ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਮੱਧ ਪ੍ਰਦੇਸ਼ ਸੂਬੇ ਅੰਦਰ ਵੱਸਦੇ ਸਿਕਲੀਗਰ ਸਿੱਖਾਂ ‘ਤੇ ਹੋ ਰਹੇ ਅੱਤਿਆਚਾਰ ਤੇ ਉਨ੍ਹਾਂ ਨੂੰ ਧਰਮ ਤਬਦੀਲ ਕਰਨ ਲਈ ਮਜ਼ਬੂਰ ਕਰਨ ਦੀਆਂ ਘਟਨਾਵਾਂ ਦਾ ਸਖਤ ਨੋਟਿਸ ਲਿਆ ਹੈ। ਉਨ੍ਹਾਂ ਆਖਿਆ ਕਿ ਸਿਕਲੀਗਰ ਸਿੱਖ ‘ਸਿੱਖ ਸਮਾਜ’ ਦਾ ਅਹਿਮ ਅੰਗ ਹਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਨ੍ਹਾਂ ਦੀ ਮਦਦ ਲਈ ਵਚਨਬੱਧ ਹੈ। ਪ੍ਰੋ: ਬਡੂੰਗਰ ਨੇ ਕਿਹਾ ਕਿ ਸਿਕਲੀਗਰ ਸਿੱਖਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੀਆਂ ਘਟਨਾਵਾਂ ਦੇ ਮਾਮਲਿਆਂ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਕ ਸਬ-ਕਮੇਟੀ ਬਣਾ ਦਿੱਤੀ ਗਈ ਹੈ, ਜੋ ਮੱਧ ਪ੍ਰਦੇਸ਼ ਜਾ ਕੇ ਪੂਰੀ ਜਾਣਕਾਰੀ ਹਾਸਲ ਕਰ ਕੇ ਆਪਣੀ ਰਿਪੋਰਟ ਪੇਸ਼ ਕਰੇਗੀ। ਇਸ ਕਮੇਟੀ ਵਿਚ ਅੰਤ੍ਰਿੰਗ ਕਮੇਟੀ ਮੈਂਬਰ ਭਾਈ ਰਾਮ ਸਿੰਘ, ਮੈਂਬਰ ਸ। ਕਰਨੈਲ ਸਿੰਘ ਪੰਜੋਲੀ, ਮੱਧ ਪ੍ਰਦੇਸ਼ ਤੋਂ ਸ਼੍ਰੋਮਣੀ ਕਮੇਟੀ ਵੱਲੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਬੋਰਡ ਦੇ ਮੈਂਬਰ ਸ। ਗੁਰਦੀਪ ਸਿੰਘ ਭਾਟੀਆ ਅਤੇ ਮੀਤ ਸਕੱਤਰ ਸ਼੍ਰੋਮਣੀ ਕਮੇਟੀ ਸ। ਮਹਿੰਦਰ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਵੀ ਇਸ ਸਬੰਧੀ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ੍ਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਇੱਕ ਪੱਤਰ ਲਿਖਿਆ ਸੀ।
ਪ੍ਰੋ: ਬਡੂੰਗਰ ਨੇ ਕਿਹਾ ਕਿ ਗੁਰੂ ਸਾਹਿਬਾਨ ਦੇ ਸਮੇਂ ਤੋਂ ਸਿਕਲੀਗਰ ਸਿੱਖ ਸ਼ਸਤਰ ਬਣਾਉਣ ਦਾ ਕੰਮ ਕਰਦੇ ਆ ਰਹੇ ਹਨ, ਜੋ ਉਨ੍ਹਾਂ ਦੀ ਰੋਜ਼ੀ ਰੋਟੀ ਦਾ ਸਾਧਨ ਹੈ। ਸੂਬੇ ਦੀ ਪੁਲਿਸ ਵੱਲੋਂ ਇਨ੍ਹਾਂ ਨੂੰ ਗ਼ੈਰ-ਕਾਨੂੰਨੀ ਹਥਿਆਰਾਂ ਦੇ ਤਸਕਰ ਆਖ ਕੇ ਅੱਤਿਆਚਾਰ ਕਰਨੇ ਜਾਇਜ਼ ਨਹੀਂ ਹਨ। ਉਨ੍ਹਾਂ ਆਖਿਆ ਕਿ ਸਿਕਲੀਗਰ ਸਿੱਖ ਆਪਣੇ ਨਾਲ ਹੋ ਰਹੀਆਂ ਵਧੀਕੀਆਂ ਕਾਰਨ ਘਬਰਾਏ ਹੋਏ ਹਨ। ਉਨ੍ਹਾਂ ਮੱਧ ਪ੍ਰਦੇਸ਼ ਸਰਕਾਰ ਨੂੰ ਇਸ ਮਾਮਲੇ ਵੱਲ ਉਚੇਚਾ ਧਿਆਨ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਸਿਕਲੀਗਰ ਸਿੱਖਾਂ ਦੀ ਜਾਨ-ਮਾਲ ਦੀ ਹਿਫਾਜ਼ਤ ਕੀਤੀ ਜਾਵੇ।