ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ.ਬਲਦੇਵ ਸਿੰਘ ਢਿੱਲੋਂ ਨੇ ਪ੍ਰੋ. ਮੋਹਨ ਸਿੰਘ ਦੀ 39ਵੀਂ ਬਰਸੀ ਮੌਕੇ ਯੂਨੀਵਰਸਿਟੀ ਅਧਿਕਾਰੀਆਂ ਅਤੇ ਪੰਜਾਬੀ ਲੇਖਕਾਂ ਦੇ ਵਫ਼ਦ ਨਾਲ ਸਾਂਝੀ ਮੀਟਿੰਗ ਦੌਰਾਨ ਕਿਹਾ ਕਿ ਜਿਵੇਂ ਵਿਗਿਆਨ ਦੇ ਖੇਤਰ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਇਤਿਹਾਸ ਸਿਰਜਿਆ ਹੈ ਉਵੇਂ ਹੀ 1970 ਤੀਕ ਇਸ ਯੂਨੀਵਰਸਿਟੀ ’ਚ ਪ੍ਰੋਫੈਸਰ ਈਮੈਰੀਟਸ ਰਹੇ ਪ੍ਰੋ. ਮੋਹਨ ਸਿੰਘ ਨੇ ਵੀ ਗੂੜੀਆਂ ਪੈੜਾਂ ਕੀਤੀਆਂ। ਇਸ ਯੂਨੀਵਰਸਿਟੀ ’ਚ ਰਹਿ ਕੇ ਹੀ ਉਹਨਾਂ ਆਪਣੀ ਆਖਰੀ ਪੁਸਤਕ ‘‘ਬੂਹੇ’’ ਲਿਖੀ ਅਤੇ ਡਾ. ਮ. ਸ. ਰੰਧਾਵਾ ਨਾਲ ਮਿਲ ਕੇ ਪੰਜਾਬੀ ਭਵਨ ਦਾ ਨਿਰਮਾਣ ਕਰਵਾਇਆ।
ਵੀਹਵੀਂ ਸਦੀ ਦੇ ਦੂਜੇ ਅੱਧ ਦੀ ਮਾਨਸਿਕਤਾ ਨੂੰ ਪ੍ਰਭਾਵਿਤ ਕਰਨ ਵਿੱਚ ਪ੍ਰੋ. ਮੋਹਨ ਸਿੰਘ, ਕੁਲਵੰਤ ਸਿੰਘ ਵਿਰਕ, ਅੰਮ੍ਰਿਤਾ ਪ੍ਰੀਤਮ ਅਤੇ ਸ. ਗੁਰਬਖਸ਼ ਸਿੰਘ ਪ੍ਰੀਤਲੜੀ ਦੀਆਂ ਲਿਖਤਾਂ ਦਾ ਵਿਸੇਸ਼ ਯੋਗਦਾਨ ਰਿਹਾ ਹੈ। ਡਾ. ਢਿੱਲੋਂ ਨੇ ਕਿਹਾ ਕਿ ਹਰ ਸਾਲ ਯੰਗ ਰਾਈਟਰਜ਼ ਐਸੋਸੀਏਸ਼ਨ, ਪੀਏਯੂ ਲੁਧਿਆਣਾ ਵੱਲੋਂ ਡਾ. ਮ. ਸ. ਰੰਧਾਵਾ, ਕੁਲਵੰਤ ਸਿੰਘ ਵਿਰਕ ਤੇ ਪ੍ਰੋ. ਮੋਹਨ ਸਿੰਘ ਜੀ ਨਾਲ ਸਬੰਧਤ ਦਿਹਾੜੇ ਮਨਾਏ ਜਾਣਗੇ। ਇਵੇਂ ਹੀ ਵਿਗਿਆਨ ਦੇ ਸ਼ਾਹ ਅਸਵਾਰਾਂ ਨੂੰ ਵੀ ਸਾਇੰਸ ਕਲੱਬ ਅਤੇ ਸਾਸ਼ਕਾਂ ਵੱਲੋਂ ਚੇਤੇ ਕੀਤਾ ਜਾਵੇਗਾ। ਡਾ. ਢਿੱਲੋਂ ਨੇ ਕਿਹਾ ਕਿ ਖੇਤੀਬਾੜੀ ਯੂਨੀਵਰਸਿਟੀ ਦਾ ਸਾਹਿਤ ਅਤੇ ਸਾਹਿਤਕਾਰਾਂ ਨਾਲ ਹਮੇਸ਼ਾਂ ਗੂੜਾ ਰਿਸ਼ਤਾ ਰਿਹਾ ਹੈ ਅਤੇ ਇਸ ਨੂੰ ਹੋਰ ਅੱਗੇ ਮਜ਼ਬੂਤ ਕਰਨ ਲਈ ਲਗਾਤਾਰ ਯਤਨਸ਼ੀਲ ਰਹਾਂਗੇ।
ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਸਰਪ੍ਰਸਤ ਅਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਪ੍ਰੋਫੈਸਰ ਮੋਹਨ ਸਿੰਘ ਦੀ ਇਸ ਯੂਨੀਵਰਸਿਟੀ ਵਿੱਚ ਆਮਦ ਕਾਰਨ ਹੀ ਲੁਧਿਆਣਾ ਸਾਹਿੱਤਕ ਰਾਜਧਾਨੀ ਵਜੋਂ ਵਿਕਸਤ ਹੋਇਆ। ਸੁਰਜੀਤ ਪਾਤਰ, ਮੋਹਨਜੀਤ, ਡਾ.ਰਣਧੀਰ ਸਿੰਘ ਚੰਦ ਅਤੇ ਡਾ. ਆਤਮ ਹਮਰਾਹੀ ਉਨ੍ਹਾਂ ਦੇ ਸਹਾਇਕ ਰਹੇ। ਉਹਨਾਂ ਪੇਸ਼ਕਸ਼ ਕੀਤੀ ਕਿ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਫਾਉਂਡੇਸ਼ਨ ਵੱਲੋਂ ਵਿਦਿਆਰਥੀਆਂ ਦੇ ਪ੍ਰਤਿਭਾ ਨਿਖ਼ਾਰ ਮੁਕਾਬਲਿਆਂ ਲਈ ਉਹ ਭਰਪੂਰ ਸਹਿਯੋਗ ਦੇਣਗੇ। ਉਹਨਾਂ ਫਾਉਂਡੇਸ਼ਨ ਵੱਲੋਂ ਡਾ.ਬਲਦੇਵ ਸਿੰਘ ਢਿੱਲੋਂ ਨੂੰ ਪ੍ਰੋਫੈਸਰ ਮੋਹਨ ਸਿੰਘ ਦੀ ਸਮੁੱਚੀ ਰਚਨਾ ਤੇ ਚਿੱਤਰ ਵੀ ਭੇਂਟ ਕੀਤਾ।
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਪ੍ਰੋ. ਮੋਹਨ ਸਿੰਘ ਇਸੇ ਕਰਕੇ ਯੁਗ ਕਵੀ ਸਨ ਕਿਉਂਕਿ ਉਹਨਾਂ ਨੇ ਯੁਗਾਂ ਦੀ ਚੇਤਨਾ ਨੂੰ ਹਲੂਣਿਆ ਅਤੇ ਲੁਧਿਆਣਾ ਵਿੱਚ ਆਖਰੀ ਸਵਾਸ ਲੈਣ ਵੇਲੇ ਤੀਕ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ’ਚ ਸਿਰਜਣਸ਼ੀਲ ਰਹੇ। ਡਾ. ਸਿਰਸਾ ਨੇ ਕਿਹਾ ਕਿ ਪੰਜਾਬੀ ਸਾਹਿਤ ਅਕਾਡਮੀ ਡਾ. ਮ. ਸ. ਰੰਧਾਵਾ, ਪ੍ਰੋ. ਮੋਹਨ ਸਿੰਘ ਤੇ ਕੁਲਵੰਤ ਸਿੰਘ ਵਿਰਕ ਵਰਗੇ ਵਿੱਛੜੇ ਲੇਖਕਾਂ ਦੀ ਯਾਦ ਵਿੱਚ ਹੋਣ ਵਾਲੇ ਸਾਲਾਨਾ ਸਮਾਗਮਾਂ ਵਿੱਚ ਵਿਦਿਆਰਥੀਆਂ ਨੂੰ ਪੁਰਸਕਾਰ ਦੇਣ ਵਿੱਚ ਸਹਾਇਤਾ ਕਰੇਗੀ। ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਸਾਬਕਾ ਜਨਰਲ ਸਕੱਤਰ ਪ੍ਰੋ. ਰਵਿੰਦਰ ਭੱਠਲ, ਮੀਤ ਪ੍ਰਧਾਨ ਤ੍ਰੈਲੋਚਨ ਲੋਚੀ, ਸਕੱਤਰ ਡਾ.ਗੁਲਜ਼ਾਰ ਪੰਧੇਰ, ਮੈਂਬਰ ਦੇਵਿੰਦਰ ਦਿਲਰੂਪ, ਡਾ. ਅਨਿਲ ਕੁਮਾਰ ਸ਼ਰਮਾ, ਡਾ. ਗੁਰਵਿੰਦਰ ਸਿੰਘ ਕੋਚਰ ਅਤੇ ਦਲਬੀਰ ਲੁਧਿਆਣਵੀ ਵੀ ਇਸ ਮੌਕੇ ਹਾਜ਼ਰ ਸਨ। ਖੇਤੀਬਾੜੀ ਇੰਜੀਨੀਅਰਿੰਗ ਕਾਲਜ ਦੇ ਡੀਨ ਡਾ. ਜਸਕਰਨ ਸਿੰਘ ਮਾਹਲ, ਨਿਰਦੇਸ਼ਕ ਪਸਾਰ ਸਿੱਖਿਆ ਅਤੇ ਰਜਿਸਟਰਾਰ ਡਾ. ਰਾਜਿੰਦਰ ਸਿੰਘ ਸਿੱਧੂ ਤੇ ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ. ਗੁਰਿੰਦਰ ਕੌਰ ਸਾਂਘਾ ਵੀ ਇਸ ਮੌਕੇ ’ਚ ਸ਼ਾਮਿਲ ਹੋਏ। ਸੰਚਾਰ ਅਤੇ ਅੰਤਰਰਾਸ਼ਟਰੀ ਸੰਪਰਕ ਕੇਂਦਰ ਦੀ ਅਪਰ ਨਿਰਦੇਸ਼ਕ ਡਾ. ਜਗਦੀਸ਼ ਕੌਰ ਨੇ ਧੰਨਵਾਦ ਦੇ ਸ਼ਬਦ ਕਹੇ।
ਇਸ ਮੌਕੇ ਯੂਨੀਵਰਸਿਟੀ ਦੇ ਸਾਬਕਾ ਅਪਰ ਨਿਰਦੇਸ਼ਕ ਖੋਜ ਅਤੇ ਸੰਚਾਰ ਡਾ. ਜਗਤਾਰ ਸਿੰਘ ਧੀਮਾਨ ਦੀ ਤਿਆਰ ਕੀਤਾ ਪ੍ਰੋ. ਮੋਹਨ ਸਿੰਘ ਦੀਆਂ ਚੋਣਵੀਆਂ ਕਵਿਤਾਵਾਂ ਦਾ ਅੰਗਰੇਜ਼ੀ, ਪੰਜਾਬੀ ਅਤੇ ਹਿੰਦੀ ਅੰਕ ਰੂਪੀ ਇਕ ਕਿਤਾਬਚਾ ਵੀ ਜਾਰੀ ਕੀਤਾ ਗਿਆ।