ਫ਼ਤਹਿਗੜ੍ਹ ਸਾਹਿਬ – “ਭਾਰਤ ਦੇ ਰੱਖਿਆ ਵਜ਼ੀਰ ਸ੍ਰੀ ਅਰੁਣ ਜੇਟਲੀ ਵੱਲੋਂ ਕੈਨੇਡਾ ਦੇ ਆਪਣੇ ਹਮ-ਰੁਤਬਾ ਸ. ਹਰਜੀਤ ਸਿੰਘ ਸੱਜਣ ਰੱਖਿਆ ਵਜ਼ੀਰ ਕੈਨੇਡਾ ਨਾਲ ਗੱਲਬਾਤ ਕਰਦੇ ਹੋਏ ਅਜਿਹਾ ਵਿਵਹਾਰ ਅਤੇ ਪ੍ਰਭਾਵ ਦਿੱਤਾ ਜਾ ਰਿਹਾ ਸੀ ਜਿਵੇ ਸ੍ਰੀ ਅਰੁਣ ਜੇਟਲੀ ਭਾਰਤ ਦੇ ਆਪਣੇ ਕਿਸੇ ਸੂਬੇ ਦੇ ਮੁੱਖ ਮੰਤਰੀ ਨਾਲ ਗੱਲ ਕਰ ਰਹੇ ਹੋਣ । ਅਜਿਹਾ ਔਰੰਗਜੇਬੀ ਤਾਨਾਸ਼ਾਹੀ ਸੋਚ ਵਾਲੇ ਅਮਲ ਕਰਕੇ ਹਿੰਦੂਤਵ ਹੁਕਮਰਾਨਾਂ ਨੇ ਕੈਨੇਡਾ ਦੇ ਇਕ ਗੁਰਸਿੱਖ ਰੱਖਿਆ ਵਜ਼ੀਰ ਸ. ਹਰਜੀਤ ਸਿੰਘ ਸੱਜਣ ਦੀ ਹੀ ਅਸਲ ਵਿਚ ਤੋਹੀਨ ਕਰਨ ਵਾਲੇ ਅਸਹਿ ਅਮਲ ਕੀਤੇ ਹਨ । ਜਿਸ ਨੂੰ ਸਿੱਖ ਕੌਮ ਬਿਲਕੁਲ ਬਰਦਾਸਤ ਨਹੀਂ ਕਰੇਗੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਅਰੁਣ ਜੇਟਲੀ ਰੱਖਿਆ ਵਜ਼ੀਰ ਭਾਰਤ ਵੱਲੋਂ ਸ. ਹਰਜੀਤ ਸਿੰਘ ਸੱਜਣ ਰੱਖਿਆ ਵਜ਼ੀਰ ਕੈਨੇਡਾ ਨਾਲ ਗੱਲਬਾਤ ਸਮੇਂ ਆਪਣੇ ਗਏ ਰੁੱਖੇ, ਤਾਨਾਸ਼ਾਹੀ ਤੇ ਗੁਲਾਮਾਂ ਵਾਲੇ ਗੈਰ-ਸਮਾਜਿਕ ਅਤੇ ਗੈਰ-ਇਖ਼ਲਾਕੀ ਵਿਵਹਾਰ ਉਤੇ ਡੂੰਘਾਂ ਦੁੱਖ ਜ਼ਾਹਰ ਕਰਦੇ ਹੋਏ ਅਤੇ ਭਾਰਤੀ ਹੁਕਮਰਾਨਾਂ ਦੇ ਅਜਿਹੇ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੀਤੇ ਕੱਲ੍ਹ ਸ. ਹਰਜੀਤ ਸਿੰਘ ਸੱਜਣ ਜਦੋਂ ਦਿੱਲੀ ਵਿਖੇ ਪਹੁੰਚੇ ਤਾਂ ਉਥੇ ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਸਤਿਕਾਰਯੋਗ ਐਚ.ਆਰ. ਮੈਕ ਮਾਸਟਰ ਵੀ ਮੋਦੀ ਨਾਲ ਮੁਲਾਕਾਤ ਕਰਨ ਆਏ ਹੋਏ ਸਨ । ਸ. ਸੱਜਣ ਨੂੰ ਅਮਰੀਕੀ ਸੁਰੱਖਿਆ ਸਲਾਹਕਾਰ ਸ੍ਰੀ ਮੈਕ ਮਾਸਟਰ ਨਾਲ ਨਾ ਮਿਲਾਉਣਾ ਵੀ ਹਿੰਦੂਤਵ ਹੁਕਮਰਾਨਾਂ ਦੀ ਸੌੜੀ ਅਤੇ ਸਿੱਖ ਵਿਰੋਧੀ ਸੋਚ ਨੂੰ ਸਪੱਸਟ ਕਰਦੀ ਹੈ । ਕੈਨੇਡਾ ਦੇ ਰੱਖਿਆ ਵਜ਼ੀਰ ਦੇ ਉੱਚ ਅਹੁਦੇ ਦੇ ਪ੍ਰੋਟੋਕੋਲ ਦੇ ਵੱਡੇ ਮਹੱਤਵ ਨੂੰ ਭਾਰਤ ਸਰਕਾਰ ਵੱਲੋਂ ਨਜ਼ਰ ਅੰਦਾਜ ਕਰਨ ਦੀਆਂ ਕਾਰਵਾਈਆਂ ਜਾਣਬੁੱਝ ਕੇ ਸਿੱਖ ਕੌਮ ਦੇ ਕੌਮਾਂਤਰੀ ਪੱਧਰ ਦੇ ਮਾਣ-ਸਤਿਕਾਰ ਅਤੇ ਅਹਿਮੀਅਤ ਨੂੰ ਘਟਾਉਣ ਦੀਆਂ ਅਸਫ਼ਲ ਕੋਸਿ਼ਸ਼ਾਂ ਹਨ । ਜੋ ਕਿ ਭਾਰਤੀ ਮੁਤੱਸਵੀ ਹੁਕਮਰਾਨਾਂ ਦੀਆਂ ਸਿੱਖ ਕੌਮ ਪ੍ਰਤੀ ਮੰਦਭਾਵਨਾਵਾਂ ਨੂੰ ਵੀ ਖੁਦ-ਬ-ਖੁਦ ਜ਼ਾਹਰ ਕਰਦੇ ਹਨ । ਅਜਿਹੇ ਅਮਲਾਂ ਨਾਲ ਕੇਵਲ ਕੈਨੇਡਾ ਦੀ ਹਕੂਮਤ ਅਤੇ ਉਨ੍ਹਾਂ ਦੇ ਮਾਣ-ਸਨਮਾਨ ਨੂੰ ਹੀ ਠੇਸ ਨਹੀਂ ਪਹੁੰਚੀ ਬਲਕਿ ਸਮੁੱਚੇ ਸੰਸਾਰ ਵਿਚ ਵਿਚਰਣ ਵਾਲੀ ਉਹ ਸਿੱਖ ਕੌਮ ਜੋ ਦੋਵੇ ਸਮੇਂ ਸਮੁੱਚੀਆਂ ਕੌਮਾਂ, ਧਰਮਾਂ, ਫਿਰਕਿਆ ਅਤੇ ਮੁਲਕਾਂ ਦੇ ਨਿਵਾਸੀਆਂ ਦੀ ਆਪਣੀ ਅਰਦਾਸ ਵਿਚ ਬਿਹਤਰੀ ਲੋੜਦੀ ਹੈ ਅਤੇ ਜਿਥੇ ਕਿਤੇ ਵੀ ਕਿਸੇ ਨਾਲ ਜ਼ਬਰ-ਜੁਲਮ ਹੁੰਦਾ ਹੈ, ਉਸ ਵਿਰੁੱਧ ਆਵਾਜ਼ ਉਠਾਉਦੀ ਹੈ, ਉਸ ਸਿੱਖ ਕੌਮ ਦੇ ਮਨਾਂ ਨੂੰ ਵੀ ਡੂੰਘੀ ਠੇਸ ਪਹੁੰਚੀ ਹੈ ।
ਉਨ੍ਹਾਂ ਕਿਹਾ ਕਿ ਸ. ਹਰਜੀਤ ਸਿੰਘ ਸੱਜਣ ਜਦੋਂ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚੇ ਤਾਂ ਉਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਨ੍ਹਾਂ ਦਾ ਪੂਰੀ ਗਰਮਜੋਸੀ ਨਾਲ ਕੇਵਲ ਸਵਾਗਤ ਹੀ ਨਹੀਂ ਕੀਤਾ, ਬਲਕਿ ਨਾਅਰੇ ਬੁਲੰਦ ਕਰਦੇ ਹੋਏ “ਜੀ-ਆਇਆ” ਵੀ ਆਖਿਆ । ਜੋ ਕਿ ਸਿੱਖ ਕੌਮ ਦੀ ਤਹਿਜੀਬ ਅਤੇ ਸਲੀਕੇ ਦਾ ਇਕ ਹਿੱਸਾ ਹੈ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਜਿਨ੍ਹਾਂ ਸਿੱਖ ਸੰਗਠਨਾਂ ਨੇ 04 ਫਰਵਰੀ 2017 ਪੰਜਾਬ ਦੀਆਂ ਚੋਣਾਂ ਵਿਚ ਕਾਂਗਰਸ, ਬੀਜੇਪੀ, ਆਮ ਆਦਮੀ ਪਾਰਟੀ ਅਤੇ ਬਾਦਲ ਦਲ ਨੂੰ ਵੋਟਾਂ ਪਾਈਆ ਅਤੇ ਪਵਾਈਆ ਜਿਨ੍ਹਾਂ ਵਿਚ ਦਲ ਖ਼ਾਲਸਾ, ਪੰਚ ਪ੍ਰਧਾਨੀ, ਯੂਨਾਈਟਡ ਅਕਾਲੀ ਦਲ, ਆਖੰਡ ਕੀਰਤਨੀ ਜਥਾਂ, ਬੱਬਰ ਖ਼ਾਲਸਾ, ਸਿੱਖ ਸਟੂਡੈਂਟ ਫੈਡਰੇਸ਼ਨ, ਸਿੱਖ ਫਾਰ ਜਸਟਿਸ (ਪੰਨੂੰ), ਦਮਦਮੀ ਟਕਸਾਲ ਆਦਿ ਸਿੱਖ ਸੰਗਠਨਾਂ ਅਤੇ ਸਿੱਖ ਸਖਸ਼ੀਅਤਾਂ ਵਿਚੋ ਕੋਈ ਵੀ ਸ. ਹਰਜੀਤ ਸਿੰਘ ਸੱਜਣ ਨੂੰ ਜੀ-ਆਇਆ ਕਹਿਣ ਲਈ ਨਾ ਪਹੁੰਚਿਆ । ਜੋ ਕਿ ਕੌਮੀ ਤਹਿਜੀਬ ਅਤੇ ਸਲੀਕੇ ਵਾਲੇ ਅਮਲੀ ਗੁਣਾਂ ਤੋਂ ਮੂੰਹ ਮੋੜਨ ਵਾਲੀ ਅਤੇ ਸਿੱਖੀ ਸਿਧਾਤਾਂ ਤੇ ਸੋਚ ਨੂੰ ਪਿੱਠ ਦੇਣ ਵਾਲੇ ਅਮਲ ਹਨ । ਜਦੋਂਕਿ ਪੰਜਾਬ ਵਿਚੋਂ ਵੱਡੀ ਗਿਣਤੀ ਵਿਚ ਆਮ ਸਿੱਖਾਂ ਨੇ ਇਸ ਮੌਕੇ ਪਹੁੰਚਕੇ ਸਿੱਖ ਕੌਮ ਦਾ ਕੌਮਾਂਤਰੀ ਪੱਧਰ ਤੇ ਮਾਣ-ਸਨਮਾਨ ਵਧਾਉਣ ਵਾਲੇ ਸ. ਹਰਜੀਤ ਸਿੰਘ ਸੱਜਣ ਰੱਖਿਆ ਵਜ਼ੀਰ ਕੈਨੇਡਾ ਨੂੰ ਜੀ-ਆਇਆ ਆਖਿਆ । ਹੁਣ ਸਾਨੂੰ ਇਹ ਉਪਰੋਕਤ ਸਿੱਖ ਸੰਗਠਨ ਅਤੇ ਇਨ੍ਹਾਂ ਨਾਲ ਸੰਬੰਧਤ ਆਗੂ ਦੱਸਣ ਕਿ ਜਿਨ੍ਹਾਂ ਨੇ ਸਿੱਖ ਵਿਰੋਧੀ ਜਮਾਤਾਂ ਅਤੇ ਆਗੂਆਂ ਨੂੰ ਵੋਟਾਂ ਪਵਾਈਆ ਹਨ ਅਤੇ ਜੋ ਮੌਕਾਪ੍ਰਸਤੀ ਦੀ ਸੋਚ ਅਧੀਨ ਸਮੇ-ਸਮੇਂ ਤੇ ਸਿੱਖ ਕੌਮ ਦੀ ਆਜ਼ਾਦੀ ਦੀ ਅਤੇ ਸਿੱਖੀ ਸਿਧਾਤਾਂ ਤੇ ਸੋਚ ਦੀ ਗੱਲ ਕਰਦੇ ਹਨ, ਉਨ੍ਹਾਂ ਦਾ ਸੰਪੂਰਨ ਪ੍ਰਭੂਸਤਾ ਆਜ਼ਾਦ ਸਿੱਖ ਸਟੇਟ (Independent Sovereign Sikh State) ਅਤੇ ਬਫ਼ਰ ਸਟੇਟ ਬਾਰੇ ਕੀ ਸਟੈਂਡ ਹੈ ਅਤੇ ਸਿੱਖ ਕੌਮ ਨੂੰ ਕੌਮਾਂਤਰੀ, ਮੁਲਕੀ ਅਤੇ ਪੰਜਾਬ ਸੂਬੇ ਦੇ ਪੱਧਰ ਤੇ ਆ ਰਹੀਆ ਦਰਪੇਸ਼ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਲਈ ਕਿੰਨੀ ਸੁਹਿਰਦਤਾ ਹੈ ? ਸ. ਮਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਮੁੱਚੇ ਅਹੁਦੇਦਾਰਾਂ ਅਤੇ ਸ. ਹਰਜੀਤ ਸਿੰਘ ਸੱਜਣ ਦੀ ਆਮਦ ਤੇ ਪਹੁੰਚਕੇ ਸਵਾਗਤ ਕਰਨ ਵਾਲੇ ਸਿੱਖਾਂ ਦਾ ਤਹਿ ਦਿਲੋਂ ਜਿਥੇ ਧੰਨਵਾਦ ਕੀਤਾ, ਉਥੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਵੱਲੋਂ ਅਤੇ ਐਸ.ਜੀ.ਪੀ.ਸੀ. ਦੇ ਅਗਜੈਕਟਿਵ ਮੈਬਰ ਸ. ਸੁਰਜੀਤ ਸਿੰਘ ਕਾਲਾਬੂਲਾ, ਜਿਨ੍ਹਾਂ ਨੇ ਸ੍ਰੀ ਸੱਜਣ ਨੂੰ ਸਿੱਖ ਕੌਮ ਦੇ ਬਿਨ੍ਹਾਂ ਤੇ ਆਪਣਾ ਯਾਦ-ਪੱਤਰ ਪੇਸ਼ ਕੀਤਾ, ਉਨ੍ਹਾਂ ਦਾ ਅਤੇ ਸਿੱਖ ਕੌਮ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ ।