ਲੁਧਿਆਣਾ - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਗੁਰੂ ਘਰ ਦੇ ਕੁੱਝ ਕੀਤਰਨੀ ਜੱਥਿਆ ਵੱਲੋਂ ਆਪਣੇ ਮੋਬਾਇਲ ਫੋਨ ਰਾਹੀ ਗੁਰਬਾਣੀ ਪੜ੍ਹ ਕੇ ਕੀਰਤਨ ਗਾਇਨ ਕਰਨ ਦਾ ਸਖ਼ਤ ਨੋਟਿਸ ਲੈਦਿਆ ਸਮੂਹ ਕੀਰਤਨੀ ਜੱਥਿਆ ਨੂੰ ਹਦਾਇਤ ਜਾਰੀ ਕੀਤੀ ਕਿ ਉਹ ਗੁਰੂ ਸਾਹਿਬਾਨ ਵੱਲੋਂ ਉਚਰੀ ਇਲਾਹੀ ਬਾਣੀ ਦਾ ਕੀਰਤਨ ਨਿਰਧਾਰਤ ਰਾਗਾਂ ਵਿੱਚ ਜੁਬਾਨੀ ਕੰਠ ਕਰਕੇ ਕਰਨ ਤਾਂ ਕਿ ਗੁਰਬਾਣੀ ਕੀਰਤਨ ਦੀ ਪ੍ਰੰਪਾਰਿਕ ਸ਼ੈਲੀ ਤੇ ਮਰਿਯਾਦਾ ਬਹਾਲ ਰੱਖੀ ਜਾ ਸਕੇ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਬਰ ਸ. ਕੰਵਲਇੰਦਰ ਸਿੰਘ ਠੇਕੇਦਾਰ ਦੇ ਗ੍ਰਹਿ ਵਿਖੇ ਉਨ੍ਹਾਂ ਦੀ ਸਪੁੱਤਨੀ ਬੀਬੀ ਇੰਦਰਜੀਤ ਕੌਰ ਦੇ ਬੀਤੇ ਦਿਨੀ ਅਕਾਲ ਚਲਾਣਾ ਕਰ ਜਾਣ ਤੇ ਆਪਣੀ ਹਮਦਰਦੀ ਦਾ ਪ੍ਰਗਟਾਵਾ ਕਰਨ ਲਈ ਪੁੱਜੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਆਪਣੀ ਗੱਲਬਾਤ ਦੌਰਾਨ ਕਿਹਾ ਕਿ ਗੁਰੂ ਸਾਹਿਬਾਨ ਨੇ ਰੱਬੀ ਪ੍ਰੇਰਣਾ ਦੇਣ ਲਈ ਅਤੇ ਸੱਚ ਨੂੰ ਉਪਦੇਸ਼ਨ ਲਈ ਗੁਰਬਾਣੀ ਨੂੰ ਨਿਰਧਾਰਤ ਰਾਗਾਂ ਵਿੱਚ ਅਲਾਪਣ ਅਥਵਾ ਗਾਇਨ ਕਰਨ ਦੀ ਆਗਿਆ ਕੀਤੀ ਹੈ ਪਰ ਮੌਜੂਦਾ ਸਮੇਂ ਦੌਰਾਨ ਗੁਰੂ ਘਰ ਦੇ ਕੁੱਝ ਕੀਰਤਨੀਏ ਗੁਰੂ ਸਾਹਿਬਾਨ ਦਾ ਆਦੇਸ਼ ਭੁੱਲ ਕੇ ਨਵੀਨਤਾ ਦੀ ਖੁਮਾਰੀ ਵਿੱਚ ਲੀਨ ਹੋ ਕੇ ਹਜ਼ੂਰੀਆ ਪਾਉਣ ਦੇ ਸਿਧਾਂਤ ਨੂੰ ਤਿਆਗ ਕੇ ਜੁਬਾਨੀ ਗੁਰਬਾਣੀ ਕੰਠ ਕਰਨ ਤੋਂ ਵੀ ਗੁਰੇਜ਼ ਕਰਨ ਲੱਗ ਪਏ ਹਨ ਅਤੇ ਗੁਰਬਾਣੀ ਦਾ ਗਾਇਨ ਚਲੰਤ ਤਰਜ਼ਾ ਰਾਹੀ ਕਰ ਰਹੇ ਹਨ । ਜੋ ਕਿ ਪੰਥ ਨੂੰ ਚੜ੍ਹਦੀ ਕਲਾ ਵਿੱਚ ਲਿਜਾਉਣ ਦੀ ਥਾ ਢਹਿੰਦੀ ਕਲਾ ਵਿੱਚ ਲਿਜਾਉਣ ਦੇ ਪ੍ਰਤੀਕ ਹੈ । ਉਨ੍ਹਾਂ ਨੇ ਸਪੱਸ਼ਟ ਰੂਪ ਵਿੱਚ ਕਿਹਾ ਕਿ ਗੁਰੂ ਸਾਹਿਬਾਨ ਦੇ ਆਦੇਸ਼ ਤੋਂ ਅਵੇਸਲੇ ਹੋ ਰਹੇ ਕੀਰਤਨੀਏ ਜੱਥਿਆ ਨੂੰ ਗੁਰਮਤਿ ਸੰਗੀਤ ਦੀ ਵੱਡਮੁੱਲੀ ਪ੍ਰੰਪਰਾਂ ਨਾਲ ਜੋੜਨ ਅਤੇ ਗੁਰਬਾਣੀ ਕੰਠ ਕਰਨ ਦੀ ਪ੍ਰੰਪਰਾਂ ਨੂੰ ਮੁੜ ਸੁਰਜੀਤ ਕਰਨ ਲਈ ਸੰਗਤਾਂ ਨੂੰ ਖੁਦ ਜਾਗਰੂਕ ਹੋਣਾ ਪਵੇਗਾ ਤਾਂ ਹੀ ਅਸੀ ਨਿਰਧਾਰਤ ਰਾਗਾਂ ਵਿੱਚ ਗੁਰੂ ਸਾਹਿਬਾਨ ਵੱਲੋਂ ਬਖਸ਼ੀ ਅਮੀਰ ਕੀਰਤਨ ਦੀ ਵਿਰਾਸਤੀ ਸ਼ੈਲੀ ਨੂੰ ਸੰਭਲਣ ਵਿੱਚ ਕਾਮਯਾਬ ਹੋ ਸਕਾਂਗੇ । ਇਸ ਦੌਰਾਨ ਪੁੱਛੇ ਗਏ ਇੱਕ ਸਵਾਲ ਦਾ ਜਵਾਬ ਦਿੰਦਿਆ ਹੋਇਆ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਕੁੱਝ ਰਾਗੀ ਜੱਥਿਆਂ ਵੱਲੋਂ ਮੋਬਾਇਲ ਫੋਨਾਂ ਦਾ ਸਹਾਰਾ ਲੈ ਕੇ ਗੁਰਬਾਣੀ ਕੀਰਤਨ ਕਰਨ ਸਬੰਧੀ ਉਨ੍ਹਾਂ ਨੂੰ ਕਈ ਲਿਖਤੀ ਸ਼ਿਕਾਇਤਾਂ ਪ੍ਰਾਪਤ ਹੋਈਆ ਹਨ । ਜਿਸ ਸਬੰਧੀ ਜਲਦੀ ਹੀ ਬਾਕੀ ਸਿੰਘ ਸਾਹਿਬਾਨ ਨਾਲ ਵਿਚਾਰ ਵਟਾਦਰਾਂ ਕਰਕੇ ਉਕਤ ਮਸਲੇ ਪ੍ਰਤੀ ਠੋਸ ਫੈਸਲਾ ਕੀਤਾ ਜਾਵੇਗਾ । ਇਸ ਤੋਂ ਪਹਿਲਾ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਸ. ਕੰਵਲਇੰਦਰ ਸਿੰਘ ਠੇਕੇਦਾਰ ਮੈਬਰ ਸ਼੍ਰੋਮਣੀ ਕਮੇਟੀ ਦੇ ਨਾਲ ਆਪਣੀ ਹਮਦਰਦੀ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਉਨ੍ਹਾਂ ਦੀ ਸੁਪੱਤਨੀ ਬੀਬੀ ਇੰਦਰਜੀਤ ਕੌਰ ਵਰਗੀ ਸੇਵਾ ਨੂੰ ਸਮਰਪਿਤ ਇਸਤਰੀ ਦਾ ਅਚਾਨਕ ਵਿਛੋੜਾ ਦੇ ਜਾਣਾ ਸਮੁੱਚੀ ਕੌਮ ਲਈ ਇੱਕ ਨਾਂ ਪੂਰਾ ਹੋਣ ਵਾਲਾ ਘਾਟਾ ਹੈ । ਉਨ੍ਹਾਂ ਨੇ ਸਮੁੱਚੇ ਪਰਿਵਾਰ ਦੇ ਮੈਬਰਾਂ ਨੂੰ ਇਸ ਦੁੱਖ ਭਰੇ ਮਹੌਲ ਵਿੱਚ ਅਕਾਲ ਪੁਰਖ ਦਾ ਭਾਣਾ ਮੰਨਣ ਤੇ ਗੁਰਬਾਣੀ ਦਾ ਸਿਮਰਨ ਕਰਨ ਦੀ ਤਾਕੀਦ ਕੀਤੀ । ਇਸ ਸਮੇਂ ਉਨ੍ਹਾਂ ਦੇ ਨਾਲ ਜੱਥੇਦਾਰ ਹੀਰਾ ਸਿੰਘ ਗਾਬੜੀਆ, ਸ. ਹਰਪ੍ਰੀਤ ਸਿੰਘ ਬੇਦੀ, ਗੁਰਦੀਪ ਸਿੰਘ ਲੀਲ, ਸਤਪਾਲ ਸਿੰਘ, ਜਸਕਰਨ ਸਿੰਘ, ਗੁਰਵਰਨ ਸਿੰਘ, ਸਤਵਿੰਦਰ ਸਿੰਘ ਸਮੇਤ ਕਈ ਪ੍ਰਮੁੱਖ ਸਖਸ਼ੀਅਤਾਂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਗੁਰੂ ਘਰ ਦੇ ਕੀਰਤਨੀਏ ਗੁਰਬਾਣੀ ਕੀਰਤਨ ਕਰਨ ਦੀ ਪ੍ਰੰਪਾਰਿਕ ਮਰਿਯਾਦਾ ਨੂੰ ਬਹਾਲ ਰੱਖਣ : ਗਿਆਨੀ ਗੁਰਬਚਨ ਸਿੰਘ
This entry was posted in ਪੰਜਾਬ.