ਨਵੀਂ ਦਿੱਲੀ : ਨੀਟ ਪ੍ਰੀਖਿਆ ਦੌਰਾਨ ਸਿੱਖ ਕੌਮ ਦੇ ਵਕਾਰ ਅਤੇ ਕਕਾਰ ਦੀ ਲੜਾਈ ਲੜਨ ਵਾਲੇ ਕਾਕਾ ਜਸ਼ਨਪੀ੍ਰਤ ਸਿੰਘ ਦਾ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਜਸ਼ਨਪ੍ਰੀਤ ਅਤੇ ਉਸਦੀ ਮਾਤਾ ਕਰਮਜੀਤ ਕੌਰ ਨੂੰ ਯਾਦਗਾਰੀ ਚਿਨ੍ਹ ਦੇ ਕੇ ਸਨਮਾਨਿਤ ਕਰਦੇ ਹੋਏ ਜਸ਼ਨਪ੍ਰੀਤ ਵੱਲੋਂ ਦਿਖਾਈ ਗਈ ਦਿਲੇਰੀ ਦੀ ਸਲਾਘਾ ਕੀਤੀ।
ਦਰਅਸਲ ਕੱਲ ਹੋਈ ਪ੍ਰੀਖਿਆ ਦੌਰਾਨ ਜਸ਼ਨਪ੍ਰੀਤ ਨੂੰ ਕੇਂਦਰੀ ਵਿਦਿਆਲੇ ਪੀਤਮਪੁਰਾ ਵਿਖੇ ਅਧਿਕਾਰੀਆਂ ਵੱਲੋਂ ਕੜੇ ਅਤੇ ਕ੍ਰਿਪਾਨ ਦੇ ਨਾਲ ਪ੍ਰੀਖਿਆ ਕੇਂਦਰ ’ਚ ਦਾਖਿਲਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਜਿਸਤੋਂ ਬਾਅਦ ਦਿੱਲੀ ਕਮੇਟੀ ਵੱਲੋਂ ਜਾਰੀ ਕੀਤੀ ਗਈ ਅਡਵਾਇਜਰੀ ਤੋਂ ਪ੍ਰੇਰਣਾ ਲੈ ਕੇ ਪਰਿਵਾਰ ਵੱਲੋਂ ਪੁਲਿਸ ਅਤੇ ਦਿੱਲੀ ਕਮੇਟੀ ਦੇ ਕਾਨੂੰਨੀ ਵਿਭਾਗ ਦੇ ਮੁਖੀ ਜਸਵਿੰਦਰ ਸਿੰਘ ਜੌਲੀ ਨੂੰ ਸ਼ਿਕਾਇਤ ਕੀਤੀ ਗਈ। ਜਿਸ ਕਰਕੇ ਪ੍ਰੀਖਿਆ ਕੇਂਦਰ ’ਚ ਜਸ਼ਨਪ੍ਰੀਤ ਦਾ ਦਾਖਿਲਾ ਕਕਾਰਾਂ ਸਹਿਤ ਮੁਮਕਿਨ ਹੋ ਪਾਇਆ ਸੀ।
ਕਮੇਟੀ ਦਫ਼ਤਰ ਪੁੱਜੇ ਜਸ਼ਨਪ੍ਰੀਤ ਨੂੰ ਥਾਪੜਾ ਦਿੰਦੇ ਹੋਏ ਜੀ.ਕੇ. ਨੇ ਇਸ ਮਸਲੇ ’ਤੇ ਅੱਗੇ ਕਾਨੂੰਨੀ ਲੜਾਈ ਲੜਨ ਦਾ ਵੀ ਐਲਾਨ ਕੀਤਾ। ਜੀ.ਕੇ. ਨੇ ਕਿਹਾ ਕਿ ਕਮੇਟੀ ਵੱਲੋਂ ਜਾਰੀ ਕੀਤੀ ਗਈ ਅਡਵਾਇਜਰੀ ਦੇ ਬਾਵਜੂਦ ਕਈ ਸਿੱਖ ਬੱਚਿਆਂ ਵੱਲੋਂ ਬਿਨਾਂ ਲੜਾਈ ਲੜੇ ਪ੍ਰੀਖਿਆ ਕੇਂਦਰ ’ਚ ਬਿਨਾਂ ਕਕਾਰਾਂ ਦੇ ਦਾਖਿਲ ਹੋਣ ਦੀ ਸਾਡੇ ਕੋਲ ਖ਼ਬਰਾਂ ਆਈਆਂ ਸਨ। ਪਰ ਜਸ਼ਨਪ੍ਰੀਤ ਨੇ ਨਾ ਕੇਵਲ ਕੌਮ ਦੇ ਵਕਾਰ ਦੀ ਲੜਾਈ ਲੜੀ ਸਗੋਂ ਕਕਾਰਾਂ ਸਹਿਤ ਪ੍ਰੀਖਿਆ ਦੇਣ ਵਿਚ ਕਾਮਯਾਬ ਰਿਹਾ। ਕਕਾਰਾਂ ਨੂੰ ਅੰਮ੍ਰਿਤਧਾਰੀ ਸਿੱਖ ਦਾ ਅਣਖਿੜਵਾ ਅੰਗ ਦੱਸਦੇ ਹੋਏ ਜੀ.ਕੇ. ਨੇ ਮੁਕਾਬਲਾ ਪ੍ਰੀਖਿਆ ’ਚ ਧਾਤੂ ਤਤਾਂ ਦੀ ਆੜ ’ਚ ਕਕਾਰਾਂ ਤੇ ਅਸਿੱਧੇ ਤਰੀਕੇ ਨਾਲ ਲਗਾਈ ਜਾ ਰਹੀ ਰੋਕ ਨੂੰ ਗੈਰ ਸੰਵੈਧਾਨਿਕ ਦੱਸਿਆ।
ਸਿਰਸਾ ਨੇ ਕਿਹਾ ਕਿ ਨੌਜਵਾਨ ਦੋਸਤ ਨੇ ਜਿਸ ਤਰੀਕੇ ਨਾਲ ਬਹਾਦਰੀ ਵਿਖਾਉਂਦੇ ਹੋਏ ਕਕਾਰ ਲਾਹੁਣ ਤੋਂ ਇਨਕਾਰ ਕੀਤਾ ਹੈ ਉਸਦੀ ਇਸ ਦਿਲੇਰੀ ਨੂੰ ਨੌਜਵਾਨਾਂ ਨੂੰ ਰੋਲ-ਮਾੱਡਲ ਵਾਂਗ ਲੈਣਾ ਚਾਹੀਦਾ ਹੈ। ਸਿਰਸਾ ਨੇ ਹੈਰਾਨੀ ਜਤਾਈ ਕਿ ਸਿੱਖ ਦੇਸ਼ ਦੀ ਪਾਰਲੀਮੈਂਟ ’ਚ ਤਾਂ ਕਕਾਰਾਂ ਸਹਿਤ ਜਾ ਸਕਦਾ ਹੈ ਪਰ ਪ੍ਰੀਖਿਆ ਕੇਂਦਰ ਵਿਚ ਨਹੀਂ। ਸੀ.ਬੀ.ਐਸ.ਈ.ਵੱਲੋਂ ਇਸ ਸੰਬੰਧੀ ਜਾਰੀ ਕੀਤੀ ਗਈ ਗਾਈਡਲਾਈਨ ਨੂੰ ਅਦਾਲਤ ’ਚ ਚੁਨੌਤੀ ਦੇਣ ਦਾ ਵੀ ਸਿਰਸਾ ਨੇ ਐਲਾਨ ਕੀਤਾ।
ਧਰਮ ਪ੍ਰਚਾਰ ਕਮੇਟੀ ਚੇਅਰਮੈਨ ਕੁਲਮੋਹਨ ਸਿੰਘ ਨੇ ਜਸ਼ਨਪ੍ਰੀਤ ਵੱਲੋਂ ਲਗਭਗ 30 ਮਿੰਟ ਤਕ ਪੁਲਿਸ ਅਤੇ ਅਧਿਕਾਰੀਆਂ ਨਾਲ ਕਕਾਰਾਂ ਲਈ ਲੜੀ ਗਈ ਲੜਾਈ ਤੋਂ ਨੌਜਵਾਨਾਂ ਨੂੰ ਪ੍ਰੇਰਣਾ ਲੈਣ ਦੀ ਅਪੀਲ ਕੀਤੀ। ਇਸ ਮੌਕੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਮੈਂਬਰ ਸਾਹਿਬਾਨ ਮੌਜੂਦ ਸਨ।