ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਾਨੂੰਨੀ ਮੋਰਚੇ ’ਤੇ ਵੱਡੀ ਕਾਮਯਾਬੀ ਪ੍ਰਾਪਤ ਹੋਈ ਹੈ। ਦੱਖਣ ਦਿੱਲੀ ਦੇ ਸਰਾਇ ਜੁਲੇਨਾ ਪਿੰਡ ਵਿਖੇ ਗੁਰਦੁਆਰਾ ਦਮਦਮਾ ਸਾਹਿਬ ਦੀ ਮਲਕੀਅਤ ਵਾਲੇ 225 ਗਜ ਦੇ ਪਲਾਟ ਤੇ ਕਮੇਟੀ ਨੇ ਲਗਭਗ 65 ਸਾਲ ਬਾਅਦ ਮੁੜ ਕਬਜਾ ਪ੍ਰਾਪਤ ਕੀਤਾ ਹੈ।
ਦਰਅਸਲ ਸਾਲ 1950-52 ਵਿਖੇ ਕਮੇਟੀ ਦੇ ਸਾਬਕਾ ਪ੍ਰਧਾਨ ਦਾਨ ਸਿੰਘ ਅਤੇ ਸਕੱਤਰ ਰਤਨ ਸਿੰਘ ਵੱਲੋਂ ਗ੍ਰੰਥੀ ਗਿਆਨੀ ਰਾਮ ਸਿੰਘ ਨੂੰ ਉਕਤ ਪਲਾਟ 99 ਸਾਲ ਦੇ ਪੱਟੇ ਤੇ ਰਿਹਾਇਸ਼ ਵਾਸਤੇ ਦਿੱਤਾ ਗਿਆ ਸੀ। ਪਰ ਰਾਮ ਸਿੰਘ ਨੇ ਆਪਣੀ ਮੌਤ ਤੋਂ ਪਹਿਲਾ ਉਕਤ ਪਲਾਟ ਆਪਣੀ ਪਤਨੀ ਤੇਜ ਕੌਰ ਦੇ ਨਾਂ ਕਰ ਦਿੱਤਾ ਸੀ। ਤੇਜ ਕੌਰ ਨੇ ਵੀ ਫਰਜੀ ਕਾਗਜਾਂ ਰਾਹੀਂ ਉਕਤ ਪਲਾਟ ਦਾ ਕਬਜਾ ਜਗਮੋਹਨ ਸਿੰਘ ਅਤੇ ਕਈ ਹੋਰ ਲੋਕਾਂ ਦੇ ਨਾਂ ਕੀਤਾ ਸੀ।
ਦਿੱਲੀ ਕਮੇਟੀ ਦੇ ਕਾਨੂੰਨੀ ਵਿਭਾਗ ਦੇ ਮੁਖੀ ਜਸਵਿੰਦਰ ਸਿੰਘ ਜੌਲੀ ਨੇ ਅਦਾਲਤ ਦੇ ਆਦੇਸ਼ ਤੇ ਉਕਤ ਪਲਾਟ ਦਾ ਕਬਜਾ ਕਮੇਟੀ ਵੱਲੋਂ ਪੁਲਿਸ ਸੁਰੱਖਿਆ ਹੇਠ ਪ੍ਰਾਪਤ ਕਰਨ ਉਪਰੰਤ ਇਸਨੂੰ ਕਮੇਟੀ ਦੀ ਵੱਡੀ ਜਿੱਤ ਕਰਾਰ ਦਿੱਤਾ। ਜੌਲੀ ਨੇ ਦਾਅਵਾ ਕੀਤਾ ਕਿ ਮੇਨ ਰੋਡ ’ਤੇ ਐਸਕਾਰਟ ਹਸਪਤਾਲ ਅਤੇ ਜਾਮਿਆ ਮੀਲਿਆ ਯੂਨੀਵਰਸਿਟੀ ਦੇ ਨੇੜੇ ਦੇ ਉਕਤ ਵਾਪਾਰਿਕ ਪਲਾਟ ਦੀ ਕੀਮਤ ਲਗਭਗ 15 ਕਰੋੜ ਹੈ ਜਿਸਤੇ ਕਮੇਟੀ ਕੋਈ ਵਿਦਿਅਕ ਜਾਂ ਸਿਹਤ ਅਦਾਰਾ ਖੋਲ ਸਕਦੀ ਹੈ।
1992 ਤੋਂ ਚਲ ਰਹੀ ਕਾਨੂੰਨੀ ਲੜਾਈ ਦੀ ਸੁਪਰੀਮ ਕੋਰਟ ਤਕ ਪੈਰਵੀ ਕਰਨ ਉਪਰੰਤ ਕਮੇਟੀ ਨੂੰ ਹੋਈ ਜਾਇਦਾਦ ਦੀ ਪ੍ਰਾਪਤੀ ਦਾ ਸੇਹਰਾ ਜੌਲੀ ਨੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੇ ਸਿਰ ਬੰਨਿਆ। ਜੌਲੀ ਨੇ ਕਿਹਾ ਕਿ ਕਮੇਟੀ ਦੀਆਂ ਜਾਇਦਾਦਾਂ ਤੇ ਹੋਏ ਗੈਰ ਕਾਨੂੰਨੀ ਕਬਜਿਆਂ ਖਿਲਾਫ਼ ਜਿਸ ਦਲੇਰੀ ਨਾਲ ਕਮੇਟੀ ਪ੍ਰਧਾਨ ਨੇ ਸਟੈਂਡ ਲਿਆ ਹੈ ਉਹ ਕਾਬਿਲੇ ਤਾਰੀਫ਼ ਹੋਣ ਦੇ ਨਾਲ ਹੀ ਟੀਮ ਦਾ ਹਿੱਸਾ ਹੋਣ ਕਰਕੇ ਮਾਨ ਮਹਿਸੂਸ ਕਰਾਉਣ ਵਾਲਾ ਵੀ ਹੈ। ਕਬਜਾਧਾਰੀਆਂ ਵੱਲੋਂ ਹੋਏ ਛਿੱਟ-ਪੁੱਟ ਵਿਰੋਧ ਉਪਰੰਤ ਪਲਾਟ ਤੇ ਕਮੇਟੀ ਦਾ ਕਬਜਾ ਮੁੜ ਬਹਾਲ ਹੋਣ ਤੇ ਜੌਲੀ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ।