ਦਫਤਰ ਤੋਂ ਵਾਪਿਸ ਆਉਦਿਆਂ ,,ਬੱਸ ਵਿਚ ਸਫਰ ਦੌਰਾਨ ਇਕ ਗੀਤ ਸੁਣਨ ਨੂੰ ਮਿਲਿਆ ਜਿਸ ਦੇ ਬੋਲ ਸਨ,,, ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ, ਲਿਖਿਆਂ ਨਸੀਬਾਂ ਦੀਆਂ ਝੋਲੀ ਦੇ ਵਿਚ ਪੈ ਗਈਆਂ, ਹਾਏ! ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ ,,,,ਇਸ ਗੀਤ ਨੇ ਸੱਚ ਮੁਚ ਹੀ ਇਕ ਮਹਾਨ ਤੇ ਸਿਫਤੀ ਸੱਚ ਬਿਆਨ ਕੀਤਾ ਹੈ, ਤੇ ਧੀਆਂ ਦੇ ਪਰਿਵਾਰ ਤੇ ਸਮਾਜ ਵਿਚਲੇ ਰਿਸ਼ਤੇ ਤੇ ਪਿਆਰ-ਸਤਿਕਾਰ ਤੇ ਮਹਾਨ ਤਿਆਗ ਦੀ ਮਹਾਨਤਾ ਨੂੰ ਬਿਆਨ ਕੀਤਾ ਹੈ। ਜੋ ਆਪਣੇ ਛੋਟੇ ਤੇ ਗੂੜ੍ਹੇ ਚਾਵਾਂ ਤੇ ਰੀਝਾਂ ਨਾਲ ਘਰ ਦੇ ਵਿਚ ਰੌਣਕ ਤੇ ਪਿਆਰ ਦੀ ਛਾਂ ਬਖੇਰਦੀਆਂ ਹਨ। ਇਹ ਗੀਤ ਮੈਨੂੰ ਕਿਸੇ ਗਹਿਰ ਗੰਭੀਰ ਸੋਚਾਂ ਦੇ ਵੇਹੜੇ ਲੈ ਗਿਆ..ਕਿ ਧੀਆਂ ਦਾ ਅਸਲ ਘਰ ਕਿਹੜਾ ਕਿਹਾ ਜਾ ਸਕਦਾ ਹੈ। ਕੀ ਇਹ ਪੇਕਾ ਘਰ ਹੈ? ਜਿਥੇ ਇਕ ਧੀ ਦਾ ਜਨਮ ਹੁੰਦਾ ਹੈ, ਉਸਦੀ ਸੋਚ ਤੇ ਸੱਧਰਾਂ ਪਨਪਦੀਆਂ ਹਨ। ਜਿਥੇ ਘਰ ਦੇ ਸਭ ਜੀਆਂ ਮਾਤਾ,ਪਿਤਾ ਤੇ ਭਾਈਆਂ ਦੇ ਪਿਆਰ-ਸਤਿਕਾਰ ਤੇ ਲਾਡਾਂ ਦਾ ਨਿਘ ਮਾਣਦਿਆਂ ਉਹ ਪਲਦੀ ਹੈ। ਸਕੀਆਂ-ਸਹੇਲੜੀਆਂ ਦੇ ਸਾਥ, ਗੁਡੇ-ਗੁੱਡੀਆਂ ਦੀਆਂ ਖੇਡਾਂ ਤੇ ਗਿਧੇ-ਬੋਲੀਆਂ ਦੇ ਰੰਗ ਮਾਣਦਿਆਂ ਵੱਡੀਆਂ ਹੁੰਦੀਆਂ ਹਨ। ਜਾਂ ਫਿਰ ਸਹੁਰੇ ਪਰਿਵਾਰ ਦਾ ਘਰ ਅਸਲੀ ਘਰ ਹੈ? ਜਿੱਥੇ ਜਾ ਕੇ ਉਹ ਇਕ ਨਵੇਂ ਪਰਿਵਾਰ ਦਾ ਹਿੱਸਾ ਬਣਦੀਆਂ ਹਨ ਤੇ ਇਕ ਨਵਾਂ ਸੰਸਾਰ ਸਿਰਜਦੀਆਂ ਹਨ। ਕਿਉਂ ਧੀਆਂ ਦੇ ਜੰਮਣ ਤੇ ਕਈ ਵਾਰ ਸੁਣਨ ਨੂੰ ਮਿਲਦਾ ਹੈ ਕਿ ਇਹ ਤਾਂ ਬੇਗਾਨਾ ਧੰਨ ਹਨ। ਇਹ ਤਾਂ ਪਰਾਈਆਂ ਹਨ। ਇਹ ਤਾਂ ਪਰਾਹੁਣੀਆਂ ਹਨ। ਕਿਉਂ ਸੂਝ ਦੀ ਸਰਦਲ ਤੇ ਪਹੁੰਚਣ ਤੋਂ ਪਹਿਲਾਂ ਹੀ ਉਨਾਂ ਦੀਆਂ ਮੁੰਡਿਆਂ ਨਾਲੋਂ ਖਾਣੇ, ਪੀਣੇ, ਪਹਿਨਣੇ ਦੀਆਂ ਰੀਝਾਂ-ਚਾਵਾਂ ਨੂੰ ਵਿਤਕਰੇ ਨਾਲ ਜੂਝਣਾ ਪੈਂਦਾ ਹੈ ਜਦਕਿ ਉਨਾਂ ਵਿਚਾਰੀਆਂ ਨੂੰ ਤਾਂ ਇਸ ਚੰਦਰੀ ਬਲਾ “ਵਿਤਕਰੇ” ਪਤਾ ਵੀ ਨਹੀ ਹੁੰਦਾ।
ਸਹੁਰੇ ਘਰ ਜਾ ਕੇ ਵੀ ਕਈ ਵਾਰ ਧੀਆਂ ਨੂੰ ਬੇਗਾਨਗੀ ਦੇ ਆਲਮਾਂ ਤੇ ਤਾਨਿਆਂ ਨੂੰ ਜਰਨਾ ਪੈਂਦਾ ਹੈ ਤੇ ਕੁਝ ਨੂੰ ਦਾਜ ਤੇ ਅਣਜੋੜ ਵਿਆਹਾਂ ਦਾ ਚੰਦਰਾ ਹਨੇਰਾ ਹੜ ਜਾਂਦਾ ਹੈ। ਕੁਝ ਸਹੁਰਿਆਂ ਦੀਆਂ ਸਤਾਈਆਂ ਤੇ ਕੁਝ ਦਾਜ ਦੇ ਲੋਭੀਆਂ-ਭੇੜੀਆਂ ਦੀਆਂ ਸ਼ਿਕਾਰ ਧੀਆਂ ਤਾਂ ਵਿਚਾਰੀਆਂ ਮਾਂ-ਬਾਪ ਨੂੰ ਦੁੱਖ ਤੇ ਨਮੋਸ਼ੀ ਰੂਪੀ ਚਿੰਤਾ ਦੀ ਚਿਤਾ ਚ ਸਾੜਨ ਤੋਂ ਪਹਿਲਾਂ ਖੁਦ ਹੀ ਆਤਮਦਾਹ ਤੇ ਫਾਹੇ ਨੂੰ ਤਰਜੀਹ ਦੇ ਜਾਂਦੀਆਂ ਹਨ। ਕੁਝ ਤਾਂ ਅੰਦਰੋਂ ਅੰਦਰੀ ਹੀ ਘ੍ਰੇਲੂ ਹਿੰਸਾ-ਚਿੰਤਾ ਦੇ ਦੁਖ-ਜਹਿਰ ਨੂੰ ਵੀ ਅੰਮ੍ਰਿਤ ਸਮਝ ਪੀ ਜਾਂਦੀਆਂ ਹਨ। ਪਰ ਆਪਣੇ ਮਾਂ ਬਾਪ ਨੂੰ ਛੇਤੀ ਕੀਤੇ ਦੁੱਖ ਜਾਹਿਰ ਕਰਕੇ ਨਹੀਂ ਦਸਦੀਆਂ,ਖੁਦ ਹੀ ਸਬਰਾਂ ਦੇ ਬੰਨ ਬੰਨੀ ਰੱਖਦੀਆਂ ਹਨ, ਮਾਂ-ਬਾਪ ਦੀ ਖਾਤਰ ਅੰਦਰੇ-ਅੰਦਰੇ ਹੰਝੂ ਪੀ ਜਾਂਦੀਆਂ ਹਨ। ਇਕ ਧੀ ਪਹਿਲਾਂ ਬੇਟੀ, ਭੈਣ, ਫਿਰ ਵਿਆਹ ਤੋਂ ਬਾਦ ਜੀਵਨ ਸੰਗਿਨੀ ਤੇ ਫਿਰ ਇਕ ਮਾਂ ਦੇ ਰੂਪ ਵਿਚ ਜਿੰਦਗੀ ਰੂਪੀ ਸਟੇਜ ਦੇ ਕਿੰਨੇ ਮਹਾਨ ਤੇ ਪਵਿੱਤਰ ਰੋਲ ਅਦਾ ਕਰਦੀ ਹੈ। ਇਹਨਾਂ ਦੇ ਤਿਆਗ ਤੇ ਮੋਹ-ਸਤਿਕਾਰ ਦੀ ਭਾਵਨਾ ਨੂੰ ਸਿੱਜਦੇ ਹਜਾਰ ਹੋਣੇ ਚਾਹੀਦੇ ਨੇ, ਤੁਸੀਂ ਹੀ ਦੱਸੋ ਕੌਣ ਸਮਝਾਏ ਏਸ ਚੰਦਰੇ ਸਮਾਜ ਤੇ ਦਾਜ ਦੇ ਲੋਭੀਆਂ ਨੂੰ ਭਲਾ ਇੱਕ ਸੰਸਕਾਰੀ ਤੇ ਪੜੀ ਲਿਖੀ ਨੂੰਹ-ਧੀ ਦਾ ਮੁਕਾਬਲਾ ਇਹ ਪੈਸੇ ਦਮੜੇ, ਦਾਜ-ਸਾਜ-ਸਮਾਨ ਕੀ ਕਰਨਗੇ। ਨਾਲੇ ਜੋ ਦੂਜਿਆਂ ਦੀਆਂ ਧੀਆਂ ਨੂੰ ਆਪਣੀਆਂ ਧੀਆਂ ਨਹੀ ਸਮਝਦੇ, ਯਾਦ ਰੱਖੋ ਉਹਨਾ ਦੀਆਂ ਧੀਆਂ ਵੀ ਤਾਂ ਹਨ, ਜਿਨਾਂ ਨੂੰ ਬਗਾਨੇ ਘਰ ਜਾਣਾ ਪੈਣਾ ਹੈ। ਇਹੀ ਉਸ ਮਾਲਕ-ਕਾਦਿਰ ਦਾ ਦਸਤੂਰ ਤੇ ਰੂਲ ਹੈ। ਭਾਵੇਂ ਕਾਇਦੇ-ਕਾਨੂੰਨ ਦੇ ਖੇਤਰ ਚ ਵੀ ਦਾਜ ਨੂੰ ਗੈਰਕਾਨੂੰਨੀ ਦਸਿਆ ਗਿਆ ਹੈ ਪਰ ਏਸ ਤੇ ਅਮਲ ਹੁੰਦਾ ਨਹੀ ਦਿਸ ਰਿਹਾ ਸਰਕਾਰ ਨੂੰ ਇਸ ਪ੍ਰਤੀ ਸੰਜੀਦਾ ਹੋਣਾ ਚਾਹੀਦਾ ਹੈ, ਧੀਆਂ ਭਾਰ ਜਾਂ ਬੋਝ ਨਹੀ ਇਹ ਤਾਂ ਇਕ ਨਵੇਂ ਪਰਿਵਾਰ, ਸੰਸਕਾਰ, ਤੇ ਸਤਿਕਾਰ ਦੀ ਸਰੂਆਤ ਦੀਆਂ ਲਖਾਇਕ ਹਨ। ਪਰ ਕੁਝ ਕੁਮੱਤੇ ਤੇ ਨੀਵੀਂ ਸੋਚ ਦੇ ਧਾਰਨੀ ਲੋਕ ਅੱਜ ਵੀ ਧੀ ਜੰਮਣ ਨੂੰ ਬੁਰਾ ਤੇ ਭਾਰ ਸਮਝਦੇ ਨੇ, ਉਨਾਂ ਬਾਰੇ ਕਿਸੇ ਲੇਖਕ ਨੇ ਵੀ ਲਾ-ਮਿਸਾਲ ਲਿਖਿਆ ਹੈ,:-
ਬਾਬਲਾ, ਧੀ ਜੰਮਣ ਤੇ ਕਿਉਂ ਤੂੰ ਸੋਗ ਮਨਾਵੇ,
ਪੁੱਤ ਕਪੁੱਤ ਤਾਂ ਹੋ ਜਾਂਦੇ ਨੇ, ਦੁਨੀਆਂਦਾਰੀ ਵਿੱਚ ਖੋ ਜਾਂਦੇ ਨੇ,
ਪਰ ਧੀ ਨਾ ਪਿਆਰ ਘਟਾਵੇ,
ਬਾਬਲਾ,ਦੱਸ ਧੀ ਜੰਮਣ ਤੇ ਕਿਉਂ ਤੂੰ ਸੋਗ ਮਨਾਵੇ।
ਜੋ ਰੁੱਖੀ ਸੁੱਖੀ ਤੇ ਗੁਜਾਰਾ ਕਰ ਲੈਦੀਂ,
ਮਾਪਿਆਂ ਦਾ ਹਰ ਦੁੱਖ ਜਰ ਲੈਂਦੀ,
ਦਸ ਫਿਰ ਕੁੱਖਾਂ ਵਿਚ ਕਿਉਂ ਕੱਤਲ ਹੋ ਜਾਵੇ,
ਬਾਬਲਾ ਦੱਸ ਧੀ ਜੰਮਣ ਤੇ ਕਿਉਂ ਤੂੰ ਸੋਗ ਮਨਾਵੇ,
ਵੀਰ ਦੀ ਰੱਖੜੀ ਤੇ ਬਾਬਲ ਦੀ ਪੱਗ ਦੀ,
ਘਰ ਬੇਗਾਨੇ ਜਾ ਵੀ ਖੈਰ ਮੰਗੇ ਜੋ ਸਭ ਦੀ,
ਦੱਸ ਫਿਰ ਅੱਜ ਵੀ ਕਿਉਂ ਬਲੀ ਦਾਜ ਦੀ ਚੜ ਜਾਵੇ,
ਬਾਬਲਾ ਦੱਸ ਧੀ ਜੰਮਣ ਤੇ ਕਿਉਂ ਤੂੰ ਸੋਗ ਮਨਾਵੇ,
ਅੱਜ ਦੇ ਮੌਜੂਦਾ ਪੜੇ-ਲਿਖੇ ਤੇ ਸੂਝਾਂ ਭਰੇ ਸਮਾਜ ਵਿਚ ਜਿਥੇ ਅੱਜ ਲੜਕੇ ਲੜਕੀ ਦੇ ਵਿਚ ਕੋਈ ਭੇਦ ਭਾਵ ਨਹੀ ਕੀਤਾ ਜਾਂਦਾ ਪਰ ਫਿਰ ਵੀ ਕੁਝ ਅਣਪੜ ਤੇ ਛੋਟੀ ਸੋਚ ਵਾਲੇ ਲੋਕ ਧੀ ਦੇ ਜੰਮਣ ਤੇ ਸੋਗੀ ਤੇ ਕੁਮਲਾ ਜਾਂਦੇ ਨੇ , ਜਿਵੇ ਧੀ ਨਾ ਜੰਮੀ ਹੋਵੇ, ਸਗੋਂ ਕੋਈ ਭਾਰ ਪੈ ਗਿਆ ਹੋਵੇ, ਦੁਨੀਆਂ ਕਿਤੇ ਦੀ ਕਿਤੇ ਪਹੁੰਚ ਚੁੱਕੀ ਹੈ, ਪਰ ਅਸੀਂ ਅੱਜ ਵੀ ਘਟੀਆ ਸੋਚ ਤੇ ਰੂੜੀਵਾਦੀ ਵਿਚਾਰਾਂ-ਇਲਮਾਂ ਵਿਚ ਕਿਉਂ ਗ੍ਰਸੇ ਪਏ ਹਾਂ? ਜਦਕਿ ਅੱਜ ਦੇ ਸਮਾਜ ਵਿਚ ਲੜਕੀਆਂ ਹਰ ਖੇਤਰ ਵਿਚ ਲੜਕਿਆਂ ਤੋਂ ਪੜਾਈ-ਲਿਖਾਈ ਤੇ ਲਿਆਕਤ–ਤਾਲੀਮ ਵਿਚ ਕਿਤੇ ਅੱਗੇ ਜਾ ਰਹੀਆਂ ਨੇ ਚਾਹੇ ਉਹ ਖੇਡਾਂ ਹੋਣ ਜਾਂ ਫਿਰ ਆਈ.ਏ.ਐਸ-ਆਈ.ਪੀ.ਐਸ ਜਿਹੇ ਮੁਹਰਲੀਆਂ ਕਤਾਰੀ ਇਮਤਿਹਾਨ ਹੋਣ। ਸਾਡਾ ਇਤਿਹਾਸ ਉਦਾਹਰਨਾਂ ਨਾਲ ਭਰਿਆ ਪਿਆ ਹੈ, ਸਾਇਦ ਸ਼ਬਦ ਵੀ ਥੁੜ ਜਾਣ ਜੇਕਰ ਲੜਕੀਆਂ ਜਾਂ ਧੀਆਂ ਦੀ ਕਾਮਯਾਬੀ ਦੀ ਗੱਲ ਛੇੜੀ ਜਾਵੇ ਤਾਂ,,ਪੀ.ਟੀ.ਊਸਾ, ਕਿਰਨ ਬੇਦੀ,ਕਲਪਨਾ ਚਾਵਲਾ, ਸੁਨੀਤਾ ਵਿਲਿਅਮਜ਼, ਸੁਰਿੰਦਰ ਕੌਰ, ਗੁਰਮੀਤ ਬਾਵਾ, ਅੰਮ੍ਰਿਤਾ ਸੇਰਗਿਲ, ਅੰਮ੍ਰਿਤਾ ਪ੍ਰੀਤਮ, ਚੰਦਾ ਕੋਚਰ, ਇਹ ਸਭੇ ਕਿਸੇ ਦੀਆ ਧੀਆਂ-ਬੇਟੀਆਂ ਸੀ ਤੇ ਨੇ, ਜਿਨਾਂ ਦੀ ਮਿਹਨਤ ਤੇ ਨਾਮ ਰਹਿੰਦੀ ਖਲਕਤ ਤੱਕ ਚਮਕਦੇ ਰਹਿਣਗੇ ਤੇ ਹੋਰਨਾਂ ਧੀਆਂ-ਬੇਟੀਆਂ ਲਈ ਚਾਨਣ ਮੁਨਾਰੇ ਦਾ ਕੰਮ ਕਰਨਗੇ।
ਧੀਆਂ ਦੀ ਚਾਹਤ ਤੇ ਪਿਆਰ ਸਾਨੂੰ ਸਭ ਨੂੰ ਸੋਚਣੀ ਤੇ ਲੋਚਣੀ ਚਾਹੀਦੀ ਹੈ ਤਾਂ ਕਿ ਉਹ ਦੁਨੀਆਂ ਦੀ ਹਰ ਰੰਗ-ਖੁਸੀ ਨੂੰ ਖੁਲਦਿਲੀ ਤੇ ਮਰਜੀ ਨਾਲ ਮਾਣ-ਜੀਅ ਸਕਣ। ਅਜਿਹੀ ਹੀ ਮਹਾਨ ਚਾਹਤ ਤੇ ਸਿੱਕ ਬਹੁਤ ਹੀ ਸੂਝਵਾਨ ਲੇਖਕ ਹਰਦਰਸ਼ਨ ਸਿੰਘ ਕਮਲ ਦੀ ਕਵਿਤਾ ਵੀ ਖੂਬ ਬਿਆਨ ਕਰਦੀ ਹੈ :-
ਹੋਵੇ ਜੇ ਧੀ ਮੇਰੀ, ਰੱਜ ਕੇ ਕਰਾਂ ਪਿਆਰ ਉਹਨੂੰ,
ਜੀਵੇ ਉਹ ਆਪਣੇ ਢੰਗ ਨਾਲ, ਖੁਲ ਦੇਵਾਂ ਸਾਰੇ ਸੰਸਾਰ ਦੀ ਉਹਨੂੰ,
ਹੋਵੇ ਨਾ ਸੱਖਣੀ ਉਹ ਪਿਆਰ ਤੋਂ, ਪਿਆਰ ਰੱਜ ਕੇ ਐਨਾ ਦੇਵਾਂ ਉਹਨੂੰ,
ਘੁੱਟ ਕੇ ਗਲ ਨਾਲ ਲਾ ਲਵੇ, ਨਫਰਤ ਵੀ ਜਦ ਵੇਖੇ ਉਹਨੂੰ।
(ਕਾਵਿ-ਸੰਗ੍ਰ੍ਹਿ-ਉਜਾੜ ਪਈਆਂ ਰਾਹਾਂ ਵਿਚੋਂ)
ਧੀਆਂ ਅਸਲ ਵਿਚ ਇਕ ਮਹਾਨ ਪਵਿਤਰਤਾ,ਵੱਡੇ ਜੇਰੇ, ਤਿਆਗ, ਨਿਮਰਤਾ,ਸਹਿਣਸੀਲਤਾ ਤੇ ਪਿਆਰ ਦਾ ਮੁਜੱਸਮਾ ਨੇ,,ਜੋ ਬਾਬਲ ਦੀ ਪੱਗ ਤੇ ਵੀਰ ਦੀ ਰੱਖੜੀ ਨੂੰ ਜਾਨੋਂ ਵੱਧ ਕੇ ਮੋਹ ਤੇ ਸਤਿਕਾਰਦੀ ਹੈ। ਧੀ ਜਦੋ ਵਿਆਹ ਕੇ ਦੂਜੇ ਘਰ ਜਾਂਦੀ ਹੈ ਤਾਂ ਦੋ ਘਰਾਂ ਦੇ ਸਤਿਕਾਰ ਤੇ ਇੱਜਤ ਦੀ ਲਖਾਇਕ ਬਣ ਜਾਂਦੀ ਹੈ। ਵਿਆਹ ਸਮੇਂ ਜਦੋਂ ਧੀ ਨੂੰ ਮਾਤਾ-ਪਿਤਾ ਵਲੋਂ ਘਰੋਂ ਤੋਰਿਆ ਜਾਂਦਾ ਹੈ , ਤਾਂ ਸਾਰਾ ਵਾਤਾਵਰਨ ਬੜਾ ਹੀ ਵੈਰਾਗਮਈ ਹੋ ਜਾਂਦਾ ਹੈ, ਕਿਵੇਂ ਇਕ ਜਿਗਰ ਦੇ ਟੁਕੜੇ, ਲਾਡਾਂ-ਚਾਵਾਂ ਮਲਾਰਾਂ ਨਾਲ ਪਲੀ ਬੇਟੀ ਨੂੰ ਮਾਂ ਬਾਪ ਵੱਡੇ ਜੇਰੇ ਇਕ ਨਵੇ ਰਿਸਤੇ ਚ ਬੰਨ ਕੇ ਤੋਰਦੇ ਹਨ, ਸਭੇ ਅੱਖਾਂ ਨਮ ਹੋ ਜਾਂਦੀਆਂ ਨੇ, ਸਹੁਰੇ ਘਰ ਜਾ ਕੇ ਇਕ ਬੇਗਾਨੇ ਪਰਿਵਾਰ ਤੇ ਜੀਵਨ ਸਾਥੀ ਨੂੰ ਅਪਨਾਉਣਾ ਤੇ ਸਮਝਣਾ, ਜਿਨਾਂ ਦੇ ਸੁਭਾਅ ਤੇ ਚਾਅ ਦਾ ਬਹੁਤਾ ਉਸ ਨੂੰ ਪਤਾ ਨਹੀ ਹੁੰਦਾ,,ਵਾਕਿਆ ਹੀ ਬਹੁਤ ਵੱਡਾ ਤੇ ਮੁਸ਼ਕਿਲ ਕੰਮ ਹੈ, ਫਿਰ ਵੀ ਇਕ ਧੀ ਆਪਣੇ ਮਾਪਿਆਂ ਦੀ ਇੱਜਤ ਬਰਕਰਾਰ ਰੱਖਦੇ ਤੇ ਸਹੁਰਿਆਂ ਦੀ ਨਜਰ-ਸਮਝ ਵਿਚ ਢਲ ਕੇ ਆਪਣੇ ਜੀਵਨ ਦੀ ਸੁਰੂਆਤ ਕਰਦੀ ਹੈ। ਇਹ ਸੱਚ ਮੁੱਚ ਦੁਨੀਆਂ ਦਾ ਮਹਾਨ ਤੇ ਵੱਡਾ ਤਿਆਗ ਹੈ। ਕਈ ਵਾਰ ਤਾਂ ਉਸ ਨੂੰ ਬੇਗਾਨੇ ਪਰਿਵਾਰ ਦੀ ਉਚੀ ਨੀਵੀਂ ਗੱਲ ਵੀ ਸੁਣਨੀ ਪੈਂਦੀ ਹੈ ਤੇ ਕਦੀ ਅਣਜੋੜ ਵਿਆਹ ਦਾ ਦੁੱਖ ਦਾ ਹਨੇਰਾ ਵੀ ਝਾਗਣਾ ਪੈਂਦਾ ਹੈ। ਪਰ ਫਿਰ ਵੀ ਉਹ ਪੱਥਰ ਜੇਰਾ ਕਰਕੇ ਸਭ ਕੁਝ ਜਰ ਲੈਂਦੀ ਹੈ, ਅਜਿਹਾ ਤਿਆਗ ਸਚ ਮੁਚ ਮਹਾਨਤਾ ਦਾ ਲਖਾਇਕ ਹੈ।
ਵਿਆਹ ਤੋਂ ਬਾਦ ਭਾਵੇਂ ਧੀਆਂ ਨੂੰ ਸਹੁਰੇ ਪਰਿਵਾਰ ਤੋਂ ਭਾਵੇਂ ਕਿੰਨਾ ਵੀ ਪਿਆਰ ਮਿਲੇ ਪਰ ਫਿਰ ਵੀ ਉਨਾਂ ਨੂੰ ਪੇਕੇ ਘਰ ਦੀ ਤੜਪ ਤੇ ਸਿੱਕ ਹਮੇਸਾਂ ਲੱਗੀ ਰਹਿੰਦੀ ਹੈ। ਉਹ ਸਰੀਰਕ ਰੂਪ ਵਿਚ ਤਾਂ ਸਹੁਰੇ ਘਰ ਹੁੰਦੀਆਂ ਹਨ, ਪਰ ਉਨਾਂ ਦਾ ਦਿਲ ਤੇ ਪਿਆਰ-ਮੋਹ ਭਰੀ ਫਿਕਰ ਮਾਂ-ਬਾਪ ਦੀ ਰਾਜੀ-ਖੁਸੀ ਚ ਰਹਿੰਦੀ ਹੈ। ਮਾਂ-ਬਾਪ ਵੀ ਅੱਖਾਂ ਚੁੱਕ-ਚੁੱਕ ਧੀ ਦੀਆਂ ਰਾਹਾਂ ਦੇਖਦੇ ਥੱਕਦੇ ਨਹੀ। ਭੈਣ ਦੇ ਰੂਪ ਵਿਚ ਉਹ ਹਮੇਸਾਂ ਸਿੱਕਾਂ ਪਾਲਦੀ ਰਹਿੰਦੀ ਹੈ ਕਿ ਉਹ ਆਪਣੇ ਵੀਰ ਦੀ ਜੰਞ ਚ ਵਧ ਚੜ ਕੇ ਹਿਸਾ ਲਵੇ, ਖੁਸੀ ਚ ਨੱਚੇ,ਘੋੜੀਆਂ ਗਾਵੇ, ਘੋੜੀ ਦੀਆਂ ਵਾਗਾਂ ਗੁੰਦੇ, ਸ਼ਗਨ ਮਨਾਵੈ, ਚੰਨ ਵਰਗੀ ਭਾਬੀ ਲਿਆਵੇ ਆਦਿ। ਧੀ ਲੱਖ ਸਹੁਰੇ ਘਰ ਖੁਸ਼ ਰਹੇ ਪਰ ਉਸਦਾ ਪਿਆਰ ਤੇ ਮੋਹ ਪੇਕੇ ਘਰ ਨਾਲ ਅਮੁਕ ਤੇ ਅਟੁੱਟ ਬਣਿਆ ਰਹਿੰਦਾ ਹੈ ਸਗੋਂ ਹੋਰ ਦੁੱਗਣਾ ਤਿਗਣਾ ਵਧ ਜਾਂਦਾ ਹੈ। ਇਕ ਮਾਂ ਨੂੰ ਹੋਰ ਕਿਸੇ ਰਿਸ਼ਤੇ ਦਾ ਨਾ ਸਹੀ, ਪਰ ਧੀ ਦੇ ਘਰ ਆਉਣ ਦਾ ਅੰਤਾਂ ਦਾ ਚਾਹ ਤੇ ਤਾਂਘ ਰਹਿੰਦੀ ਹੈ। ਪੁੱਤ ਕਪੁੱਤ ਹੋ ਕੇ ਜਾਇਦਾਦਾਂ ਵੰਡਾਉਦੇਂ ਦੇਰ ਨਹੀ ਕਰਦੇ ਪਰ ਧੀ ਹਮੇਸਾਂ ਮਾਂ-ਬਾਪ ਦਾ ਦੁਖ ਵੰਡਾਉਦੀ ਹੈ। ਮਾਂ-ਬਾਪ ਦੇ ਜਰਾ ਜਿੰਨੇ ਦੁਖ-ਸੰਤਾਪ ਤੇ ਵੀ ਧੀ ਪੀੜ ਨਾਲ ਤਿਲ ਮਿਲਾ ਉਠਦੀ ਹੈ,ਉਸ ਦੀ ਅਸਲੀ ਜਾਇਦਾਦ ਤੇ ਦੁਨੀਆ ਉਸ ਦੇ ਮਾਂ-ਬਾਪ ਹੁੰਦੇ ਹਨ, ਨਾ ਕਿ ਪੱਥਰਾਂ ਦੇ ਉਸਾਰੇ ਬੇਜਾਨ ਕੋਠੇ ਤੇ ਮਹਿਲ ਮਾੜੀਆਂ।
ਧੀਆਂ ਦੇ ਅਸਲੀ ਘਰ ਦੀ ਗੱਲ ਹੋ ਰਹੀ ਸੀ। ਪਰ ਅੰਤ ਵਿਚ ਇਹੀ ਕਹਾਂਗਾ ਕਿ ਅਸਲ ਵਿਚ ਹਰ ਘਰ ਧੀਆਂ ਦਾ ਘਰ ਹੈ, ਹਰ ਘਰ ਤੇ ਪਰਿਵਾਰ ਸਗੋ ਧੀਆਂ ਦੀ ਬਖਸ਼ ਹੈ। ਹਰ ਘਰ-ਪਰਿਵਾਰ, ਤਿੱਥ-ਤਿਓਹਾਰ ਧੀਆਂ ਨਾਲ ਹੀ ਸੋਭਦਾ ਹੈ, ਕਿਉਕਿਂ ਧੀਆਂ ਹੀ ਹਰ ਘਰ ਦੀ ਅਸਲ ਤੇ ਪੱਕੀ ਨੀਂਹ, ਹਰ ਪਰਿਵਾਰ ਦੀ ਨੀਂਹ, ਤੇ ਹਰ ਸਮਾਜ ਲਈ ਸੇਧ ਬਣਦੀਆਂ ਹਨ, ਇਕ ਘਰ ਵਿਚ ਜਨਮ ਲੈ ਕੇ ਕੁਲ ਤੋਰਦੀਆਂ ਨੇ ਤੇ ਫਿਰ ਦੂਜੇ ਘਰ ਜਾ ਕੇ ਇਕ ਨਵਾਂ ਪਰਿਵਾਰ ਤੇ ਸੰਸਾਰ ਵਸਾਉਦੀਆਂ ਨੇ। ਧੀਆਂ ਮਮਤਾ, ਬਲੀਦਾਨ, ਸ਼ਹਿਣਸੀਲਤਾ, ਪਿਆਰ ਦੀ ਮੂਰਤ ਤੇ ਘਰ-ਪਰਿਵਾਰ, ਮਾਨਵੀ ਰਿਸ਼ਤਿਆਂ ਦਾ ਮਜਬੂਤ ਅਧਾਰ ਹਨ। ਇਨਾਂ ਨੂੰ ਅਮੁਕ ਸਿਜਦਾ ਤੇ ਨਮਨ ਤੇ ਰੱਬ ਅੱਗੇ ਅਰਦਾਸ ਕਿ ਹਰ ਘਰ ਵਿਚ ਸਦਾ ਧੀਆਂ ਵਰਗੇ ਫੁਲ ਮਹਿਕਣ ਤੇ ਟਹਿਕਣ। ਆਓ ਇਕ ਅਜਿਹਾ ਸਮਾਜ ਤੇ ਵਾਤਾਵਰਣ ਸਿਰਜੀਏ ਜਿਥੇ ਧੀਆਂ ਨੂੰ ਅਮੁਕ ਪਿਆਰ-ਸਤਿਕਾਰ ਤੇ ਅੱਗੇ ਵਧਣ ਦੇ ਮੌਕੇ ਮਿਲਣ, ਆਓ ਧੀਆਂ ਦਾ ਸਤਿਕਾਰ ਕਰੀਏ ਤੇ ਪੁੱਤਰਾਂ ਵਾਗੂੰ ਪਿਆਰ ਕਰੀਏ।