ਪੁਸਤਕ ਵਿਚਾਰੀ, ਵੇ ਮੈਂ ਕਰਮਾਂ ਦੀ ਮਾਰੀ,
ਕਿਹਨੂੰ ਸੁਣਾਵਾਂ ਦੁੱਖ ਫੋਲ
ਵੇ ਸੱਜਣਾ, ਕਦੇ ਤਾਂ ਸਾਂਝੇ ਕਰ ਬੋਲ…
ਕਿਹੋ ਜਿਹਾ ਚੰਦਰਾ, ਆ ਗਿਆ ਯੁੱਗ ਵੇ।
ਸਮੇਂ ਤੋਂ ਪਹਿਲਾਂ ਮੇਰੀ, ਉਮਰ ਗਈ ਪੁੱਗ ਵੇ।
ਪੈਂਦੇ ਨੇ ਹੌਲ ਮੈਂਨੂੰ, ਕਰਦੈਂ ਮਖੌਲ ਮੈਂਨੂੰ,
ਦਿੱਲ ਵਾਲੇ ਵਰਕੇ ਫਰੋਲ
ਵੇ ਸੱਜਣਾ…..
ਰਹਾਂ ਖਾਮੋਸ਼ ਮੈਂ ਤਾਂ, ਬੋਲ ਨਾ ਸੱਕਾਂ ਵੇ।
ਕਦ ਹੱਥ ਲਾਵੇਂ ਮੈਂਨੂੰ, ਤੇਰਾ ਮੂੰਹ ਤੱਕਾਂ ਵੇ।
ਕਰਾਂ ਉਡੀਕ ਤੇਰੀ, ਸੁਣੇ ਨਾ ਚੀਕ ਮੇਰੀ
ਜਿੰਦੜੀ ਰਿਹੈਂ ਮੇਰੀ ਰੋਲ਼
ਵੇ ਸੱਜਣਾ….
ਮੇਰੀ ਤਾਂ ਹਿੱਕ ਵਿੱਚ, ਛੁਪਿਆ ਗਿਆਨ ਵੇ।
ਸ਼ਾਇਰ, ਪੈਗੰਬਰ ਕਿਸੇ, ਲਿਖੇ ਫ਼ੁਰਮਾਨ ਵੇ।
ਕਰ ਲਏ ਪਿਆਰ ਕੋਈ, ਬਣ ਜਾਏ ਯਾਰ ਕੋਈ,
ਦੋ ਘੜੀਆਂ ਬਹਿ ਜਾਏ ਕੋਲ
ਵੇ ਸੱਜਣਾ…..
ਬਣ ਬੈਠੇ ਹੁਣ ਮੇਰੇ, ਨਵੇਂ ਸ਼ਰੀਕ ਵੇ।
ਮੇਰੀ ਤਾਂ ਕਿਸਮਤ ਤਾਈਂ, ਲਾ ਦਿੱਤੀ ਲੀਕ ਵੇ।
ਕਰ ਲਿਆ ਵੱਸ ਤੈਂਨੂੰ, ਥੋੜ੍ਹਾ ਜਿਹਾ ਹੱਸ ਤੈਂਨੂੰ,
ਪੈਰਾਂ ‘ਚ ਦਿੱਤਾ ਮੈਂਨੂੰ ਰੋਲ਼
ਵੇ ਸੱਜਣਾ….
‘ਕੱਲੀ ਦਾ ਮੇਰਾ ਹੁਣ, ਲਗਦਾ ਨਾ ਦਿੱਲ ਵੇ।
ਲਾਇਬ੍ਰੇਰੀ ‘ਚ ਕੋਈ, ਆਸ਼ਕ ਪਊ ਮਿਲ ਵੇ।
ਓਥੇ ਪੁਚਾਈਂ ਮੈਂਨੂੰ, ਨਾ ਤਰਸਾਈਂ ਮੈਂਨੂੰ,
ਲਊ ਕੋਈ ‘ਦੀਸ਼’ ਮੈਂਨੂੰ ਟੋਲ਼
ਵੇ ਸੱਜਣਾ….
(‘ਸਰਘੀ ਦਾ ਸੂਰਜ’ ਪੁਸਤਕ)