ਲੁਧਿਆਣਾ – ਯੰਗ ਮਾਈਂਡਜ਼ ਫੋਰਮ ਵੱਲੋਂ ‘ਪਾਣੀ ਬਚਾਓ ਜੀਵਨ ਬਚਾਓ’ ਵਿਸ਼ੇ ‘ਤੇ ਸੈਮੀਨਾਰ ਗੁਰਦੁਆਰਾ ਸੰਤ-ਸਿਪਾਹੀ, ਵਿਸ਼ਾਲ ਨਗਰ, ਲੁਧਿਆਣਾ ਵਿਖੇ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਘੇ ਵਿਗਿਆਨੀ ਅਤੇ ਮਾਈਕਰੋਬਾਇਓਲੋਜੀ ਦੇ ਮੁਖੀ ਡਾ. ਪਰਮਪਾਲ ਕੌਰ ਸਹੋਤਾ ਨੇ ਕੀਤੀ। ਇਸ ਮੌਕੇ ‘ਤੇ ਬੱਚਿਆਂ ਨੇ ਆਪੋ-ਆਪਣਾ ਪਰਚਾ ਪੇਸ਼ ਕਰਦਿਆਂ ਕਿਹਾ ਕਿ ਧਰਤੀ ‘ਤੇ ਸ਼ੁੱਧ ਪਾਣੀ ਦੀ ਪਹਿਲਾਂ ਹੀ ਘਾਟ ਹੈ, ਇਸ ਕਰਕੇ ਸਾਨੂੰ ਪਾਣੀ ਦੀ ਇਕ ਬੂੰਦ ਵੀ ਨਹੀਂ ਗੁਵਾਉਣੀ ਚਾਹੀਦੀ, ਸਗੋਂ ਪਾਣੀ ਦੀ ਸਕੋਚਵੀਂ ਵਰਤੋਂ ਕਰਨੀ ਚਾਹੀਦੀ ਹੈ।
ਸ. ਮਲਕੀਤ ਸਿੰਘ ਔਲਖ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਯੰਗ ਮਾੲੀਂਡਜ਼ ਫੋਰਮ ਵੱਲੋਂ ਭੱਖਦੇ ਮਸਲਿਆਂ ‘ਤੇ ਸੈਮੀਨਾਰ ਕਰਵਾਏ ਜਾਂਦੇ ਹਨ ਤਾਂ ਜੋ ਬੱਚਿਆਂ ਦੇ ਨਾਲ-ਨਾਲ ਆਮ ਜਨਤਾ ਨੂੰ ਵੀ ਜਾਗਰੂਕ ਕੀਤਾ ਜਾ ਸਕੇ।
ਡਾ ਸਹੋਤਾ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਦੂਸ਼ਿਤ ਪਾਣੀ ਦੇ ਕਾਰਣ ਹੀ ਜੀਵ-ਪ੍ਰਾਣੀ ਮਰ ਰਹੇ ਹਨ ਜਾਂ ਫਿਰ ਗੰਭੀਰ ਬੀਮਾਰੀਆਂ ਦੀ ਲਪੇਟ ਵਿਚ ਆ ਰਹੇ ਹਨ। ਉਨ੍ਹਾਂ ਨੇ ਬੱਚਿਆਂ ਨੂੰ ਪਾਣੀ ਸਾਫ਼ ਕਰਨ ਵਾਲੀਆਂ ਕਿੱਟਾਂ ਪ੍ਰਦਾਨ ਕੀਤੀਆਂ ਤਾਂ ਜੋ ਪਾਣੀ ਨੂੰ ਸ਼ੁੱਧ ਕਰਨ ਵਿਚ ਬੱਚਿਆਂ ਦੀ ਰੁੱਚੀ ਹੋਰ ਵਧ ਸਕੇ। ਡਾ ਸਹੋਤਾ ਨੇ ਇਸ ਮੌਤੇ ‘ਤੇ ੧੩ ਬੱਚਿਆਂ ਨੂੰ ਸਨਮਾਨਿਤ ਕੀਤਾ।
ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ. ਤਨਵੀਰ ਸਿੰਘ ਧਾਲੀਵਾਲ ਨੇ ਧੰਨਵਾਦ ਕਰਦਿਆਂ ਕਿਹਾ ਕਿ ਇਹੋ ਜਿਹੇ ਸੈਮੀਨਾਰ ਸਮੇਂ ਦੀ ਲੋੜ ਬਣ ਗਏ ਹਨ ਕਿਉਂਕਿ ਪੰਜਾਬ ਦਾ ਪਾਣੀ ਦਿਨ-ਬ-ਦਿਨ ਡੂੰਘਾ ਤੇ ਗੰਧਲਾ ਹੁੰਦਾ ਜਾ ਰਿਹਾ ਹੈ, ਜੋ ਪੰਜਾਬੀਆਂ ਲਈ ਖ਼ਤਰੇ ਦੀ ਘੰਟੀ ਹੈ। ਉਘੇ ਵਿਦਵਾਨ ਸ੍ਰੀਮਤੀ ਮਲਕੀਤ ਕੌਰ ਔਲਖ ਨੇ ਸੰਗਤਾਂ ਦੀ ਤਰਫੋਂ ਡਾ. ਪਰਮਪਾਲ ਕੌਰ ਸਹੋਤਾ ਦਾ ਸਨਮਾਨ ਕੀਤਾ।
ਸਾਹਿਤਕਾਰ ਦਲਵੀਰ ਸਿੰਘ ਲੁਧਿਆਣਵੀ, ਰਣਬੀਰ ਸਿੰਘ ਖਜ਼ਾਨਚੀ, ਇੰਦਰ ਪਾਲ ਸਿੰਘ, ਗਗਨਦੀਪ ਸਿੰਘ ਓਬਰਾਏ, ਅੰਮ੍ਰਿਤਪਾਲ ਕੌਰ, ਬਲਵੰਤ ਸਿੰਘ ਦੇ ਇਲਾਵਾ ਹੋਰ ਬਹੁਤ ਸਾਰੇ ਸਰੋਤੇ ਹਾਜ਼ਿਰ ਸਨ।