ਫ਼ਤਹਿਗੜ੍ਹ ਸਾਹਿਬ – “ਭਾਰਤ ਦੇ ਹੁਕਮਰਾਨ ਨਿੱਤ ਦਿਹਾੜੇ ਇਹ ਕਹਿੰਦੇ ਨਹੀਂ ਥੱਕਦੇ ਕਿ ਕਸ਼ਮੀਰ ਭਾਰਤ ਦਾ ਅਟੁੱਟ ਹਿੱਸਾ ਹੈ, ਜੋ ਕਿ ਠੀਕ ਹੈ । ਫਿਰ ਜੋ ਉਥੇ ਭਾਰਤ ਦੇ ਅਟੁੱਟ ਹਿੱਸੇ ਵਿਚ ਕਸ਼ਮੀਰੀ ਵੱਸਦੇ ਹਨ ਉਹ ਵੀ ਤਾਂ ਭਾਰਤ ਦੇ ਨਾਗਰਿਕ ਹਨ ਅਤੇ ਉਸ ਅਟੁੱਟ ਹਿੱਸੇ ਵਿਚ ਆਉਦੇ ਹਨ । ਫਿਰ ਹਿੰਦੂਤਵ ਫ਼ੌਜ ਵੱਲੋਂ ਉਨ੍ਹਾਂ ਆਪਣੇ ਨਾਗਰਿਕਾਂ ਨੂੰ ਦਹਿਸਤਗਰਦ ਕਰਾਰ ਦੇ ਕੇ ਅਣਮਨੁੱਖੀ ਢੰਗਾਂ ਨਾਲ ਉਨ੍ਹਾਂ ਨੂੰ ਮਾਰਨ ਦੇ ਅਮਲ ਕਿਉਂ ਕੀਤੇ ਜਾ ਰਹੇ ਹਨ ? ਆਪਣੇ ਹੀ ਭਾਰਤੀ-ਕਸ਼ਮੀਰੀਆਂ ਨੂੰ ਮਾਰਨਾ ‘ਸਰਕਾਰੀ ਦਹਿਸਤਗਰਦੀ’ ਨਹੀਂ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦੂਤਵ ਹੁਕਮਰਾਨਾਂ ਵੱਲੋਂ ਦੋਮੂੰਹੀ ਸੱਪਾਂ ਵਾਲੇ ਕਸ਼ਮੀਰ ਵਿਚ ਅਮਲ ਕਰਨ ਉਤੇ ਡੂੰਘਾਂ ਦੁੱਖ ਜ਼ਾਹਰ ਕਰਦੇ ਹੋਏ ਅਤੇ ਇਥੋ ਦੇ ਸਮੁੱਚੇ ਬੁੱਧੀਜੀਵੀਆਂ, ਲਿਆਕਤਮੰਦਾਂ ਨੂੰ ਅਤੇ ਹੁਕਮਰਾਨਾਂ ਨੂੰ ਇਹ ਕੌਮਾਂਤਰੀ ਪੱਧਰ ਤੇ ਪ੍ਰਸ਼ਨ ਕਰਦੇ ਹੋਏ ਕਿ ਸਾਨੂੰ ਸਮਝਾਇਆ ਜਾਵੇ ਕਿ ਜਦੋਂ ਹਿੰਦੂਤਵ ਫ਼ੌਜ ਆਪਣੇ ਨਾਗਰਿਕਾਂ ਕਸ਼ਮੀਰੀਆਂ ਨੂੰ ਮਾਰ ਦਿੰਦੀ ਹੈ ਤਾਂ ਇਹ ਹੁਕਮਰਾਨ ਤੇ ਇਥੋ ਦਾ ਮੀਡੀਆ ਉਨ੍ਹਾਂ ਨੂੰ ‘ਦਹਿਸਤਗਰਦ’ ਕਹਿੰਦਾ ਹੈ । ਪਰ ਜਦੋਂ ਕਸ਼ਮੀਰੀ ਨੌਜ਼ਵਾਨ ਹਿੰਦੂਤਵ ਫ਼ੌਜ ਦੇ ਫ਼ੌਜੀਆਂ ਜਾਂ ਅਰਧ ਸੈਨਿਕ ਬਲਾਂ ਦੇ ਜਵਾਨਾਂ ਨੂੰ ਮਾਰ ਦਿੰਦੇ ਹਨ ਤਾਂ ਉਨ੍ਹਾਂ ਨੂੰ ਇਹ ਹੁਕਮਰਾਨ ਤੇ ਅਖ਼ਬਾਰ ‘ਸ਼ਹੀਦ’ ਕਰਾਰ ਦਿੰਦੇ ਹਨ। ਸਾਨੂੰ ਬੁੱਧੀਜੀਵੀ, ਲਿਆਕਤਮੰਦ ਅਤੇ ਹੁਕਮਰਾਨ ਸਮਝਾਉਣ ਕਿ ਕਸ਼ਮੀਰੀ ਨੌਜ਼ਵਾਨ ਜੋ ਭਾਰਤ ਦੇ ਅਟੁੱਟ ਹਿੱਸੇ ਦੇ ਨਿਵਾਸੀਆ ਹਨ, ਉਹ ਦਹਿਸ਼ਤਗਰਦ ਕਿਵੇ ਬਣ ਜਾਂਦੇ ਹਨ ਅਤੇ ਜੋ ਹਿੰਦੂਤਵ ਫ਼ੌਜ ਅਤੇ ਅਰਧ ਸੈਨਿਕ ਬਲਾਂ ਦੇ ਜਵਾਨ ਸ਼ਹੀਦ ਕਿਵੇ ਬਣ ਜਾਂਦੇ ਹਨ ? ਜਦੋਂਕਿ ਦਹਿਸਤਗਰਦ ਤਾਂ ਉਨ੍ਹਾਂ ਨੂੰ ਆਖਿਆ ਜਾ ਸਕਦਾ ਹੈ ਜਦੋਂ ਕਿਸੇ ਦੁਸ਼ਮਣ ਮੁਲਕ ਦੇ ਨਾਗਰਿਕ ਜਾਂ ਫ਼ੌਜ ਹੋਵੇ । ਦੂਸਰੇ ਪਾਸੇ ਆਪਣੇ ਹੀ ਨਾਗਰਿਕਾਂ, ਕਸ਼ਮੀਰੀ ਨੌਜ਼ਵਾਨਾਂ ਤੇ ਆਪਣੀ ਹਿੰਦੂਤਵ ਫ਼ੌਜ ਤੇ ਅਰਧ ਸੈਨਿਕ ਬਲਾਂ ਦੇ ਜਵਾਨਾਂ ਦੋਵਾਂ ਦੇ ਮਰਨ ਤੇ ਵੱਖੋ-ਵੱਖਰੀ ਕਸੋਟੀਆ ਹੁਕਮਰਾਨਾਂ ਵੱਲੋ ਤਹਿ ਕਰ ਦੇਣ ਦੇ ਅਮਲ ਵਿਧਾਨ ਦੀ ਧਾਰਾ 14 ਦੀ ਘੋਰ ਉਲੰਘਣਾ ਹੈ ਜੋ ਇਥੋ ਦੇ ਸਭ ਨਾਗਰਿਕਾਂ ਭਾਵੇ ਉਹ ਕਿੰਨੇ ਵੀ ਉੱਚ ਅਹੁਦੇ ਤੇ ਕਿਉਂ ਨਾ ਬੈਠਾ ਹੋਵੇ, ਉਨ੍ਹਾਂ ਨੂੰ ਬਰਾਬਰਤਾ ਦੇ ਅਧਿਕਾਰ ਦਿੰਦੀ ਹੈ । ਇਸ ਧਾਰਾ ਅਧੀਨ ਜਾ ਤਾਂ ਦੋਵੇ ਤਰ੍ਹਾਂ ਦੇ ਕੇਸਾਂ ਵਿਚ ਸ਼ਹੀਦ ਹੋਣਗੇ ਜਾਂ ਫਿਰ ਦੋਵੇ ਦਹਿਸਤਗਰਦਾਂ ਦੀ ਸੂਚੀ ਵਿਚ ਆਉਣਗੇ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅੰਗਰੇਜੀ ਅਖ਼ਬਾਰਾਂ ਹਿੰਦੂਸਤਾਨ ਟਾਈਮਜ਼, ਟਾਈਮਜ਼ ਆਫ਼ ਇੰਡੀਆ, ਇੰਡੀਅਨ ਐਕਸਪ੍ਰੈਸ, ਦਾ ਟ੍ਰਿਬਿਊਨ, ਡਾ. ਬਰਜਿੰਦਰ ਸਿੰਘ, ਸ੍ਰੀ ਵਿਜੇ ਕੁਮਾਰ ਚੋਪੜਾ, ਸ. ਜਸਪਾਲ ਸਿੰਘ ਹੇਰਾ ਆਦਿ ਸਭ ਸੰਪਾਦਕ ਸਾਹਿਬਾਨ ਨੂੰ ਪੁੱਛਣਾ ਚਾਹੇਗਾ ਕਿ ਇਕੋ ਮੁਲਕ ਦੇ ਨਾਗਰਿਕ ਇਕ ਕਸੌਟੀ ਅਧੀਨ ਸ਼ਹੀਦ ਕਿਵੇ ਬਣ ਜਾਂਦੇ ਹਨ ਤੇ ਉਸੇ ਕਸੌਟੀ ਅਧੀਨ ਦਹਿਸ਼ਤਗਰਦ ਕਿਵੇ ਬਣ ਜਾਂਦੇ ਹਨ ? ਸਾਨੂੰ ਇਹ ਦਲੀਲ ਸਹਿਤ ਸਮਝਾਇਆ ਜਾਵੇ ।