ਨਵੀਂ ਦਿੱਲੀ : ਸ਼੍ਰੋਮਣੀ ਕਮੇਟੀ ਦੇ ਪਹਿਲੇ ਪ੍ਰਧਾਨ ਬਾਬਾ ਖੜਕ ਸਿੰਘ ਦੇ 150ਵੇਂ ਜਨਮ ਦਿਹਾੜੇ ਨੂੰ ਮਨਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਗਰਮ ਹੋ ਗਈ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਸੀਨੀਅਰ ਭਾਜਪਾ ਆਗੂ ਆਰ.ਪੀ. ਸਿੰਘ ਅਤੇ ਅਕਾਲੀ ਨਿਗਮ ਪਾਰਸ਼ਦ ਪਰਮਜੀਤ ਸਿੰਘ ਰਾਣਾ ਨੇ ਅੱਜ ਐਨ.ਡੀ.ਐਮ.ਸੀ. ਦੇ ਚੇਅਰਮੈਨ ਨਰੇਸ਼ ਕੁਮਾਰ ਨਾਲ ਮੁਲਾਕਾਤ ਕਰਕੇ ਬਾਬਾ ਖੜਕ ਸਿੰਘ ਮਾਰਗ ’ਤੇ ਗੁਰਦੁਆਰਾ ਬੰਗਲਾ ਸਾਹਿਬ ਦੇ ਨੇੜੇ ਬਾਬਾ ਖੜਕ ਸਿੰਘ ਦੀ ਤਸਵੀਰ ਦੇ ਨਾਲ ਉਨ੍ਹਾਂ ਦਾ ਇਤਿਹਾਸ ਇੱਕ ਸਟੀਲ ਪਲੇਟ ਰਾਹੀਂ ਜਨਤਕ ਕਰਨ ਦੀ ਮੰਗ ਕੀਤੀ ਹੈ।
ਇਸ ਸਬੰਧੀ ਕਮੇਟੀ ਵੱਲੋਂ ਮੰਗ ਪੱਤਰ ਸੌਂਪਦੇ ਹੋਏ ਜੀ.ਕੇ. ਨੇ ਬਾਬਾ ਖੜਕ ਸਿੰਘ ਦੀ ਦੇਸ਼ ਅਤੇ ਕੌਮ ਨੂੰ ਦਿੱਤੀ ਗਈ ਦੇਣ ਦਾ ਵੀ ਜਿਕਰ ਕੀਤਾ। ਬਾਬਾ ਖੜਕ ਸਿੰਘ ਵੱਲੋਂ ਸ਼੍ਰੀ ਦਰਬਾਰ ਸਾਹਿਬ ਦੇ ਖਜਾਨੇ ਨੂੰ ਅੰਗ੍ਰੇਜ਼ ਸਰਕਾਰ ਵੱਲੋਂ ਜਬਤ ਕਰਨ ਤੋਂ ਬਾਅਦ ਲਗਾਏ ਗਏ ‘‘ਚਾਬੀਆਂ ਦੇ ਮੋਰਚੇ’’ ਦਾ ਹਵਾਲਾ ਦਿੰਦੇ ਹੋਏ ਜੀ.ਕੇ. ਨੇ ਮੋਰਚਾ ਫਤਹਿ ਹੋਣ ਉਪਰੰਤ ਟੈਲੀਗ੍ਰਾਮ ਭੇਜ ਕੇ ਆਜ਼ਾਦੀ ਦੀ ਪਹਿਲੀ ਲੜਾਈ ਜਿੱਤਣ ਦੇ ਤੌਰ ਤੇ ਮਹਾਤਮਾਂ ਗਾਂਧੀ ਵੱਲੋਂ ਦਿੱਤੇ ਗਏ ਵਿਚਾਰਾਂ ਤੋਂ ਵੀ ਐਨ.ਡੀ.ਐਮ.ਸੀ. ਚੇਅਰਮੈਨ ਨੂੰ ਜਾਣੂ ਕਰਾਇਆ।
ਜੀ.ਕੇ. ਨੇ ਰਾਮ ਮਨੋਹਰ ਲੋਹੀਆ ਹਸਪਤਾਲ ਤੋਂ ਕਨਾੱਟ ਪਲੈਸ ਤਕ ਜਾਂਦੇ ਬਾਬਾ ਖੜਕ ਸਿੰਘ ਮਾਰਗ ’ਤੇ ਉਨ੍ਹਾਂ ਦਾ ਇਤਿਹਾਸ ਅੱਜ ਤਕ ਪ੍ਰਕਾਸ਼ਿਤ ਨਾ ਹੋਣ ਤੇ ਵੀ ਦੁੱਖ ਜਤਾਇਆ।ਕਿਉਂਕਿ ਸ਼ਹਿਰ ਦੇ ਇਸ ਪ੍ਰਮੁੱਖ ਰੋਡ ਤੋਂ ਯਾਤਰਾ ਕਰਨ ਵਾਲੇ ਹਜ਼ਾਰਾਂ ਰਾਹਗੀਰਾਂ ਨੂੰ ਵੀ ਬਾਬਾ ਖੜਕ ਸਿੰਘ ਦੇ ਬਾਰੇ ਕੁਝ ਪਤਾ ਨਹੀਂ ਹੈ। ਦਰਅਸਲ ਬੀਤੇ ਦਿਨੀਂ ਆਰ.ਪੀ. ਸਿੰਘ ਵੱਲੋਂ ਇਸ ਮਸਲੇ ਨੂੰ ਪ੍ਰਮੁੱਖਤਾ ਨਾਲ ਚੁੱਕਦੇ ਹੋਏ ਦਿੱਲੀ ਕਮੇਟੀ ਪ੍ਰਧਾਨ ਨੂੰ ਇਸ ਮਸਲੇ ’ਤੇ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ ਸੀ। ਜਿਸ ਤੋਂ ਬਾਅਦ ਅੱਜ ਸਾਂਝੇ ਤੌਰ ਤੇ ਚੇਅਰਮੈਨ ਨਾਲ ਮੁਲਾਕਾਤ ਕੀਤੀ ਗਈ। ਚੇਅਰਮੈਨ ਨੇ ਕਮੇਟੀ ਦੀ ਮੰਗ ’ਤੇ ਗੰਭੀਰਤਾ ਨਾਲ ਵਿਚਾਰ ਕਰਨ ਦਾ ਭਰੋਸਾ ਦਿੱਤਾ।