ਵਾਸ਼ਿੰਗਟਨ – ਅਮਰੀਕਾ ਦੇ ਇਤਿਹਾਸ ਵਿੱਚ ਡੋਨਲਡ ਟਰੰਪ ਦੇ ਪ੍ਰਸ਼ਾਸਨ ਨੇ ਸੱਭ ਤੋਂ ਵੱਡੀ ਟੈਕਸ ਛੋਟ ਦੇਣ ਦਾ ਐਲਾਨ ਕੀਤਾ ਹੈ। ਇਸ ਵਿੱਚ ਕਾਰੋਬਾਰ ਅਤੇ ਵਿਅਕਤੀਗਤ ਦੋਵਾਂ ਤਰ੍ਹਾਂ ਦੀ ਹੀ ਟੈਕਸ ਕਟੌਤੀ ਸ਼ਾਮਿਲ ਹੈ ਜੋ ਕਿ ਰਾਸ਼ਟਰਪਤੀ ਟਰੰਪ ਦਾ ਇੱਕ ਪ੍ਰਮੁੱਖ ਚੋਣ ਵਾਅਦਾ ਸੀ।
ਕਾਰਪੋਰੇਟ ਟੈਕਸ 35 ਫੀਸਦੀ ਤੋਂ ਘਟਾ ਕੇ 15 ਫੀਸਦੀ ਕਰਨਾ ਅਤੇ ਵਿਅਕਤੀਗਤ ਟੈਕਸ ਵਿੱਚ ਵੀ ਮਹੱਤਵਪੂਰਣ ਕਮੀ ਦੇ ਨਾਲ ਹੀ ਡੈਥ ਟੈਕਸ ਵਰਗੇ ਕਈ ਹੋਰ ਟੈਕਸਾਂ ਨੂੰ ਵੀ ਸਮਾਪਤ ਕਰਨ ਦਾ ਪ੍ਰਸਤਾਵ ਹੈ। ਇਸ ਨਾਲ ਅਮਰੀਕੀ ਅਰਥਵਿਵਸਥਾ ਖੁਲੇਗੀ ਅਤੇ ਵਪਾਰ ਦਾ ਖੇਤਰ ਵੀ ਵੱਧੇਗਾ। ਇਸ ਦੇ ਨਾਲ ਹੀ ਕੰਪਨੀਆਂ ਦੇ ਕੋਲ ਲੱਖਾਂ ਡਾਲਰ ਆ ਜਾਣਗੇ ਅਤੇ ਇਸ ਨਾਲ ਰੁਜ਼ਗਾਰ ਦੇ ਅਵਸਰ ਵੀ ਵੱਧਣਗੇ।
ਅਮਰੀਕੀ ਟਰੇਜਰੀ ਸਕੱਤਰ ਸਟੀਵਨ ਮਿਯੂਚਿਨ ਅਤੇ ਨੈਸ਼ਨਲ ਇੱਕਨਾਮਿਕ ਡਾਇਰੈਕਟਰ ਗੈਰੀ ਕੋਹੇਨ ਨੇ ਵਾਈਟ ਹਾਊਸ ਨਿਊਜ਼ ਕਾਨਫਰੰਸ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਇਹ ਐਲਾਨ ਕੀਤਾ ਹੈ। ਅਜਿਹੇ ਪਰੀਵਾਰ ਜੋ ਬੱਚਿਆਂ ਦੇ ਨਾਲ ਰਹਿੰਦੇ ਹਨ ਜਾਂ ਆਤਮਨਿਰਭਰ ਰਹਿ ਕੇ ਵੀ ਉਨ੍ਹਾਂ ਦੀ ਦੇਖਭਾਲ ਕਰਦੇ ਹਨ, ਉਨ੍ਹਾਂ ਨੂੰ ਟੈਕਸ ਰਾਹਤ ਵਿੱਚ ਵੱਧ ਫਾਇਦਾ ਮਿਲੇਗਾ।