ਨਿਊਯਾਰਕ – ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਹਿਲਰੀ ਕਲਿੰਟਨ ਨੇ ਪਿੱਛਲੇ ਸਾਲ ਹੋਈਆਂ ਰਾਸ਼ਟਰਪਤੀ ਚੋਣਾਂ ਵਿੱਚ ਹੋਈ ਆਪਣੀ ਹਾਰ ਸਬੰਧੀ ਇੱਕ ਵੱਡਾ ਬਿਆਨ ਦਿੱਤਾ ਹੈ। ਹਿਲਰੀ ਨੇ ਆਰੋਪ ਲਗਾਇਆ ਹੈ ਕਿ ਚੋਣਾਂ ਵਿੱਚ ਹੋਈ ਉਨ੍ਹਾਂ ਦੀ ਹਾਰ ਦੇ ਲਈ ਅਮਰੀਕੀ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐਫਬੀਆਈ) ਦੇ ਮੁੱਖੀ ਅਤੇ ਵਿਕੀਲੀਕਸ ਜਿੰਮੇਵਾਰ ਹੈ।
ਸਾਬਕਾ ਫ੍ਰਸਟ ਲੇਡੀ ਨੇ ਨਿਊਯਾਰਕ ਵਿੱਚ ਵੂਮੈਨ ਫਾਰ ਇੰਟਰਨੈਸ਼ਨਲ ਇਵੈਂਟ ਦੇ ਦੌਰਾਨ ਅਮਰੀਕੀ ਨਿਊਜ਼ ਚੈਨਲ ਸੀਐਨਐਨ ਨੂੰ ਦਿੱਤੇ ਆਪਣੇ ਇੱਕ ਇੰਟਰਵਿਯੂ ਵਿੱਚ ਕਿਹਾ ਕਿ ਜਦੋਂ ਤੱਕ ਐਫਬੀਆਈ ਦੇ ਹੈਡ ਜੇਮਸ ਕੋਮੀ ਨੇ ਕਾਂਗਰਸ ਨੂੰ ਪੱਤਰ ਲਿਖ ਕੇ ਇਹ ਨਹੀਂ ਸੀ ਕਿਹਾ ਕਿ ਉਨ੍ਹਾਂ ਨੇ ਈਮੇਲ ਸਕੈਂਡਲ ਦੀ ਜਾਂਚ ਦੁਬਾਰਾ ਸ਼ੁਰੂ ਕਰ ਦਿੱਤੀ ਹੈ, ਤਦ ਤੱਕ ਮੇਰੀ ਚੋਣ ਮੁਹਿੰਮ ਨੂੰ ਜਿੱਤ ਮਿਲ ਰਹੀ ਸੀ। ਉਨ੍ਹਾਂ ਨੇ ਰੂਸ ਦੀ ਦਖ਼ਲਅੰਦਾਜ਼ੀ ਨੂੰ ਵੀ ਹਾਰ ਦਾ ਕਾਰਣ ਦੱਸਿਆ। ਉਨ੍ਹਾਂ ਨੇ ਕਿਹਾ ਕਿ ਜੇ ਅਕਤੂਬਰ ਵਿੱਚ ਚੋਣਾਂ ਹੁੰਦੀਆਂ ਤਾਂ ਮੈਨ ਹੀ ਜਿੱਤ ਪ੍ਰਾਪਤ ਕਰਦੀ।
ਹਿਲਰੀ ਕਲਿੰਟਨ ਇੱਕ ਕਿਤਾਬ ਵੀ ਲਿਖੀ ਹੈ ਜਿਸ ਵਿੱਚ ਉਨ੍ਹਾਂ ਨੇ 2016 ਵਿੱਚ ਹੋਈ ਆਪਣੀ ਹਾਰ ਸਬੰਧੀ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਚੋਣ ਦੇ ਆਖਰੀ 10 ਦਿਨਾਂ ਵਿੱਚ ਚੋਣ ਨੂੰ ਪ੍ਰਭਾਵਿਤ ਕਰਨ ਵਾਲੀਆਂ ਬਹੁਤ ਸਾਰੀਆਂ ਘਟਨਾਵਾਂ ਹੋਈਆਂ, ਜੋ ਕਿ ਮੇਰੀ ਹਾਰ ਦਾ ਕਾਰਣ ਬਣੀਆਂ। ਇਸ ਦੇ ਨਾਲ ਹੀ ਉਨ੍ਹਾਂ ਨੇ ਇੰਟਰਵਿਯੂ ਵਿੱਚ ਇਹ ਵੀ ਕਿਹਾ ਕਿ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਉਨ੍ਹਾਂ ਕੰਮਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਜੋ ਦੇਸ਼ ਦੇ ਲਈ ਮਹੱਤਵਪੂਰਣ ਹਨ।