ਐਸੀ ਗੁੱਡੀ ਚੜ੍ਹੀ ਅਸਮਾਨੇ,
ਬਾਬੇ ਜੀ ਦੀਆਂ, ਪੌਂ ਬਾਰਾਂ।
ਬਾਬਾ ਜੀ ਦੇ ਵੋਟ ਬੈਂਕ ਦੀ,
ਚਰਚਾ ਹੁੰਦੀ ਵਿਚ ਬਜ਼ਾਰਾਂ।
ਨੇਤਾ ਐਸੀ ਚੜ੍ਹਤ ਚੜ੍ਹਾਉਂਦੇ,
ਛੱਡ ਜਾਂਦੇ ਜੋ ਨਵੀਆਂ ਕਾਰਾਂ।
ਲੀਡਰ ਜੀ ਦੀ ਵੇਖ ਕੇ ਸ਼ਰਧਾ,
ਸੇਵਕ ਬਣ ਗਏ ਕਈ ਹਜ਼ਾਰਾਂ।
ਟੱਬਰਾਂ ਦੇ ਹੀ ਟੱਬਰ ਤੁਰ ਪਏ,
ਦਰਸ਼ਨ ਖਾਤਰ ਤੁਰੀਆਂ ਨਾਰਾਂ।
ਬਾਬਾ ਜੀ ਦਾ ਲਹੁਣ ਥਕੇਵਾਂ,
ਗੋਡੇ ਘੁੱਟਣ ਕਈ ਮੁਟਿਆਰਾਂ।
ਪਾਟੀ ਹੋਈ ਲੰਗੋਟੀ ਦੀ ਥਾਂ,
ਚੋਲੇ ਵਿਚ ਸੁਨਹਿਰੀ ਤਾਰਾਂ।
ਆਏ ਗਏ ਨੂੰ ਪੁੱਤਰ ਬਖਸ਼ੇ,
ਗੱਲ ਉਡਾਈ ਸੇਵਾਦਾਰਾਂ।
ਅਨਪੜ੍ਹ ਬਾਬਾ ਦਏ ਭਗੂਤੀ,
ਮੱਥੇ ਟੇਕਦੀਆਂ ਸਰਕਾਰਾਂ।
ਇਕ ਸਿੱਕੇ ਦੇ ਦੋਵੇਂ ਪਹਿਲੂ,
ਬਾਬਾ-ਲੀਡਰ ਜੁੜੀਆਂ ਤਾਰਾਂ।
ਕਿਉਂ ਇਨ੍ਹਾਂ ਨੂੰ ਮੱਥੇ ਟੇਕੋ,
ਲੁੱਟ ਮਚਾਈ ਇਹਨਾਂ ਗਦਾਰਾਂ।
“ਸੁਹਲ”ਤੁਸੀਂ ਸਿਆਣੇ ਬਣ ਕੇ,
ਵੇਖੋ ਨਾ ਗਿਰਝਾਂ ਦੀਆਂ ਡਾਰਾਂ।