ਲੁਧਿਆਣਾ : ਕਣਕ ਦੀ ਗਹਾਈ ਤੋਂ ਬਾਅਦ ਕਣਕ ਦੇ ਰਹਿੰਦ-ਖੂਹੰਦ ਨੂੰ ਅੱਗ ਲਾਉਣ ਦਾ ਜੋ ਵਰਤਾਰਾ ਚੱਲ ਰਿਹਾ ਹੈ ਉਸ ਸੰਬੰਧੀ ਮਾਨਯੋਗ ਉੱਚ ਅਦਾਲਤਾਂ ਅਤੇ ਹੋਰ ਵਾਤਾਵਰਨ ਸੰਬੰਧੀ ਅਦਾਰਿਆਂ ਵੱਲੋਂ ਸਖਤ ਨੋਟਿਸ ਲਿਆ ਜਾ ਰਿਹਾ ਹੈ । ਪੀਏਯੂ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਵੀ ਅੱਜ ਯੂਨੀਵਰਸਿਟੀ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਣਕ ਦੇ ਰਹਿੰਦ-ਖੂੰਹਦ ਨੂੰ ਨਾ ਸਾੜਨ ਬਾਰੇ ਅਪੀਲ ਕਰਦਿਆਂ ਇਸ ਦੇ ਹੋ ਰਹੇ ਵੱਖ-ਵੱਖ ਨੁਕਸਾਨਾਂ ਦਾ ਜਿਕਰ ਕੀਤਾ ਅਤੇ ਕਿਹਾ ਕਿ ਇਸ ਨਾਲ ਕੁਦਰਤ ਦਾ ਕਾਰਬਨ ਸਾਈਕਲ ਵਿਗੜਦਾ ਹੈ, ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਅਤੇ ਮਿੱਟੀ ਦੀ ਸਿਹਤ ਖਰਾਬ ਹੁੰਦੀ ਹੈ। ਪੌਸ਼ਟਿਕ ਤੱਤਾਂ ਦੇ ਨਾਲ-ਨਾਲ ਮਿੱਤਰ ਕੀੜੇ ਵੀ ਨਸ਼ਟ ਹੋ ਜਾਂਦੇ ਹਨ ਜਿਨ੍ਹਾਂ ਨਾਲ ਫ਼ਸਲਾਂ ਉੱਪਰ ਹੋਰ ਕੀੜੇ-ਮਕੌੜਿਆਂ ਦਾ ਹਮਲਾ ਵੱਧ ਜਾਂਦਾ ਹੈ ਅਤੇ ਉਹਨਾਂ ਨੂੰ ਰੋਕਣ ਲਈ ਕਿਸਾਨ ਦੇ ਖਰਚੇ ਵੀ ਵੱਧਦੇ ਹਨ। ਡਾ. ਢਿੱਲੋਂ ਨੇ ਕਿਹਾ ਕਿ ਉਹ ਆਪ ਖੁਦ ਇਕ ਕਿਰਸਾਨੀ ਪਰਿਵਾਰ ਵਿੱਚੋਂ ਹਨ ਅਤੇ ਜਾਣਦੇ ਹਨ ਕਿ ਨਾੜ ਅਤੇ ਪਰਾਲੀ ਸਾਂਭਣ ਲਈ ਖੇਚਲ ਅਤੇ ਖਰਚਾ ਕਰਨਾ ਪੈਂਦਾ ਹੈ। ਕੁਝ ਦਹਾਕੇ ਪਹਿਲਾਂ ਕਣਕ ਧੁੱਪੇ ਵੱਢੀ ਅਤੇ ਗਾਹੀ ਜਾਂਦੀ ਸੀ ਅਤੇ ਦਾਣੇ ਅਲੱਗ ਕਰਨ ਲਈ ਕਈ–ਕਈ ਦਿਨ ਹਵਾ ਦੀ ਉਡੀਕ ਕੀਤੀ ਜਾਂਦੀ ਸੀ। ਡਾ. ਢਿੱਲੋਂ ਨੇ ਕਿਹਾ ਕਿ ਸਾਡੇ ਇਹ ਮਿਹਨਤੀ ਕਿਸਾਨ ਜੇ ਹੰਭਲਾ ਮਾਰਨ ਤਾਂ ਇਸ ਨਾੜ ਅਤੇ ਗੁੱਥੇ ਨੂੰ ਸਾੜਨ ਦੀ ਬਜਾਏ ਧਰਤੀ ਵਿੱਚ ਰਲਾ ਸਕਦੇ ਹਨ। ਡਾ. ਢਿੱਲੋਂ ਨੇ ਇਸ ਨਾੜ ਅਤੇ ਰਹਿੰਦ-ਖੂੰਹਦ ਨੂੰ ਸਮੇਟਣ ਦੇ ਤਰੀਕਿਆਂ ਦੀ ਚਰਚਾ ਕਰਦਿਆਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਨੂੰ ਮਿੱਟੀ ਵਿੱਚ ਵਾਹ ਦੇਣ। ਪਾਣੀ ਲਾ ਕੇ ਗਾਲਣ ਨਾਲ ਇਹ ਅਗਲੀ ਫ਼ਸਲ ਲਈ ਫਾਇਦੇਮੰਦ ਰਹਿੰਦੀ ਹੈ। ਜਿੱਥੋਂ ਤੱਕ ਖਰਚੇ ਦੀ ਗੱਲ ਹੈ ਐਤਕੀਂ ਝੋਨੇ ਅਤੇ ਕਣਕ ਦਾ ਝਾੜ ਆਮ ਨਾਲੋਂ ਜ਼ਿਆਦਾ ਹੀ ਰਿਹਾ ਹੈ। ਇਸ ਤੋਂ ਆਮਦਨ ਵਧੀ ਹੈ, ਉਹਨਾਂ ਵਿੱਚੋਂ ਥੋੜ੍ਹੇ ਪੈਸੇ ਇਸ ਨਾੜ ਨੂੰ ਵਿਉਂਤਣ ਵਿੱਚ ਲਾ ਦੇਣ ਚਾਹੀਦੇ ਹਨ।
ਉਹਨਾਂ ਇਸ ਮੌਕੇ ਕਿਸਾਨਾਂ ਵਿੱਚ ਵਿਸਵਾਸ਼ ਜਤਾਉਂਦਿਆਂ ਕਿਹਾ ਕਿ ਕਿਸਾਨਾਂ ਨੇ ਹਮੇਸ਼ਾਂ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਨੂੰ ਮੰਨਿਆ ਹੈ ਅਤੇ ਉਹ ਸਾਡੀ ਇਹ ਅਪੀਲ ਵੀ ਮੰਨਣਗੇ। ਕੁੱਲ ਧਰਤੀ ਦੀ ਸਿਹਤ, ਵਾਤਾਵਰਨ ਅਤੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਬਚਾਉਣ ਲਈ ਇਹਨਾਂ ਕੁਦਰਤੀ ਸੋਮਿਆਂ ਨੂੰ ਸੰਭਾਲਣਾ ਸਾਡਾ ਸਭ ਦਾ ਸਾਂਝਾ ਸਰੋਕਾਰ ਹੈ।
ਇਸ ਮੌਕੇ ਯੂਨੀਵਰਸਿਟੀ ਦੇ ਅਧਿਕਾਰੀਆਂ ਵਿਚੋਂ ਨਿਰਦੇਸ਼ਕ ਪਸਾਰ ਸਿੱਖਿਆ ਡਾ: ਰਾਜਿੰਦਰ ਸਿੰਘ ਸਿੱਧੂ, ਡੀਨ, ਖੇਤੀਬਾੜੀ ਇੰਜੀਨੀਅਰਿੰਗ ਕਾਲਜ ਡਾ: ਜਸਕਰਨ ਸਿੰਘ ਮਾਹਲ ਅਤੇ ਅਪਰ ਨਿਰਦੇਸ਼ਕ ਸੰਚਾਰ ਡਾ: ਜਗਦੀਸ਼ ਕੌਰ ਵੀ ਵਿਸੇਸ਼ ਤੌਰ ਤੇ ਸ਼ਾਮਿਲ ਹੋਏ।