ਚੰਡੀਗੜ੍ਹ – ਮੱਧ ਪ੍ਰਦੇਸ਼ ਦੇ ਸ਼ਹਿਰ ਇੰਦੌਰ ਵਿਖੇ ਸਥਿਤ ਗੁਰਦੁਆਰਾ ਕਰਤਾਰ ਕੀਰਤਨ ਸਾਹਿਬ ਨੂੰ ਨਗਰ ਨਿਗਮ ਵੱਲੋਂ ਤੋੜੇ ਜਾਣ ਦੇ ਮਾਮਲੇ ਤੇ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਬੰਧਿਤ ਰਾਜ ਦੇ ਮੁੱਖਮੰਤਰੀ ਸਿ਼ਵਰਾਜ ਸਿੰਹ ਚੌਹਾਨ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਅਤੇ ਨਗਰ ਨਿਗਮ ਵੱਲੋਂ ਉਠਾਏ ਗਏ ਹਮਲਾਵਰ ਰਵਈਏ ਕਾਰਣ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸ਼ਾਤ ਕਰਨ ਲਈ ਰਾਜ ਸਰਕਾਰ ਯੋਗ ਕਦਮ ਉਠਾਵੇ।
ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੰਦੌਰ ਜਿਲ੍ਹੇ ਦੇ ਗੁਰਦੁਆਰਾ ਸਾਹਿਬ ਨੂੰ ਢਾਹੇ ਜਾਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਧਾਰਮਿਕ ਸਥਾਨ ਦੀ ਨਾ ਕੇਵਲ ਪਵਿੱਤਰਤਾ ਭੰਗ ਕੀਤੀ ਗਈ, ਬਲਿਕ ਸਿੱਖਾਂ ਨਾਲ ਬਦਸਲੂਕੀ ਵੀ ਕੀਤੀ ਗਈ। ਉਨ੍ਹਾਂ ਨੇ ਮੁੱਖਮੰਤਰੀ ਚੌਹਾਨ ਨਾਲ ਫ਼ੋਨ ਤੇ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਨਾਲ ਤਣਾਅ ਵੱਧਣ ਦੇ ਆਸਾਰ ਹਨ, ਇਸ ਲਈ ਇਸ ਮੁੱਦੇ ਨੂੰ ਜਲਦੀ ਨਿਪਟਾਇਆ ਜਾਵੇ। ਕੈਪਟਨ ਨੇ ਇਸ ਘਟਨਾ ਦੀ ਜਾਂਚ ਕਰਵਾ ਕੇ ਦੋਸ਼ੀਆਂ ਤੇ ਸਖਤ ਕਾਰਵਾਈ ਕਰਨ ਦੀ ਵੀ ਮੰਗ ਕੀਤੀ।
ਚੌਹਾਨ ਨੇ ਮੁੱਖਮੰਤਰੀ ਅਮਰਿੰਦਰ ਸਿੰਘ ਨੂੰ ਭਰੋਸਾ ਦਿਵਾਇਆ ਕਿ ਉਹ ਨਿਜੀ ਤੌਰ ਤੇ ਇਹ ਮਾਮਲਾ ਵੇਖਣਗੇ ਅਤੇ ਸਿੱਖਾਂ ਦੇ ਹਿੱਤ ਸੁਰੱਖਿਅਤ ਰੱਖਣਗੇ। ਸਿੱਖ ਮੱਧ ਪ੍ਰਦੇਸ਼ ਦੀ ਆਬਾਦੀ ਦਾ ਅਨਿਖੜਵਾਂ ਅੰਗ ਹਨ ਅਤੇ ਉਨ੍ਹਾਂ ਦੇ ਹੱਕਾਂ ਦੀ ਸੁਰੱਖਿਆ ਦੇ ਲਈ ਤੁਰੰਤ ਠੋਸ ਕਦਮ ਉਠਾਏ ਜਾਣਗੇ।