ਪੰਜਾਬੀ ਭਵਨ ਲੁਧਿਆਣਾ ਵਿਖੇ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਜੀ ਦਾ 78ਵਾਂ ਜਨਮ ਦਿਨ ਲੋਕ ਕਵੀ ਸੰਤ ਰਾਮ ਉਦਾਸੀ ਵਿਚਾਰ ਮੰਚ ਅਤੇ ਸ਼ਬਦ ਅਦਾਰਾ ਜੋਤ ਵੱਲੋਂ ਸਾਂਝੇ ਤੌਰ ਤੇ ਮਨਾਇਆ ਗਿਆ । ਪ੍ਰੋਗਰਾਮ ਦੀ ਸ਼ੁਰੂਆਤ ਸੰਤ ਰਾਮ ਉਦਾਸੀ ਜੀ ਦੀ ਫੋਟੋ ਉ¤ਤੇ ਫੁੱਲ ਮਾਲਾਵਾਂ ਪਾ ਕੇ ਅਤੇ ਅਕੀਦਤ ਫੁੱਲ ਭੇਂਟ ਕਰਕੇ ਸੰਤ ਰਾਮ ਉਦਾਸੀ ਅਮਰ ਰਹੇ ਤੇ ਇਨਕਲਾਬ ਜਿੰਦਾਬਾਦ ਦੇ ਨਾਅਰਿਆਂ ਨਾਲ ਕੀਤੀ ਗਈ । ਉਦਾਸੀ ਜੀ ਦੇ ਬੇਟੇ ਮੋਹਕਮ ਉਦਾਸੀ ਨੇ ਉਦਾਸੀ ਜੀ ਦਾ ਗੀਤ ਗਾ ਕੇ ਸਟੇਜ ਦਾ ਆਗਾਜ ਕਰਦਿਆਂ ਉਨ੍ਹਾਂ ਦੀ ਨਿੱਘੀ ਤੇ ਮਿੱਠੀ ਯਾਦ ਨੂੰ ਤਾਜਾ ਕੀਤਾ । ਉਸ ਤੋਂ ਬਾਅਦ ਨਵਾਂ ਸ਼ਹਿਰ ਤੋਂ ਆਏ ਹਰਜੀਤ ਸਿੰਘ ਸਿੱਧੂ, ਅਮਰਜੀਤ ਕੌਰ ਹਿਰਦੇ, ਡਾ. ਗੁਰਚਰਨ ਕੌਰ ਕੋਚਰ ਨੇ ਸੰਤ ਰਾਮ ਉਦਾਸੀ ਜੀ ਦੀ ਜੀਵਨੀ ਤੇ ਪਰਚਾ ਪੜ੍ਹ ਕੇ ਆਏ ਹੋਏ ਪਤਵੰਤਿਆਂ ਨੂੰ ਸੁਣਾਇਆ । ਸੁਖਦੇਵ ਸਿੰਘ ਬਾਜਵਾ, ਹਰਜੋਤ ਸਿੰਘ ਸਿੱਧੂ ਅਤੇ ਅਮਰਜੀਤ ਕੌਰ ਹਿਰਦੇ ਨੂੰ ਸਨਮਾਨਿਤ ਕੀਤਾ ਗਿਆ । ਇਸ ਤੋਂ ਬਾਅਦ ਸੰਤ ਰਾਮ ਉਦਾਸੀ ਦੀਆਂ ਲਿਖੀਆਂ ਹੋਈਆਂ ਕਵਿਤਾਵਾਂ ਦਾ ਦੌਰ ਸ਼ੁਰੂ ਹੋਇਆ ਜਿਸ ਵਿੱਚ ਜਗਸ਼ਰਨ ਸਿੰਘ ਸ਼ੀਨਾ, ਰਵਿੰਦਰ ਰਵੀ, ਕੁਲਵਿੰਦਰ ਕੌਰ ਕਿਰਨ, ਰਵਿੰਦਰ ਸਿੰਘ ਦੀਵਾਨਾ, ਅਮਰਜੀਤ ਸ਼ੇਰਪੁਰੀ, ਦਲਬੀਰ ਕਲੇਰ, ਮੀਤੂ ਗੋਇਲ, ਸਾਹਿਲ ਭਗਤ, ਦੀਪਕ ਵਰਮਾ, ਗੁਰਵਿੰਦਰ ਸਿੰਘ ਸ਼ੇਰਗਿੱਲ, ਸੁਖਵਿੰਦਰ ਸਿੰਘ ਅਨਹੱਦ, ਪੰਮੀ ਹਬੀਬ, ਬਲਵੰਤ ਸਿੰਘ ਗਿਆਸਪੁਰਾ ਆਦਿ ਕਵੀਆਂ ਨੇ ਕਵਿਤਾਵਾਂ ਗਾ ਕੇ ਰੰਗ ਬੰਨ੍ਹਿਆਂ। ਪ੍ਰੋ. ਮੋਹਨ ਸਿੰਘ ਫਾਊਡੇਸ਼ਨ ਦੇ ਪ੍ਰਧਾਨ ਪ੍ਰਗਟ ਸਿੰਘ ਗਰੇਵਾਲ ਨੇ ਕਿਹਾ ਕਿ ਸੰਨ 1984 ਦੀ ਗੱਲ ਹੈ ਜਦੋਂ ਅਸੀ ਸੰਤ ਰਾਮ ਉਦਾਸੀ ਪਿੰਡਾਂ ਵਿੱਚੋਂ ਲੱਭ ਕੇ ਪੰਜਾਬੀ ਭਵਨ ਵਿੱਚ ਲਿਆ ਕੇ ਸਿਕਿਆ ਨਾਲ ਤੋਲਿਆ ਤਾਂ ਇਨਕਲਾਬ ਜਿੰਦਾਬਾਦ ਤੇ ਸੰਤ ਰਾਮ ਉਦਾਸੀ ਜਿੰਦਾਬਾਦ ਦੇ ਨਾਹਰਿਆਂ ਨਾਲ ਅਸਮਾਨ ਗੂੰਜ ਉਠਿਆ । ਪ੍ਰਭਜੋਤ ਸੋਹੀ ਨੇ ਸਟੇਜ ਦਾ ਸੰਚਾਲਣ ਬਾਖੂਬੀ ਕੀਤਾ । ਜਗਸ਼ਰਨ ਸਿੰਘ ਛੀਨਾ ਅਤੇ ਰਵਿੰਦਰ ਰਵੀ ਵੱਲੋਂ ਆਏ ਹੋਏ ਕਵੀਆਂ ਦਾ ਧੰਨਵਾਦ ਕੀਤਾ ।