ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਤਿੰਨ ਰੋਜ਼ਾ ਕੌਮਾਂਤਰੀ ਪੱਧਰ ਦੀ ਕਾਰਜਸ਼ਾਲਾ ਸਮਾਪਤ ਹੋਈ। ਇਹ ਕਾਰਜਸ਼ਾਲਾ ਕੌਮੀ ਪੱਧਰ ਤੇ ਬਾਜਰੇ ਦੀ ਫਸਲ ਵਿੱਚ ਸੁਧਾਰ ਸੰਬੰਧੀ 52ਵੀਂ ਕਾਰਜਸ਼ਾਲਾ ਸੀ। ਇਹ ਕਾਰਜਸ਼ਾਲਾ ਯੂਨੀਵਰਸਿਟੀ ਦੇ ਪਲਾਂਟ ਬ੍ਰੀਡਿੰਗ ਅਤੇ ਜੈਨੇਟਿਕਸ ਵਿਭਾਗ ਵੱਲੋਂ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਗਈ। ਇਸ ਕਾਰਜਸ਼ਾਲਾ ਵਿੱਚ 200 ਦੇ ਕਰੀਬ ਵਿਗਿਆਨੀਆਂ ਨੇ ਭਾਗ ਲਿਆ।
ਆਈ ਸੀ ਏ ਆਰ ਨਵੀਂ ਦਿੱਲੀ ਦੇ ਡਿਪਟੀ ਨਿਰਦੇਸ਼ਕ ਜਰਨਲ (ਫ਼ਸਲ ਵਿਗਿਆਨ) ਡਾ. ਜੇ ਐਸ ਸੰਧੂ ਨੇ ਇਸ ਮਿਲਣੀ ਦਾ ਉਦਘਾਟਨ ਕੀਤਾ ਸੀ ਅਤੇ ਉਹਨਾਂ ਵਿਗਿਆਨੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ 1960ਵਿਆਂ ਦਾ ਸਮਾਂ ਭਾਰਤੀ ਖੇਤੀ ਦੇ ਇਤਿਹਾਸ ਵਿੱਚ ਇੱਕ ਨਵਾਂ ਮੋੜ ਲੈ ਕੇ ਆਇਆ । ਉਸ ਸਮੇਂ ਬਾਜਰਾ ਇੱਕ ਮਹੱਤਵਪੂਰਨ ਫ਼ਸਲ ਸੀ ਅਤੇ ਸੰਸਾਰ ਵਿੱਚ ਪੀਏਯੂ ਨੂੰ ਬਾਜਰੇ ਦੀ ਪਹਿਲੀ ਹਾਈਬ੍ਰਿਡ ਐਚ ਬੀ-1 ਕਿਸਮ ਨੂੰ ਵਿਕਸਤ ਕਰਨ ਦਾ ਮਾਣ ਪ੍ਰਾਪਤ ਹੋਇਆ । ਉਨ੍ਹਾਂ ਅੱਗੇ ਕਿਹਾ ਕਿ ਬਾਜਰਾ ਭੋਜਨ ਅਤੇ ਚਾਰੇ ਦੇ ਤੌਰ ਤੇ ਵਰਤਿਆ ਜਾਣ ਵਾਲਾ ਇੱਕ ਮਹੱਤਵਪੂਰਨ ਖਾਦ ਪਦਾਰਥ ਹੈ ਅਤੇ ਖੁਸ਼ਕ ਅਤੇ ਅਰਧ-ਖੁਸ਼ਕ ਇਲਾਕਿਆਂ ਵਿੱਚ ਅਸਾਨੀ ਨਾਲ ਉਗਾਇਆ ਜਾ ਸਕਦਾ ਹੈ। ਇਸ ਸਮੇਂ 7.48 ਮਿਲੀਅਨ ਹੈਕਟੇਅਰ ਖੇਤਰ ਵਿੱਚ ਇਸ ਫ਼ਸਲ ਦੀ ਕਾਸ਼ਤ ਕੀਤੀ ਜਾਂਦੀ ਹੈ ਅਤੇ ਇਸ ਦੀ ਉਤਪਾਦਕਤਾ 1.27 ਟਨ ਪ੍ਰਤੀ ਹੈਕਟੇਅਰ ਹੈ । ਸਾਰੀਆਂ ਫ਼ਸਲਾਂ ਦੀ ਰਿਕਾਰਡ ਪੈਦਾਵਾਰ ਹੁੰਦੀ ਹੈ ਪਰ ਇਸ ਫ਼ਸਲ ਦੀ ਨਹੀਂ ਹੁੰਦੀ । ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਇਸ ਫ਼ਸਲ ਅਧੀਨ ਰਕਬਾ ਨਹੀਂ ਵਧਿਆ। ਇੱਥੋਂ ਤੱਕ ਕਿ ਬਾਜਰਾ ਕੀੜਿਆਂ-ਮਕੌੜਿਆਂ ਤੋਂ ਮੁਕਤ ਫ਼ਸਲ ਹੈ । ਇਸ ਲਈ ਇਸ ਦੀ ਪੈਦਾਵਾਰ ਨੂੰ ਵਧਾਉਣ ਦੇ ਬਹੁਤ ਮੌਕੇ ਮਿਲ ਸਕਦੇ ਹਨ । ਸੋ ਇਸ ਲਈ ਸਾਨੂੰ ਇਸ ਫ਼ਸਲ ਦੀ ਖੋਜ ਨੂੰ ਮੁੜ ਤੋਂ ਵਧਾਉਣਾ ਪਵੇਗਾ ।
ਇਸ ਸਮਾਗਮ ਦੇ ਵਿਸ਼ੇਸ਼ ਮਹਿਮਾਨ ਖੇਤੀਬਾੜੀ ਯੂਨੀਵਰਸਿਟੀ ਜੋਧਪੁਰ ਦੇ ਵਾਈਸ ਚਾਂਸਲਰ ਡਾ. ਬਲਰਾਜ ਸਿੰਘ ਚੌਧਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਬਾਜਰਾ ਇੱਕ ਮਹਤੱਵਪੂਰਨ ਫ਼ਸਲ ਬਣ ਸਕਦੀ ਹੈ । ਉਨ੍ਹਾਂ ਦੱਸਿਆ ਕਿ ਰਾਜਸਥਾਨ ਵਿੱਚ ਬਹੁਤ ਵੱਡੇ ਪੱਧਰ ਤੇ ਇਸ ਫ਼ਸਲ ਦੀ ਕਾਸ਼ਤਕਾਰੀ ਕੀਤੀ ਜਾਂਦੀ ਹੈ । ਕੁਝ ਖੇਤਰਾਂ ਵਿੱਚ ਹਾਈਬ੍ਰਿਡ ਬੀਜ ਉਤਪਾਦਨ ਅਤੇ ਪੈਦਾਵਾਰ ਵਾਧੇ ਲਈ ਮਾਹਿਰ ਵਿਗਿਆਨੀਆਂ ਦੇ ਵਿਸ਼ੇਸ਼ ਧਿਆਨ ਦੀ ਲੋੜ ਹੈ। ਇਸ ਲਈ ਉਨ੍ਹਾਂ ਨੇ ਦੇਸ਼ ਦੇ ਬਾਕੀ ਖੇਤਰਾਂ ਵਿੱਚ ਵੀ ਇਸ ਫ਼ਸਲ ਦੀ ਕਾਸ਼ਤਕਾਰੀ ਨੂੰ ਵਧਾਉਣ ਤੇ ਜ਼ੋਰ ਪਾਇਆ ।
ਨਿਰਦੇਸ਼ਕ ਖੋਜ ਪੀਏਯੂ ਡਾ. ਅਸ਼ੋਕ ਕੁਮਾਰ ਨੇ ਆਏ ਹੋਏ ਮੁੱਖ ਮਹਿਮਾਨ ਅਤੇ ਵਿਸ਼ੇਸ਼ ਅਧਿਕਾਰੀਆਂ ਦਾ ਸਵਾਗਤ ਕੀਤਾ । ਉਨ੍ਹਾਂ ਕਿਹਾ ਕਿ ਬਾਜਰਾ ਆਇਰਨ ਅਤੇ ਜ਼ਿੰਕ ਦਾ ਸਭ ਤੋਂ ਸਸਤਾ ਸ੍ਰੋਤ ਹੈ । ਇਹ ਗਲੂਟਨ ਮੁਕਤ ਹੈ ਅਤੇ ਸੇਲੀਆਈਕ ਬਿਮਾਰੀ ਨਾਲ ਪ੍ਰਭਾਵਿਤ ਮਰੀਜ਼ਾਂ ਦੇ ਲਈ ਉਤਮ ਭੋਜਨ ਹੈ । ਉਨ੍ਹਾਂ ਕਿਹਾ ਕਿ ਇਸ ਫ਼ਸਲ ਤੋਂ ਅਲੱਗ-ਅਲੱਗ ਕਿਸਮਾਂ ਦੇ ਭੋਜਨ ਪਦਾਰਥ ਤਿਆਰ ਕੀਤੇ ਜਾ ਸਕਦੇ ਹਨ ।
ਇਸ ਮੌਕੇ ਡਾ. ਅਠਵਾਲ ਅਤੇ ਡਾ. ਕਪੂਰ ਨੂੰ ਖੇਤੀਬਾੜੀ ਵਿੱਚ ਪਾਏ ਗਏ ਵਿਸ਼ੇਸ਼ ਯੋਗਦਾਨ ਸਦਕਾ ਸਨਮਾਨਿਤ ਕੀਤਾ ਗਿਆ । ਮੁੱਖ ਮਹਿਮਾਨ ਨੇ ਸੇਵਾ-ਮੁਕਤ ਵਿਗਿਆਨੀਆਂ ਡਾ. ਜੀ. ਆਰ. ਖਰਵਾ, ਡਾ. ਐਚ. ਆਰ. ਬਿਸ਼ਨੋਈ ਅਤੇ ਡਾ. ਐਸ. ਐਸ. ਘੁੱਗ ਨੂੰ ਵੀ ਸਨਮਾਨਿਤ ਕੀਤਾ। ਇਸ ਕਾਰਜਸ਼ਾਲਾ ਵਿੱਚ ਦਸ ਤਕਨੀਕੀ ਸੈਸ਼ਨ ਆਯੋਜਿਤ ਕੀਤੇ ਗਏ। ਇਹਨਾਂ ਤਕਨੀਕੀ ਸੈਸ਼ਨਾਂ ਵਿੱਚ ਬਾਜਰੇ ਸੰਬੰਧੀ ਕੀਤੇ ਜਾ ਰਹੇ ਖੋਜ ਕਾਰਜਾਂ, ਬਿਮਾਰੀਆਂ, ਕੀੜਿਆਂ, ਬੀਜ ਉਤਪਾਦਨ ਆਦਿ ਸੰਬੰਧੀ ਖੋਜ ਪੱਤਰ ਪੜ੍ਹੇ ਗਏ ਜਿਨ੍ਹਾਂ ਵਿੱਚ ਡਾ: ਸਰਬਜੀਤ ਸਿੰਘ, ਡਾ: ਕੇ ਐਸ ਥਿੰਦ, ਡਾ: ਠਾਕਰ ਸਿੰਘ, ਡਾ: ਰਣਜੀਤ ਸਿੰਘ ਗਿੱਲ, ਡਾ: ਪ੍ਰਮਿੰਦਰ ਸਿੰਘ ਸੇਖੋਂ ਅਤੇ ਡਾ: ਸਵਿਤਾ ਸ਼ਰਮਾ ਵੱਲੋਂ ਪ੍ਰਧਾਨਗੀ ਕੀਤੀ ਗਈ।