“ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੁਤ” ਗੁਰਬਾਣੀ ਦੇ ਇਹ ਸ਼ਬਦ ਮਨੁੱਖੀ ਜੀਵਨ ਵਿੱਚ ਪੌਣ ਪਾਣੀ ਦੇ ਨਾਲ ਨਾਲ ਧਰਤੀ ਦੀ ਮਹੱਤਤਾ ਨੂੰ ਪ੍ਰਭਾਸ਼ਿਤ ਕਰਦੇ ਹੋਏ ਧਰਤੀ ਨੂੰ ਮਾਂ ਸਮਾਨ ਦਰਜਾ ਦਿੰਦੇ ਹਨ। ਸਮੁੱਚੇ ਬ੍ਰਹਿਮੰਡ ਵਿੱਚੋਂ ਇੱਕ ਪ੍ਰਿਥਵੀ ਹੀ ਹੈ ਜਿੱਥੇ ਜੀਵਨ ਸੰਭਵ ਹੈ। ਕੁਦਰਤ ਨੇ ਇਸ ਧਰਤੀ ਉਪੱਰ ਬਹੁਤ ਅਨਮੋਲ ਬਖ਼ਸ਼ਾਂ ਇਨਸਾਨ ਨੂੰ ਬਖ਼ਸ਼ੀਆਂ ਹਨ ਅਤੇ ਸਮੁੱਚੇ ਜਨ ਜੀਵ ਵਿੱਚੋਂ ਮਨੁੱਖ ਨੂੰ ਸ਼੍ਰੇਸ਼ਠਤਾ ਪ੍ਰਦਾਨ ਕੀਤੀ ਹੈ।
ਅਯੋਕੇ ਦੌਰ ਵਿੱਚ ਧਰਤੀ ਦਾ ਆਪਣਾ ਵਾਤਾਵਰਣਿਕ ਸੰਤੁਲਨ ਵਿਗੜ ਰਿਹਾ ਹੈ ਜਿਸਦੀ ਪੁਸ਼ਟੀ ਵਿਗਿਆਨਿਕ ਤੱਥ ਕਰਦੇ ਹਨ। ਇਹ ਵਿਡੰਬਨਾ ਹੀ ਹੈ ਕਿ ਧਰਤੀ ਦੇ ਵਿਗੜਦੇ ਸੰਤੁਲਨ ਪਿੱਛੇ ਮੁੱਖ ਜ਼ਿੰਮੇਵਾਰ ਵੀ ਮਨੁੱਖ ਹੈ। ਮਨੁੱਖ ਦੀ ਲਾਲਸਾ ਜਾਂ ਅਣਗਹਿਲੀ ਅਨੇਕਾਂ ਹੀ ਅਜਿਹੀਆਂ ਸਥਿਤੀਆਂ ਦੀ ਉਪਜ ਕਰ ਰਹੀ ਹੈ ਜੋ ਕਿ ਧਰਤੀ ਅਤੇ ਇਸਦੇ ਨਾਲ ਸੰਬੰਧਤ ਸਮੁੱਚੇ ਜਨਜੀਵਨ ਨੂੰ ਨਕਰਾਤਮਕ ਪੱਖ ਤੋਂ ਪ੍ਰਭਾਵਿਤ ਕਰ ਰਿਹਾ ਹੈ। ਬੇਹਤਾਸ਼ਾ ਵੱਧ ਰਹੀ ਆਬਾਦੀ, ਜੰਗਲਾਂ ਦੀ ਧੜਾਧੜ ਕਟਾਈ, ਉਜ਼ੋਨ ਪਰਤ ਵਿੱਚ ਛੇਕ, ਪਾਣੀ ਦੀ ਗੰਦਗੀ, ਮੌਸਮੀ ਬਦਲਾਅ, ਸਮੁੰਦਰੀ ਪਾਣੀ ਦਾ ਤੇਜ਼ਾਬੀ ਰੂਪ,ਹੱਦ ਤੋਂ ਵੱਧ ਸ਼ਿਕਾਰ, ਦਿਨੋ ਦਿਨ ਵੱਧ ਰਿਹਾ ਪ੍ਰਦੂਸ਼ਣ ਵਾਤਾਵਰਣ ਦੂਸ਼ਿਤ ਕਰ ਰਿਹਾ ਹੈ, ਜੋ ਕਿ ਪ੍ਰਿਥਵੀ ਦਾ ਸੰਤੁਲਨ ਸਥਿਰ ਰਹਿਣ ਵਿੱਚ ਰੁਕਵਟ ਪੈਦਾ ਕਰ ਰਹੇ ਹਨ। ਭਾਰਤ ਦੀ ਰਾਜਧਾਨੀ ਦਿੱਲੀ ਦੀ ਹਵਾ ਐਨੀ ਗੰਧਲੀ ਹੋ ਗਈ ਹੈ ਕਿ ਉੱਥੇ ਸਾਹ ਲੈਣਾ ਵੀ ਮੁਸ਼ਕਲ ਹੁੰਦਾ ਜਾ ਰਿਹਾ ਹੈ।
ਲੋਕਾਂ ਨੂੰ ਧਰਤੀ ਅਤੇ ਸਵੱਸਥ ਵਾਤਾਵਰਣ ਦੀ ਮਹੱਹਤਾ ਤੋਂ ਜਾਣੂ ਕਰਵਾਉਣ ਅਤੇ ਇਸਦੀ ਸਾਂਭ ਸੰਭਾਲ ਸੰਬੰਧੀ ਜਾਗਰੂਕ ਕਰਨ ਦੇ ਮਕਸਦ ਦੇ ਤੌਰ ਤੇ ਹਰ ਸਾਲ 22 ਅਪ੍ਰੈਲ ਨੂੰ ਦੁਨੀਆਂ ਭਰ ਵਿੱਚ ਪ੍ਰਿਥਵੀ ਦਿਵਸ (ਅਰਥ ਡੇ) ਮਨਾਇਆ ਜਾਂਦਾ ਹੈ। 1969 ਵਿੱਚ ਸਾਂਤਾ ਬਾਰਬਰਾ ਤੇਲ ਰਿਸਾਵ ਦੀ ਰੋਂਗਟੇ ਖੜੇ ਕਰ ਦੇਣ ਵਾਲੀ ਤ੍ਰਾਸਦੀ ਪ੍ਰਿਥਵੀ ਦਿਵਸ ਦੇ ਜਨਮ ਪਿੱਛੇ ਮੁੱਖ ਕਾਰਨ ਰਹੀ ਹੈ। ਪ੍ਰਸ਼ਾਤ ਮਹਾਂਸਾਗਰ, ਸਾਂਤਾ ਬਾਰਬਰਾ ਚੈਨਲ ਵਿੱਚ 28 ਜਨਵਰੀ ਤੋਂ 7 ਫਰਵਰੀ 1969 ਨੂੰ ਮੁੱਖ ਰੂਪ ਵਿੱਚ ਤੇਲ ਦਾ ਰਿਸਾਵ ਹੋਇਆ ਜੋ ਹੌਲੀ ਹੌਲੀ ਅਪ੍ਰੈਲ ਤੱਕ ਘੱਟਦਾ ਘੱਟਦਾ ਬੰਦ ਹੋਇਆ, ਕੱਚਾ ਤੇਲ ਸਾਂਤਾ ਬਾਰਬਰਾ ਚੈਨਲ ਵਿੱਚ ਅਤੇ ਦੱਖਣੀ ਕੈਲੀਫੋਰਨੀਆ ਦੇ ਸਾਂਤਾ ਬਾਰਬਰਾ ਕਾਊਂਟੀ ਦੇ ਸਮੁੰਦਰ ਤੱਟਾਂ ਤੇ ਫੈਲ ਗਿਆ।ਦੱਖਣੀ ਕੈਲੀਫੋਰਨੀਆ ਵਿੱਚ ਜੋਲੀਟਾ ਤੋਂ ਵੇਂਚੁਰਾ ਤੱਕ ਸਮੁੰਦਰ ਤੱਟ ਅਤੇ ਚਾਰ ਉੱਤਰੀ ਚੈਨਲ ਦੀਪਸਮੂਹ ਦੇ ਉੱਤਰੀ ਕਿਨਾਰੇ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋ ਗਏ।ਹਜ਼ਾਰਾਂ ਸਮੁੰਦਰੀ ਪੰਛੀ ਮਾਰੇ ਗਏ, ਇਹਨਾਂ ਦੇ ਨਾਲ ਹੀ ਡਾਲਫਿਨ, ਐਲੀਫੈਂਟ ਸੀਲਜ, ਸੀ ਲਾਇਨ ਆਦਿ ਹੋਰ ਵੀ ਸਮੁੰਦਰੀ ਜੀਵ ਮਾਰੇ ਗਏ। ਪ੍ਰਿਥਵੀ ਦਿਵਸ ਦੀ ਸਥਾਪਨਾ ਅਮੇਰਿਕੀ ਸੀਨੇਟਰ ਜੇਰਾਲਡ ਨੇਲਸਨ ਦੇ ਦੁਆਰਾ 1970 ਵਿੱਚ ਇੱਕ ਵਾਤਾਵਰਣ ਸਿੱਖਿਆ (ਟੀਚ ਇਨ) ਦੇ ਰੂਪ ਵਿੱਚ ਕੀਤੀ ਗਈ, 2009 ਵਿੱਚ ਸੰਯੁਕਤ ਰਾਸ਼ਟਰ ਸੰਘ ਨੇ ਸਰਬ ਸੰਮਤੀ ਨਾਲ 22 ਅਪ੍ਰੈਲ ਦਾ ਨਾਮਕਰਨ ਅੰਤਰਰਾਸ਼ਟਰੀ ਮਾਂ ਭੂ ਦਿਵਸ (ਇੰਟਰਨੈਸ਼ਨਲ ਮਦਰ ਅਰਥ ਡੇ) ਕਰ ਦਿੱਤਾ ਹੈ ਅਤੇ ਹੁਣ ਇਸਨੂੰ 192 ਤੋਂ ਅਧਿੱਕ ਦੇਸ਼ਾਂ ਵਿੱਚ ਪ੍ਰਤੀ ਸਾਲ ਮਨਾਇਆ ਜਾਂਦਾ ਹੈ।2017 ਦਾ ਧਰਤ ਦਿਵਸ ਵਾਤਾਵਰਣ ਅਤੇ ਕਲਾਈਮੇਟ ਲਿਟਰੇਸੀ ਤੇ ਕੇਂਦਰਿਤ ਹੈ।
ਪੰਜਾਬੀ ਦੀ ਕਹਾਵਤ ਵਾਂਗ ਅਜੇ ਡੁੱਲੇ ਬੇਰਾਂ ਦਾ ਕੁਝ ਨਹੀਂ ਬਿਗੜਿਆ ਸੋ ਵਿਵਸਥਾ ਨੂੰ ਵਾਤਾਵਰਣਿਕ ਵਿਸ਼ਿਆਂ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਮਨੁੱਖਤਾ ਲਈ ਨੁਕਸਾਨਦਾਇਕ ਫੈਸਲਿਆਂ ਤੋਂ ਬਚਣਾ ਚਾਹੀਦਾ ਹੈ ਅਤੇ ਆਮ ਲੋਕਾਂ ਨੂੰ ਵੀ ਆਪਣੇ ਪੱਧਰ ਤੇ ਵੀ ਹੰਭਲਾ ਮਾਰਨਾ ਚਾਹੀਦਾ ਹੈ ਤਾਂ ਜੋ ਅਸੀਂ ਆਉਣ ਵਾਲੀਆਂ ਪੀੜੀਆਂ ਲਈ ਕਿਸੇ ਤਰ੍ਹਾਂ ਦਾਨਿਰਾਸ਼ਮਈ ਵਾਤਾਵਰਣਿਕ ਹਾਲਾਤ ਨਾ ਛੱਡ ਕੇ ਜਾਈਏ। ਇੱਕ ਸਜਗ ਇਨਸਾਨ ਹੋਣ ਦੇ ਨਾਤੇ ਸਾਨੂੰ ਸਭ ਨੂੰ ਘੱਟੋ ਘੱਟ ਇੱਕ ਰੁੱਖ ਲਾਉਣ ਦੀ ਜ਼ਿੰਮੇਵਾਰੀ ਜ਼ਰੂਰ ਲੈਣੀ ਚਾਹੀਦੀ ਹੈ ਅਤੇ ਜਿੱਥੇ ਕੁਦਰਤੀ ਸਾਧਨਾਂ ਜਿਵੇਂ ਕਿ ਪਾਣੀ ਆਦਿ ਦੀ ਸੰਜੋਗ ਸੀਮਿਤ ਵਰਤੋਂ ਕਰਨੀ ਚਾਹੀਦੀ ਹੈ, ਉੱਥੇ ਹੀ ਹੋਰ ਸੁੱਖਮਈ ਸਾਧਨਾਂ, ਵਹੀਕਲਾਂ ਆਦਿ ਦੀ ਵਰਤੋਂ ਨੂੰ ਵੀ ਸੀਮਿਤ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਜੋ ਇੱਕ ਸਵੱਸਥ ਪ੍ਰਿਥਵੀ ਦੀ ਹੋਂਦ ਬਣੀ ਰਹੇ।