ਲੁਧਿਆਣਾ : ਪੰਜਾਬੀ ਭਵਨ ਲੁਧਿਆਣਾ ਵਿਖੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਵੱਲੋਂ ਜਥੇਬੰਦਕ ਵਰਕਸ਼ਾਪ ਜ਼ੋਨ-3 ਕਰਵਾਈ ਗਈ, ਜਿਸ ਵਿਚ ਫ਼ਤਹਿਗੜ੍ਹ ਸਾਹਿਬ, ਮੋਗਾ ਅਤੇ ਲੁਧਿਆਣਾ ਜ਼ਿਲੇ ਦੀਆਂ ਸਾਹਿਤ ਸਭਾਵਾਂ ਦੇ ਨੁਮਾਇੰਦਿਆਂ ਨੇ ਭਰਵੀਂ ਹਾਜ਼ਰੀ ਲਗਵਾਈ, ਜਦਕਿ ਜ਼ੋਨ-4 ਦੀ ਜਥੇਬੰਦਕ ਵਰਕਸ਼ਾਪ 14 ਮਈ ਨੂੰ ਅੰਮ੍ਰਿਤਸਰ ਵਿਖੇ ਕਰਵਾਈ ਜਾਵੇਗੀ। ਪ੍ਰਧਾਨਗੀ ਮੰਡਲ ਵਿਚ ਕੇਂਦਰੀ ਸਭਾ ਦੇ ਪ੍ਰਧਾਨ ਡਾ ਸਰਬਜੀਤ ਸਿੰਘ, ਕਾਰਜਕਾਰੀ ਜਨਰਲ ਸਕੱਤਰ ਕਰਮ ਸਿੰਘ ਵਕੀਲ, ਪੰਜਾਬੀ ਸਾਹਿਤ ਅਕਡਾਮੀ ਦੇ ਮੀਤ ਪ੍ਰਧਾਨ ਸੁਰਿੰਦਰ ਕੈਲੇ, ਡਾ ਸੁਰਜੀਤ ਬਰਾੜ, ਸੁਰਿੰਦਰ ਰਾਮਪੁਰੀ, ਸਾਹਿਤ ਸਭਾ ਜਗਰਾਓਂ ਦੇ ਪ੍ਰਧਾਨ ਹਰਬੰਸ ਸਿੰਘ ਅਖਾੜਾ, ਬਾਬੂ ਸਿੰਘ ਚੌਹਾਨ, ਪੰਜਾਬੀ ਸਾਹਿਤ ਅਕਾਡਮੀ ਦੇ ਸਕੱਤਰ ਡਾ ਗੁਲਜ਼ਾਰ ਪੰਧੇਰ ਅਤੇ ਪੰਜਾਬੀ ਲਿਖਾਰੀ ਸਭਾ ਰਾਮਪੁਰ ਦੇ ਪ੍ਰਧਾਨ ਅਤੇ ਜ਼ੋਨ ਕੋਆਰਡੀਨੇਟਰ ਜ਼ੋਨ 3 ਜਸਵੀਰ ਝੱਜ ਨੇ ਸ਼ਿਰਕਤ ਕੀਤੀ।
ਡਾ. ਸਰਬਜੀਤ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਸਾਹਿਤਕ ਸਭਾਵਾਂ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਜ਼ਿੰਦ-ਜਾਨ ਹਨ। ਜਿੰਨੀ ਕੋਈ ਸੰਸਥਾ ਵੱਧ ਜਥੇਬੰਦਕ ਹੋਵੇਗੀ ਓਨਾ ਹੀ ਉਸ ਦਾ ਪ੍ਰਭਾਵ ਵੱਧ ਕਬੂਲਿਆ ਜਾਂਦਾ ਹੈ। ਕੇਂਦਰੀ ਸਭਾ ਪਿਛਲੇ ਸੱਤਰ ਸਾਲਾਂ ਤੋਂ ਭਾਸ਼ਾਈ ਤੇ ਹੋਰ ਸਾਹਿਤਕ ਮਸਲਿਆਂ ’ਤੇ ਸਰਕਾਰ ਨਾਲ ਲੜਾਈ ਲੜਦੀ ਆ ਰਹੀ ਹੈ।ਇੱਥੋਂ ਤੀਕਰ ਕਿ ਲੇਖਕ ਸੁਤੰਤਰ ਹੋਣ ਦੇ ਬਾਵਜੂਦ ਸਾਹਿਤਕ ਜਥੇਬੰਦੀਆਂ ਨਾਲ ਜੁੜਦਾ ਹੈ ਕਿਉਂਕਿ ਉਸ ਦੀ ਰਚਨਾ ਸਮਾਜ ਪ੍ਰਤੀ ਹੁੰਦੀ ਹੈ, ਭਾਵ ਲੋਕਾਂ ਦਾ ਭਵਿੱਖ ਬਦਲਣ ਵਾਲੀ ਹੁੰਦੀ ਹੈ।
ਡਾ. ਸੁਰਜੀਤ ਬਰਾੜ ਨੇ ਕਿਹਾ ਕਿ ਸਾਹਿਤ ਦੀ ਸਿਰਜਣਾ ਕਰਨਾ ਸਮਾਜ ਪ੍ਰਤੀ ਜ਼ਿੰਮੇਵਾਰੀ ਕਾਰਜ ਹੈ, ਇਸ ਲਈ ਸਾਨੂੰ ਵੱਧ ਤੋਂ ਵੱਧ ਸਾਹਿਤ ਪੜ੍ਹਨਾ ਚਾਹੀਦਾ ਹੈ ਕਿਉਂਕਿ ਗਿਆਨ ਹੀ ਗਿਆਨ ਵਿਚ ਵਾਧਾ ਕਰਦਾ ਹੈ। ਸੁਰਿੰਦਰ ਰਾਮਪੁਰੀ ਨੇ ਕਿਹਾ ਕਿ ਜਥੇਬੰਦਕ ਸਭਾਵਾਂ ਹੀ ਵੱਡੇ ਲੇਖਕ ਪੈਦਾ ਕਰਦੀਆਂ ਹਨ।
ਕਰਮ ਸਿੰਘ ਵਕੀਲ ਨੇ ਕੇਂਦਰੀ ਸਭਾ ਦੀਆਂ ਕਾਰਜਕਾਰੀ ਸਰਗਰਮੀਆਂ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਚਿੱਠੀਆਂ ਪਾਉਣ ਦੀ ਬਜਾਏ ਸਾਨੂੰ ਆਧੁਨਿਕ ਤਕਨੀਕ ਨਾਲ ਜੁੜਨਾ ਚਾਹੀਦਾ ਹੈ, ਇਸ ਨਾਲ ਸਮਾਂ ਤੇ ਪੈਸੇ ਦੀ ਬੱਚਤ ਹੁੰਦੀ ਹੈ। ਹਰਬੰਸ ਸਿੰਘ ਅਖਾੜਾ ਨੇ ਵਿਚਾਰ ਰੱਖਦਿਆਂ ਕਿਹਾ ਕਿ ਵੱਡੇ ਲੇਖਕਾਂ ਨੂੰ ਕਿਤਾਬਾਂ ਇਸ ਕਰਕੇ ਭੇਟ ਕੀਤੀਆਂ ਜਾਂਦੀਆਂ ਹਨ ਤਾਂ ਜੋ ਉਹ ਆਪਣੇ ਸੁਝਾਅ ਲੇਖਕ ਨੂੰ ਦੇ ਸਕਣ। ਲੁਧਿਆਣਾ, ਮੋਗਾ ਅਤੇ ਫ਼ਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਤੋਂ ਕ੍ਰਮਵਾਰ ਗੁਰਪਾਲ ਲਿੱਟ, ਹਰਨੇਕ ਸਿੰਘ ਨੇਕ ਅਤੇ ਦਰਬਾਰਾ ਸਿੰਘ ਢੀਂਡਸਾ ਨੇ ਕੇਂਦਰੀ ਸਭਾ ਦੀ ਜਥੇਬੰਦੀ ਨੂੰ ਮਜਬੂਤ ਕਰਨ ਹਿੱਤ ਸੁਝਾਅ ਦਿੱਤੇ।
ਜਸਵੀਰ ਝੱਜ ਨੇ ਮੰਚ ਸੰਚਾਲਨ ਕਰਦਿਆਂ ਕਿਹਾ ਕਿ ਜਥੇਬੰਦਕ ਸਭਾਵਾਂ ਹੀ ਕੇਂਦਰੀ ਸਭਾ ਨੂੰ ਹੋਰ ਮਜ਼ਬੂਤ ਕਰਦੀਆਂ ਨੇ। ਡਾ. ਗੁਲਜ਼ਾਰ ਪੰਧੇਰ ਨੇ ਆਏ ਹੋਏ ਸਾਹਿਤਕਾਰਾਂ ਤੇ ਵਿਦਵਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਥੇਬੰਦੀਆਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ, ਪਰ ਕੇਂਦਰੀ ਪੰਜਾਬੀ ਲੇਖਕ ਸਭਾ ਵਗਦੇ ਪਾਣੀ ਵਾਂਗ ਹੈ। ਨਾਮਧਾਰੀ ਦਰਬਾਰ ਦਾ ਲੰਗਰ ਦੀ ਸੇਵਾ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਮੌਕੇ ’ਤੇ ਡਾ. ਗੁਰਪਾਲ ਲਿੱਟ, ਜਸਕਰਨ, ਪਰਮਜੀਤ ਮਹਿਕ, ਚਰਨਜੀਤ ਪ੍ਰਧਾਨ ਬਾਘਾਪੁਰਾਣਾ, ਬਲਜੀਤ ਅਟਵਾਲ ਆਦਿ ਨੇ ਵਿਚਾਰ-ਚਰਚਾ ਵਿਚ ਹਿੱਸਾ ਲੈਂਦਿਆਂ ਅਹਿਮ ਮਸਲੇ ਉਠਾਏ ਅਤੇ ਨਾਲ ਹੀ ਕੇਂਦਰੀ ਸਭਾ ਦੇ ਕੰਮ-ਕਾਜ ਦੀ ਭਰਪੂਰ ਸ਼ਲਾਘਾ ਕੀਤੀ।
ਇਸ ਸਮਾਗਮ ਦੇ ਕਨਵੀਨਰ ਤਰੋਚਨ ਝਾਂਡੇ, ਦਲਬੀਰ ਲੁਧਿਆਣਵੀ, ਸਵਰਨ ਪੱਲਾ, ਬਲਬੀਰ ਸਾਹਨੇਵਾਲ, ਸ੍ਰੀਮਤੀ ਇੰਦਰਜੀਤਪਾਲ ਕੌਰ, ਭਗਵਾਨ ਢਿੱਲੋਂ, ਕੁਲਵਿੰਦਰ ਕਿਰਨ, ਡਾ ਗੁਰਚਰਨ ਕੌਰ ਕੋਚਰ, ਡਾ ਬਲਵਿੰਦਰ ਗਲੈਕਸੀ, ਇੰਜ: ਸੁਰਜਨ ਸਿੰਘ, ਦਲੀਪ ਅੱਵਧ, ਅਜੀਤ ਪਿਆਸਾ, ਬਲਵੰਤ ਸਿੰਘ ਮੁਸਾਫਿਰ, ਗੁਰਸ਼ਰਨ ਸਿੰਘ ਨਰੂਲਾ, ਗੁਰਦੀਪ ਲੋਪੋਂ, ਹਰਵਿੰਦਰ ਧਾਲੀਵਾਲ, ਆਤਿਸ਼ ਪਾਇਲਵੀ, ਗੁਰਸੇਵਕ ਸਿੰਘ ਢਿੱਲੋਂ, ਜਗਦੀਸ਼ ਪ੍ਰੀਤਮ, ਜਸਕਰਨ ¦ਡੇ, ਬੇਲੀ ਬਲਕਰਨ, ਪਰਗਟ ਢਿੱਲੋਂ ਦੇ ਇਲਾਵਾ ਹਾਲ ਖਚਾਖਚ ਭਰਿਆ ਪਿਆ ਸੀ।