ਓਸਲੋ, (ਰੁਪਿੰਦਰ ਢਿੱਲੋ ਮੋਗਾ) -ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਮੁੱਖ ਰੱਖਦਿਆਂ ਗੁਰੁਦੁਆਰਾ ਓਸਲੋ ਦੀ ਪ੍ਰਬੰਧਕ ਕਮੇਟੀ, ਸਹਿਯੋਗੀ, ਅਤੇ ਸੰਗਤਾਂ ਦੇ ਸਹਿਯੋਗ ਸੱਦਕੇ ਇੱਕ ਵਿਸ਼ਾਲ ਨਗਰ ਕੀਰਤਨ ਦਾ ਆਜੋਯਨ ਨਾਰਵੇ ਦੀ ਰਾਜਧਾਨੀ ਓਸਲੋ ਵਿਖੇ ਹੋਇਆ ਅਤੇ ਓਸਲੋ ਸ਼ਹਿਰ ਖਾਲਸਾਈ ਰੰਗ ‘ਚ ਰੰਗਿਆ ਗਿਆ। ਓਸਲੋ ਅਤੇ ਨਜ਼ਦੀਕ ਪੈਂਦੇ ਸ਼ਹਿਰ ਸੰਨਦਵੀਕਾ, ਆਸਕਰ, ਦਰਾਮਨ, ਤਰਾਨਬੀ, ਦਰੋਬਾਕ, ਟੋਨਸਬਰਗ ਆਦਿ ਤੋ ਭਾਰੀ ਸੰਖਿਆ ਵਿੱਚ ਸੰਗਤਾਂ ਨੇ ਹਿੱਸਾ ਲਿਆ। ਇਹਨਾਂ ਨਜ਼ਦੀਕੀ ਸ਼ਹਿਰਾਂ ‘ਚੋ ਸੰਗਤਾਂ ਨੂੰ ਲਿਆਉਣ ਲਈ ਸਪੈਸ਼ਲ ਬੱਸਾਂ ਦਾ ਪ੍ਰਬੰਧ ਕੀਤਾ ਗਿਆ। ਓਸਲੋ ਸਿਟੀ ਦੇ ਮੁੱਖ ਰੇਲਵੇ ਸਟੇਸ਼ਨ ਤੋਂ ਸ਼ੁਰੂ ਹੋ ਇਹ ਨਗਰ ਕੀਰਤਨ ਓਸਲੋ ਦੇ ਵੱਧ ਭੀੜ ਭੜਾਕੇ ਵਾਲੀ ਸਟਰੀਟ ਕਾਰਲ ਜੂਨਸ ਤੋਂ ਹੁੰਦਾ ਹੋਇਆ ਯੂਨੀਵਰਸਟੀ ਪਲਾਸਨ ਕੋਲ ਜਾ ਸਮਾਪਤ ਹੋਇਆ। ਇਸ ਨਗਰ ਕੀਰਤਨ ਦੀ ਅਗਵਾਈ ਖਾਲਸੀ ਪੋਸ਼ਾਕ ਚ ਪੰਜ ਪਿਆਰੇ ਕਰ ਰਹੇ ਸਨ ਅਤੇ ਮਗਰ ਨੀਲੇ ਅਤੇ ਚਿੱਟੇ ਲਿਬਾਸ ਚ ਪੰਜ ਸਿੰਘਣੀਆਂ ਨਿਸ਼ਾਨ ਸਾਹਿਬ ਚੁੱਕੀ ਨਗਰ ਕੀਰਤਨ ਦੀ ਸ਼ਾਨ ਵਧਾ ਰਹੀਆਂ ਸਨ। ਸਾਰੇ ਰਸਤੇ ਰਾਜ ਕਰੇਗਾ ਖਾਲਸਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਸੰਗਤ ਸਾਂਤਮਈ ਢੰਗ ਨਾਲ ਇਸ ਨਗਰ ਕੀਰਤਨ ‘ਚ ਚੱਲ ਰਹੀ ਸੀ। ਨਾਰਵੀਜੀਅਨ ਲੋਕਾਂ ਅਤੇ ਨਾਰਵੇ ਵਿੱਚ ਵੱਸਦੇ ਦੂਸਰੇ ਧਰਮਾਂ ਦੇ ਲੋਕਾਂ ਨੂੰ ਸਿੱਖ ਧਰਮ ਦੀ ਜਾਣਕਾਰੀ ਲਈ ਨਾਰਵੀਜੀਅਨ ਭਾਸ਼ਾ ਚ ਛਪਾਏ ਪਰਚੇ ਵੀ ਵੰਡੇ ਗਏ। ਨਗਰ ਕੀਰਤਨ ਦੀ ਸਮਾਪਤੀ ਤੇ ਸੰਗਤਾਂ ਲਈ ਲੰਗਰ ਦਾ ਵੀ ਪ੍ਰਬੰਧ ਸੀ, ਕਈ ਜਾਣੀਆਂ- ਮਾਣੀਆਂ ਨਾਰਵੀਜੀਅਨ ਸਿਆਸੀ ਸ਼ਖਸੀਅਤਾਂ ਨੇ ਵੀ ਨਗਰ ਕੀਰਤਨ ਚ ਸ਼ਾਮਿਲ ਹੋ ਸਿੱਖ ਕੌਮ ਨੂੰ ਇਸ ਪਵਿੱਤਰ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ। ਇਸ ਦੌਰਾਨ ਦਸਤਾਰ ਦਿਵਸ ਨੂੰ ਸਪਰਪਿਤ ਦਿਨ ਵੀ ਮਨਾਇਆ ਗਿਆ ਅਤੇ ਪੂਰਨ ਸਿੱਖੀ ਸਰੂਪ ਚ ਸੱਜੇ ਸਿੰਘਾਂ ਆਦਿ ਵੱਲੋਂ ਸਿੱਖ ਧਰਮ ਅਤੇ ਦਸਤਾਰ ਦੀ ਮਹਤੱਤਾ ਨੂੰ ਨਾਰਜੀਵੀਅਨ ਲੋਕਾਂ ਨੂੰ ਦੱਸਿਆ ਗਿਆ ਜਿਸ ਨੂੰ ਨਾਰਵੀਜੀਅਨ ਲੋਕਾਂ ਨੇ ਗਹਿਰੀ ਰੁੱਚੀ ਨਾਲ ਸੁਣਿਆ ਅਤੇ ਬਹੁਤ ਸਾਰੇ ਨਾਰਵੀਜੀਅਨ ਲੋਕਾਂ ਨੇ ਆਪਣੇ ਸਿਰਾਂ ਤੇ ਦਸਤਾਰਾ ਸਜਾ ਆਪਣੇ ਆਪ ਨੂੰ ਫਖਰ ‘ਚ ਮਹਿਸੂਸ ਕੀਤਾ ਤੇ ਨਾਰਵੀਜੀਅਨ ਲੋਕਾਂ ਨੇ ਗੁਰੂ ਕਾ ਲੰਗਰ ਚਾਅ ਨਾਲ ਛੱਕਿਆ। ਨਾਰਵੇ ਦੇ ਪ੍ਰਮੁੱਖ ਅਖਬਾਰ ਅਤੇ ਟੀ ਵੀ ਵਾਲੇ ਕਵਰਜ ਲਈ ਪਹੁੰਚੇ ਹੋਏ ਸਨ। ਸਮਾਪਤੀ ਵੇਲੇ ਗੁਰੂ ਘਰ ਓਸਲੋ ਦੇ ਪ੍ਰਬੰਧਕਾਂ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।
ਵਿਸਾਖੀ ਨੂੰ ਸਮਰਪਿਤ ਨਗਰ ਕੀਰਤਨ ਦੌਰਾਨ ਖਾਲਸਾਈ ਰੰਗ ਚ ਰੰਗਿਆ ਗਿਆ ਨਾਰਵੇ ਦਾ ਓਸਲੋ ਸ਼ਹਿਰ
This entry was posted in ਅੰਤਰਰਾਸ਼ਟਰੀ.