮੀਰ ਵਿੱਚ ਐਲਓਸੀ ਦੇ ਨਾਲ ਲਗਦੇ ਕੁੱਪਵਾੜਾ ਤੱਕ ਸੋਮਵਾਰ ਨੂੰ ਸਾਰਾ ਦਿਨ ਹਿੰਸਕ ਵਾਰਦਾਤਾਂ ਜਾਰੀ ਰਹੀਆਂ। ਇਸ ਦੌਰਾਨ 50 ਤੋਂ ਵੱਧ ਪੁਲਿਸ ਕਰਮਚਾਰੀ ਅਤੇ ਵਿਦਿਆਰਥੀ ਜਖਮੀ ਹੋਏ ਹਨ। ਹਾਲਾਤ ਨੂੰ ਕੰਟਰੋਲ ਵਿੱਚ ਰੱਖਣ ਲਈ ਰਾਜ ਪ੍ਰਸ਼ਾਸਨ ਨੇ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਹਨ। ਰਾਜ ਦੀ ਸਥਿਤੀ ਨੂੰ ਵੇਖਦੇ ਹੋਏ ਮੁੱਖਮੰਤਰੀ ਮਹਿਬੂਬਾ ਮੁਫ਼ਤੀ ਨੇ ਅੱਜ ਕੈਬਨਿਟ ਦੀ ਹੰਗਾਮੀ ਬੈਠਕ ਬੁਲਾਈ ਹੈ।
ਸੋਮਵਾਰ ਨੂੰ ਸਕੂਲ ਅਤੇ ਕਾਲਜ ਖੁਲ੍ਹਦਿਆਂ ਹੀ ਪੁਲਵਾਮਾ ਦੀ ਘਟਨਾ ਦਾ ਪ੍ਰਭਾਵ ਸਪੱਸ਼ਟ ਵਿਖਾਈ ਦੇ ਰਿਹਾ ਸੀ। ਵਿਦਿਆਰਥੀ ਆਪਣੀਆਂ ਕਲਾਸਾਂ ਦਾ ਬਾਈਕਾਟ ਕਰਕੇ ਭਾਰਤ ਵਿਰੋਧੀ ਨਾਅਰੇ ਲਗਾਉਂਦੇ ਹੋਏ ਸੜਕਾਂ ਤੇ ਇੱਕਠੇ ਹੋ ਗਏ। ਸਥਾਨਕ ਪੁਲਿਸ ਨੇ ਸਟੂਡੈਂਟਸ ਨੂੰ ਰੋਕਣ ਦੇ ਯਤਨ ਕੀਤੇ ਤਾਂ ਉਹ ਪੁਲਿਸ ਨਾਲ ਉਲਝ ਗਏ ਅਤੇ ਪਥਰਾਅ ਸ਼ੁਰੂ ਹੋ ਗਿਆ। ਪੁਲਿਸ ਨੇ ਵਿਦਿਆਰਥੀਆਂ ਤੇ ਰੰਗੀਨ ਪਾਣੀ ਦੀ ਵਾਛੜ,ਲਾਠੀਚਾਰਜ, ਅੱਥਰੂਗੈਸ ਅਤੇ ਪੈਲੇਟ ਗੰਨਾਂ ਦਾ ਵੀ ਸਹਾਰਾ ਲਿਆ।
ਸ੍ਰੀਨਗਰ ਦੇ ਇਲਾਵਾ ਕੁਲਗਾਮ,ਅਨੰਤਨਾਗ,ਬੀਜਬੇਹਾੜਾ,ਬੜਗਾਮ, ਸ਼ੋਪੀਆ, ਸੋਪੋਰ, ਬਾਰਾਮੁਲਾ, ਹੰਦਵਾੜਾ, ਗਾਂਦਰਬਲ ਅਤੇ ਕੁਪਵਾੜਾ ਵਿੱਚ ਵੀ ਸੜਕਾਂ ਤੇ ਨਾਅਰੇਬਾਜ਼ੀ ਕੀਤੀ ਗਈ। ਪੁਲਿਸ ਨੇ ਵੀ ਪ੍ਰਦਰਸ਼ਨਕਾਰੀਆਂ ਨੂੰ ਦਬਾਉਣ ਲਈ ਸਖਤ ਕਾਰਵਾਈ ਕੀਤੀ। ਸੱਭ ਤੋਂ ਵੱਧ ਹਿੰਸਾ ਸੋਪੋਰ ਅਤੇ ਸ੍ਰੀਨਗਰ ਵਿੱਚ ਹੋਈ। ਇਨ੍ਹਾਂ ਹਿੰਸਕ ਘਟਨਾਵਾਂ ਵਿੱਚ ਵਿਦਿਆਰਥੀ ਅਤੇ ਕੁਝ ਪੁਲਿਸ ਕਰਮਚਾਰੀ ਵੀ ਜਖਮੀ ਹੋਏ।