ਇਹ ਪਹਿਲੀ ਵਾਰ ਹੋਇਆ ਹੈ ਕਿ ਕਾਂਗਰਸ ਹਾਈ ਕਮਾਂਡ ਨੇ ਮੁੱਖ ਮੰਤਰੀ ਦੀ ਇੱਛਾ ਅਨੁਸਾਰ ਹਮਖਿਆਲੀ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਇਆ ਹੈ। ਆਮ ਤੌਰ ਤੇ ਮੁੱਖ ਮੰਤਰੀ ਦੇ ਕੱਟੜ ਵਿਰੋਧੀ ਨੂੰ ਪ੍ਰਧਾਨ ਬਣਾਕੇ ਦੋਹਾਂ ਦੀ ਡੋਰ ਆਪਣੇ ਹੱਥ ਵਿਚ ਰੱਖੀ ਜਾਂਦੀ ਸੀ। ਕਾਂਗਰਸ ਹਾਈ ਕਮਾਂਡ ਨੂੰ 2014 ਦੀਆਂ ਲੋਕ ਸਭਾ ਚੋਣਾ ਵਿਚ ਕਰਾਰੀ ਹਾਰ ਅਤੇ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਲੜਨ ਕਰਕੇ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਅਹਿਮੀਅਤ ਦੀ ਕਦਰ ਕਰਨ ਦੀ ਹੋਸ਼ ਆਈ ਹੈ। ਇਸ ਤੋਂ ਪਹਿਲਾਂ ਤਾਂ ਸਰਬ ਭਾਰਤੀ ਕਾਂਗਰਸ ਪੰਜਾਬ ਵਿਚ ਧੜੇਬੰਦੀ ਪੈਦਾ ਕਰਕੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਵਿਚ ਲੱਗੀ ਰਹਿੰਦੀ ਸੀ।
ਕਾਂਗਰਸ ਹਾਈ ਕਮਾਂਡ ਨੂੰ ਨਵੇਂ-ਨਵੇਂ ਤਜਰਬੇ ਕਰਕੇ ਵਾਰ ਵਾਰ ਪੰਜਾਬ ਕਾਂਗਰਸ ਦੇ ਪ੍ਰਧਾਨ ਬਦਲਣ ਦੀ ਖ਼ੁਮਾਰੀ ਚੜ੍ਹੀ ਰਹਿੰਦੀ ਸੀ। ਸ੍ਰ.ਬੇਅੰਤ ਸਿੰਘ ਤੋਂ ਬਾਅਦ ਕਿਸੇ ਵੀ ਪ੍ਰਧਾਨ ਨੂੰ ਆਪਣੀ ਟਰਮ ਪੂਰੀ ਕਰਨ ਹੀ ਨਹੀਂ ਦਿੱਤੀ ਗਈ। ਇਨ੍ਹਾਂ ਤਜਰਬਿਆਂ ਨੇ ਪੰਜਾਬ ਵਿਚ ਕਾਂਗਰਸ ਪਾਰਟੀ ਦਾ ਅਕਸ ਵਿਗਾੜਕੇ ਰੱਖ ਦਿੱਤਾ ਅਤੇ ਕਾਂਗਰਸ ਪਾਰਟੀ ਦੇ ਆਧਾਰ ਨੂੰ ਵੀ ਖ਼ੋਰਾ ਲੱਗਾ। ਲੋਕ ਉਸ ਤੋਂ ਵਿਸ਼ਵਾਸ਼ ਕਰਨੋਂ ਹੀ ਹੱਟ ਗਏ ਸਨ। ਪੂਰੇ 21 ਸਾਲ ਬਾਅਦ ਕਿਸੇ ਸਾਫ ਅਕਸ ਵਾਲੇ ਹਿੰਦੂ ਨੇਤਾ ਨੂੰ ਪੰਜਾਬ ਕਾਂਗਰਸ ਦੀ ਵਾਗ ਡੋਰ ਦਿੱਤੀ ਗਈ ਹੈ। ਸ਼੍ਰੀ ਵਰਿੰਦਰ ਕਟਾਰੀਆ ਨੂੰ 1996 ਵਿਚ ਸ਼੍ਰ ਬੇਅੰਤ ਸਿੰਘ ਦੇ ਸਵਰਗਵਾਸ ਹੋਣ ਤੋਂ ਬਾਅਦ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ ਸੀ ਪ੍ਰੰਤੂ ਉਸਨੂੰ ਵੀ 8 ਮਹੀਨੇ ਬਾਅਦ ਹੀ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਉਸ ਤੋਂ ਬਾਅਦ ਸ਼੍ਰੀਮਤੀ ਅੰਬਿਕਾ ਸੋਨੀ ਨੂੰ ਕੁੱਝ ਮਹੀਨੇ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਬੰਧ ਵੇਖਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਉਸਨੂੰ ਵੀ ਪੂਰਾ ਪ੍ਰਧਾਨ ਨਹੀਂ ਬਣਾਇਆ ਗਿਆ ਸੀ ਕਿਉਂਕਿ ਉਹ ਖ਼ੁਦ ਰਾਜ ਦੀ ਸਿਆਸਤ ਵਿਚ ਆਉਣਾ ਨਹੀਂ ਚਾਹੁੰਦੇ ਸਨ। ਇਨ੍ਹਾਂ ਦੋਹਾਂ ਪ੍ਰਧਾਨਾ ਦੇ ਨਾਲ ਗਾਂਧੀਵਾਦੀ ਹਿੰਦੂ ਨੇਤਾ ਵੇਦ ਪ੍ਰਕਾਸ਼ ਗੁਪਤਾ ਜੋ ਬਾਣੀਆਂ ਸਮੁਦਾਏ ਵਿਚੋਂ ਸਨ, ਉਹ ਜਨਰਲ ਸਕੱਤਰ ਦਾ ਕੰਮ ਵੇਖਦੇ ਰਹੇ। ਫਿਰ 1997 ਵਿਚ ਸ੍ਰ.ਸੰਤੋਖ ਸਿੰਘ ਰੰਧਾਵਾ ਨੂੰ ਪ੍ਰਧਾਨ ਬਣਾਇਆ ਗਿਆ। ਉਹ ਪਹਿਲਾਂ ਵੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਹੇ ਸਨ। ਹੰਸ ਰਾਜ ਸ਼ਰਮਾ, ਕੁਮਾਰੀ ਸਰਲਾ ਪ੍ਰਾਸ਼ਰ ਅਤੇ ਮਹਿੰਦਰ ਸਿੰਘ ਕੇ.ਪੀ.ਵੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਹੇ ਪ੍ਰੰਤੂ ਉਹ ਵੀ ਬਹੁਤਾ ਚਿਰ ਟਿਕ ਨਹੀਂ ਸਕੇ।
ਪੰਜਾਬ ਪ੍ਰਦੇਸ਼ ਕਾਂਗਰਸ ਦਾ ਨਵਾਂ ਪ੍ਰਧਾਨ ਸੁਨੀਲ ਕੁਮਾਰ ਜਾਖੜ ਦਾ ਬਣਨਾ ਕਾਂਗਰਸ ਪਾਰਟੀ ਲਈ ਸ਼ੁਭ ਸੰਕੇਤ ਹਨ ਕਿਉਂਕਿ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਲਈ ਇਹ ਵੀ ਪਹਿਲੀ ਵਾਰ ਹੋਇਆ ਹੈ ਬਿਨਾ ਕਿਸੇ ਰਗੜੇ ਝਗੜੇ ਦੇ ਪ੍ਰਧਾਨ ਦੀ ਨਿਯੁਕਤੀ ਚੁਪ ਚੁਪੀਤੇ ਹੋ ਗਈ ਹੈ। ਇਸ ਤੋਂ ਪਹਿਲਾਂ ਜਿਤਨੇ ਵੀ ਪ੍ਰਧਾਨ ਬਣਦੇ ਰਹੇ ਹਨ, ਉਨ੍ਹਾਂ ਦੀ ਨਿਯੁਕਤੀ ਬਾਰੇ ਸਾਲਾਂ ਬੱਧੀ ਰੋਲ ਘਚੋਲਾ ਪੈਂਦਾ ਰਹਿੰਦਾ ਰਿਹਾ ਹੈ। ਸੁਨੀਲ ਕੁਮਾਰ ਜਾਖੜ ਸਾਫ਼ ਅਕਸ ਵਾਲੇ ਨਿਰਵਿਵਾਦ ਨੇਤਾ ਹਨ। ਉਨ੍ਹਾਂ ਦੀ ਵਿਰਾਸਤ ਵੀ ਕਾਂਗਰਸ ਪਾਰਟੀ ਦੀ ਵਫ਼ਾਦਾਰ ਰਹੀ ਹੈ। ਉਨ੍ਹਾਂ ਦੇ ਪਿਤਾ ਚੌਧਰੀ ਬਲਰਾਮ ਜਾਖੜ ਗਾਂਧੀ ਪਰਿਵਾਰ ਦੇ ਨਜ਼ਦੀਕੀ ਰਹੇ ਹਨ। ਸ਼੍ਰੀਮਤੀ ਇੰਦਰਾ ਗਾਂਧੀ ਦੇ ਪ੍ਰਧਾਨ ਮੰਤਰੀ ਹੁੰਦਿਆਂ ਉਹ ਲੋਕ ਸਭਾ ਦੇ ਸਫ਼ਲ ਸਪੀਕਰ ਰਹੇ ਹਨ। ਜਾਟ ਲੀਡਰ ਦੇ ਤੌਰ ਤੇ ਵੀ ਜਾਣੇ ਪਛਾਣੇ ਅਤੇ ਕਿਸਾਨਾ ਦੇ ਹਿਤੈਸ਼ੀ ਰਹੇ ਹਨ। ਸੁਨੀਲ ਕੁਮਾਰ ਜਾਖੜ ਦਾ ਵੱਡਾ ਭਰਾ ਸੱਜਣ ਕੁਮਾਰ ਜਾਖੜ ਵੀ ਸ੍ਰ.ਬੇਅੰਤ ਸਿੰਘ ਦੀ ਵਜਾਰਤ ਵਿਚ ਸਿੰਜਾਈ ਮੰਤਰੀ ਰਿਹਾ ਹੈ। ਇਸ ਪਰਿਵਾਰ ਦਾ ਪਿਛੋਕੜ ਦੱਸਦਾ ਹੈ ਕਿ ਉਹ ਕਦੀਂ ਵੀ ਕਿਸੇ ਵਾਦਵਿਵਾਦ ਵਿਚ ਨਹੀਂ ਪਿਆ। ਸੁਨੀਲ ਕੁਮਾਰ ਜਾਖੜ ਕੈਪਟਨ ਅਮਰਿੰਦਰ ਸਿੰਘ ਦੇ ਵੀ ਨਜ਼ਦੀਕੀਆਂ ਵਿਚੋਂ ਇੱਕ ਹੈ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਜਦੋਂ ਪਰਤਾਪ ਸਿੰਘ ਬਾਜਵਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸਨ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਪ੍ਰਧਾਨ ਬਣਾਉਣ ਲਈ ਸਭ ਤੋਂ ਵੱਧ ਵਕਾਲਤ ਸੁਨੀਲ ਕੁਮਾਰ ਜਾਖੜ ਕਰਦਾ ਰਿਹਾ ਹੈ। ਭਾਵੇਂ ਇਸ ਦੇ ਇਵਜਾਨੇ ਵਜੋਂ ਉਸਨੂੰ ਵਿਰੋਧੀ ਧਿਰ ਦੇ ਲੀਡਰ ਦਾ ਅਹੁਦਾ ਵੀ ਗੁਆਉਣਾ ਪਿਆ ਸੀ ਪ੍ਰੰਤੂ ਸੁਨੀਲ ਕੁਮਾਰ ਜਾਖੜ ਆਪਣੇ ਸਟੈਂਡ ਉਪਰ ਅੜਿਆ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੋਂ ਬਿਨਾ ਕੋਈ ਵੀ ਲੀਡਰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਜਿਤਵਾ ਨਹੀਂ ਸਕਦਾ। ਕੈਪਟਨ ਅਮਰਿੰਦਰ ਸਿੰਘ ਦੀ ਵਕਾਲਤ ਕਰਨ ਲਈ ਉਹ ਬਲੀ ਦਾ ਬਕਰਾ ਬਣਿਆਂ। ਜਦੋਂ ਪੰਜਾਬ ਵਿਚੋਂ ਰਾਜ ਸਭਾ ਦੀਆਂ 2 ਸੀਟਾਂ ਖਾਲੀ ਹੋਈਆਂ ਤਾਂ ਕਾਂਗਰਸ ਹਾਈ ਕਮਾਂਡ ਨੇ ਸੁਨੀਲ ਜਾਖੜ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਜ਼ੋਰ ਪਾਉਣ ਉਪਰ ਵੀ ਨਾਮਜਦ ਨਾ ਕੀਤਾ। ਉਸ ਸਮੇਂ ਪਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਨੂੰ ਰਾਜ ਸਭਾ ਦੇ ਮੈਂਬਰ ਬਣਾਇਆ ਗਿਆ।
ਕਾਂਗਰਸ ਪਾਰਟੀ ਵਿਚ ਦੁਫੇੜ ਪਾਉਣ ਵਾਲਿਆਂ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਕੁਮਾਰ ਜਾਖੜ ਵਿਚ ਮਤਭੇਦ ਪਾਉਣ ਦੀ ਕੋਸ਼ਿਸ਼ ਵੀ ਕੀਤੀ ਸੀ। ਪ੍ਰੰਤੂ ਹੁਣ ਇਹ ਵੀ ਸ਼ਪਸ਼ਟ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸ਼ਿਫਾਰਸ਼ ਉਪਰ ਹੀ ਕਾਂਗਰਸ ਹਾਈ ਕਮਾਂਡ ਨੇ ਉਸਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਇਆ ਹੈ। ਸ੍ਰ. ਲਾਲ ਸਿੰਘ ਵੀ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦਾ ਉਮੀਦਵਾਰ ਸੀ, ਉਹ ਇੱਕ ਵਾਰ ਪਹਿਲਾਂ ਵੀ ਚੋਣਾਂ ਸਮੇਂ ਕਾਰਜਵਾਹਕ ਪ੍ਰਧਾਨ ਰਿਹਾ ਹੈ ਅਤੇ ਪਛੜੀਆਂ ਸ਼੍ਰੇਣੀਆਂ ਵਿਚੋਂ ਹੋਣ ਕਰਕੇ ਉਹ ਪ੍ਰਧਾਨਗੀ ਦੇ ਉਮੀਦਵਾਰਾਂ ਵਿਚੋਂ ਮੁਹਰਲੀ ਕਤਾਰ ਵਿਚ ਸੀ, ਕਾਂਗਰਸ ਹਾਈ ਕਮਾਂਡ ਵਿਚ ਵੀ ਉਸਦੀ ਸੁਣੀ ਜਾਂਦੀ ਸੀ ਪ੍ਰੰਤੂ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਸਰਕਾਰ ਬਣਨ ਤੋਂ ਬਾਅਦ ਪਹਿਲਾ ਸਿਆਸੀ ਫ਼ੈਸਲਾ ਲੈਂਦਿਆਂ ਉਸਨੂੰ ਪੰਜਾਬ ਸਰਕਾਰ ਦੇ ਸਭ ਤੋਂ ਮਹੱਤਵਪੂਰਨ ਸਿਆਸੀ ਤਾਕਤ ਵਾਲੇ ਬੋਰਡ, ਮੰਡੀਕਰਨ ਬੋਰਡ ਦਾ ਚੇਅਰਮੈਨ ਬਣਾ ਕੇ ਸੰਕੇਤ ਦੇ ਦਿੱਤੇ ਸਨ ਕਿ ਉਹ ਪ੍ਰਧਾਨਗੀ ਦੀ ਦੌੜ ਵਿਚੋਂ ਬਾਹਰ ਹੋ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਪਟਿਆਲਾ ਜਿਲ੍ਹੇ ਨਾਲ ਸੰਬੰਧਤ ਹਨ, ਮੰਤਰੀ ਮੰਡਲ ਵਿਚ ਦੂਜਾ ਦਰਜਾ ਪ੍ਰਾਪਤ ਕਰਨ ਵਾਲੇ ਸ੍ਰੀ.ਬ੍ਰਹਮ ਮਹਿੰਦਰਾ ਅਤੇ ਸਾਧੂ ਸਿੰਘ ਧਰਮਸੋਤ ਵੀ ਪਟਿਆਲਾ ਜਿਲ੍ਹੇ ਵਿਚੋਂ ਹੀ ਹਨ, ਇਸ ਲਈ ਵੀ ਸ੍ਰ.ਲਾਲ ਸਿੰਘ ਦਾ ਪ੍ਰਧਾਨ ਬਣਨਾ ਸੰਭਵ ਨਹੀਂ ਸੀ। ਕਾਂਗਰਸ ਪਾਰਟੀ ਦਾ ਵੋਟ ਬੈਂਕ ਹਿੰਦੂ ਸਮੁਦਾਏ ਹੈ, ਇਸ ਲਈ ਪੰਜਾਬ ਮੰਤਰੀ ਮੰਡਲ ਵਿਚ ਵੀ ਮੁੱਖ ਮੰਤਰੀ ਤੋਂ ਬਾਅਦ ਦੂਜੇ ਨੰਬਰ ਉਪਰ ਸ੍ਰੀ ਬ੍ਰਹਮ ਮਹਿੰਦਰਾ ਇੱਕ ਖੱਤਰੀ ਹਿੰਦੂ ਨੂੰ ਹੀ ਰੱਖਿਆ ਗਿਆ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਵੀ ਹਿੰਦੂ ਨੇਤਾ ਹੀ ਬਣਨਾ ਸੀ ਪ੍ਰੰਤੂ ਪੰਜਾਬ ਵਿਚ ਇਸ ਸਮੇਂ ਬਾਕੀ ਨੇਤਾਵਾਂ ਵਿਚੋਂ ਵੱਡੇ ਸਿਆਸੀ ਕੱਦ ਵਾਲਾ ਹਿੰਦੂ ਨੇਤਾ ਕੋਈ ਹੋਰ ਅਜਿਹਾ ਨਹੀਂ ਸੀ, ਜਿਹੜਾ ਕੈਪਟਨ ਅਮਰਿੰਦਰ ਸਿੰਘ ਦਾ ਵਿਸ਼ਵਾਸ਼ ਪਾਤਰ ਹੋਵੇ।
ਪੰਜਾਬ ਸਰਕਾਰ ਨੂੰ ਵਿਰਾਸਤ ਵਿਚ ਖਾਲੀ ਖ਼ਜਾਨਾ ਮਿਲਿਆ ਹੀ ਨਹੀਂ ਸਗੋਂ 1 ਲੱਖ 82 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਵੀ ਦਾਜ ਵਿਚ ਮਿਲਿਆ ਹੈ। ਇਸ ਲਈ ਅਜਿਹੇ ਮੁਸ਼ਕਲ ਦੇ ਸਮੇਂ ਵਿਚ ਮੁੱਖ ਮੰਤਰੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਦੀ ਸੁਰ ਆਪਸ ਵਿਚ ਮਿਲਦੀ ਹੋਣੀ ਜ਼ਰੂਰੀ ਹੈ ਕਿਉਂਕਿ ਪੰਜਾਬ ਕਾਂਗਰਸ ਨੇ ਆਪਣੇ ਚੋਣ ਮਨੋਰਥ ਪੱਤਰ ਵਿਚ ਜਿਹੜੇ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਮੁੱਖ ਮੰਤਰੀ ਤੋਂ ਲਾਗੂ ਕਰਵਾਉਣ ਵਿਚ ਪ੍ਰਧਾਨ ਦਾ ਮੁੱਖ ਮੰਤਰੀ ਦੇ ਭਰੋਸੇ ਦਾ ਵਿਅਕਤੀ ਹੋਣਾ ਅਤਿਅੰਤ ਜ਼ਰੂਰੀ ਸੀ। ਸੁਨੀਲ ਕੁਮਾਰ ਜਾਖੜ ਦੇ ਪ੍ਰਧਾਨ ਬਣਨ ਦਾ ਕਾਂਗਰਸ ਪਾਰਟੀ ਦੇ ਸਾਰੇ ਧੜਿਆਂ ਨੇ ਸਵਾਗਤ ਕੀਤਾ ਹੈ। ਸੁਨੀਲ ਕੁਮਾਰ ਜਾਖੜ ਦਾ ਫਰਜ ਵੀ ਬਣਦਾ ਹੈ ਕਿ ਉਹ ਮੁੱਖ ਮੰਤਰੀ ਦੇ ਸਹਿਯੋਗ ਨਾਲ ਪੰਜਾਬ ਕਾਂਗਰਸ ਦੇ ਨੇਤਾਵਾਂ ਅਤੇ ਵਰਕਰਾਂ ਨੂੰ ਪੂਰਾ ਬਣਦਾ ਮਾਣ ਸਨਮਾਨ ਦਿਵਾਵੇ ਅਤੇ ਸਰਕਾਰ ਅਤੇ ਕਾਂਗਰਸ ਪਾਰਟੀ ਦੇ ਵਰਕਰਾਂ ਵਿਚਕਾਰ ਕੜੀ ਦਾ ਕੰਮ ਕਰੇ। ਮੁੱਖ ਮੰਤਰੀ ਨੇ ਚੋਣਾ ਤੋਂ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਕਿਸੇ ਵਿਧਾਨਕਾਰ ਨੂੰ ਬੋਰਡਾਂ ਅਤੇ ਕਾਰਪੋਰੇਸ਼ਨਾ ਦਾ ਚੇਅਰਮੈਨ ਨਹੀਂ ਬਣਾਇਆ ਜਾਵੇਗਾ, ਇਸ ਕਰਕੇ ਕਾਂਗਰਸੀ ਨੇਤਾਵਾਂ ਦੀਆਂ ਇਛਾਵਾਂ ਵੀ ਵੱਧ ਗਈਆਂ ਹਨ। ਅਜਿਹੇ ਮੌਕੇ ਮੁੱਖ ਮੰਤਰੀ ਅਤੇ ਕਾਂਗਰਸ ਪ੍ਰਧਾਨ ਦਾ ਆਪਸ ਵਿਚ ਸਹਿਮਤੀ ਨਾਲ ਚੇਅਰਮੈਨਾਂ ਦੀ ਚੋਣ ਕਰਨ ਲਈ ਬਹੁਤ ਜ਼ਰੂਰੀ ਹੈ।
ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਹਾਈ ਕਮਾਂਡ ਖਾਸ ਤੌਰ ਤੇ ਰਾਹੁਲ ਗਾਂਧੀ ਵਿਚ ਇਸ ਸਮੇਂ ਤਾਲਮੇਲ ਸਹੀ ਤਰੀਕੇ ਨਾਲ ਚਲ ਰਿਹਾ ਹੈ ਕਿਉਂਕਿ ਰਾਹੁਲ ਗਾਂਧੀ ਨੂੰ ਵੀ ਸਮਝ ਆ ਗਈ ਹੈ ਕਿ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਮੁਕਾਬਲੇ ਦਾ ਕੋਈ ਸਿਆਸੀ ਕੱਦ ਕਾਠ ਵਾਲਾ ਨੇਤਾ ਮੌਜੂਦ ਨਹੀਂ ਹੈ। ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ 2019 ਵਿਚ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਨੂੰ ਮੁੱਖ ਰੱਖਕੇ ਹਿੰਦੂਆਂ ਦੀ ਵੋਟਾਂ ਵਟੋਰਨ ਲਈ ਪੰਜਾਬ ਵਿਚ 4 ਹਿੰਦੂ ਨੇਤਾਵਾਂ ਨੂੰ ਅਹਿਮ ਅਹੁਦੇ ਦਿੱਤੇ ਗਏ ਹਨ। ਉਨ੍ਹਾਂ ਵਿਚ ਰਾਣਾ ਕੰਵਰਪਾਲ ਸਿੰਘ ਸਪੀਕਰ ਪੰਜਾਬ ਵਿਧਾਨ ਸਭਾ, ਬ੍ਰਹਮ ਮਹਿੰਦਰਾ ਸਿਹਤ ਮੰਤਰੀ ਸੈਕਿੰਡ ਇਨ ਕਮਾਂਡ, ਸੁਨੀਲ ਕੁਮਾਰ ਜਾਖੜ ਅਤੇ ਅਨੁਸੂਚਿਤ ਜਾਤੀਆਂ ਵਿਚੋਂ ਅਰੁਣਾ ਚੌਧਰੀ ਸ਼ਾਮਲ ਹਨ। ਰਾਹੁਲ ਗਾਂਧੀ ਹੁਣ ਜਲਦੀ ਕੀਤਿਆਂ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਵਿਰੋਧੀਆਂ ਦੀਆਂ ਚਾਲਾਂ ਵਿਚ ਆਉਣ ਵਾਲਾ ਨਹੀਂ। ਕਾਂਗਰਸ ਹਾਈ ਕਮਾਂਡ ਨੇ ਪੰਜਾਬ ਵਿਚ ਟਕਰਾਓ ਵਾਲੀ ਸਿਆਸਤ ਤੋਂ ਵੀ ਤੋਬਾ ਕਰ ਲਈ ਲੱਗਦੀ ਹੈ ਕਿਉਂਕਿ 2002-2007 ਵਿਚਲੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿਚ ਸ਼ਮਸ਼ੇਰ ਸਿੰਘ ਦੂਲੋ ਅਤੇ ਕੈਪਟਨ ਅਮਰਿੰਦਰ ਸਿੰਘ ਵਿਚ ਸਦਭਾਵਨਾ ਵਾਲਾ ਮਾਹੌਲ ਨਾ ਹੋਣ ਕਰਕੇ ਨਤੀਜੇ ਸਾਰਥਿਕ ਨਹੀਂ ਨਿਕਲੇ ਸਨ। ਇਸ ਲਈ ਇਸ ਵਾਰ ਕੇਂਦਰੀ ਕਾਂਗਰਸ ਪਾਰਟੀ ਪੰਜਾਬ ਵਿਚ ਅਜਿਹਾ ਮਾਹੌਲ ਨਹੀਂ ਪੈਦਾ ਕਰਨਾ ਚਾਹੁੰਦੀ ਸੀ ਜਿਸ ਵਿਚ ਕਾਂਗਰਸ ਦੇ ਧੜਿਆਂ ਵਿਚ ਬਦਮਗਜ਼ੀ ਹੋਵੇ। ਇਉਂ ਲੱਗਦਾ ਹੈ ਕਾਂਗਰਸ ਪਾਰਟੀ ਨੇ ਆਪਣੀ ਨੀਤੀ ਵਿਚ ਤਬਦੀਲੀ ਲੈ ਆਂਦੀ ਹੈ। ਇਸ ਤੋਂ ਪਹਿਲਾਂ ਤਾਂ ਪ੍ਰਧਾਨ ਬਣਾਉਣ ਦਾ ਸਿਲਸਿਲਾ ਸਾਲਾਂ ਬੱਧੀ ਚਲਦਾ ਰਹਿੰਦਾ ਸੀ। ਇਸ ਵਾਰੀ ਤਾਂ 17 ਮਾਰਚ 2017 ਨੂੰ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਭਾਗ ਸੰਭਾਲਿਆ ਹੈ ਅਤੇ 1 ਮਹੀਨੇ ਵਿਚ ਹੀ ਨਵਾਂ ਪ੍ਰਧਾਨ ਬਣਾ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਵੀ ਸੁਨੀਲ ਜਾਖੜ ਦਾ ਇਵਜਾਨਾ ਮੋੜਕੇ ਯਾਰੀ ਪੁਗਾ ਦਿੱਤੀ ਹੈ। ਇੱਕ ਵਿਅਕਤੀ ਇੱਕ ਅਹੁਦੇ ਵਾਲਾ ਫਾਰਮੂਲਾ ਪੰਜਾਬ ਵਿਚ ਕਾਂਗਰਸੀਆਂ ਲਈ ਵਰਦਾਨ ਸਾਬਤ ਹੋਵੇਗਾ ਕਿਉਂਕਿ ਹੋਰ ਨੇਤਾਵਾਂ ਨੂੰ ਵੀ ਸਰਕਾਰ ਵਿਚ ਕੰਮ ਕਰਨ ਦਾ ਮੌਕਾ ਮਿਲੇਗਾ।
ਸੁਨੀਲ ਕੁਮਾਰ ਜਾਖੜ ਸੁਲਝਿਆ ਹੋਇਆ ਸਿਆਣਾ ਤਜਰਬੇਕਾਰ ਸਿਆਸਤਦਾਨ ਹੈ ਜਿਸਨੂੰ ਸਿਆਸਤ ਦੀ ਗੁੜ੍ਹਤੀ ਆਪਣੇ ਪਿਤਾ ਤੋਂ ਵਿਰਸੇ ਵਿਚ ਮਿਲੀ ਹੈ। ਉਹ 3 ਵਾਰ ਪੰਜਾਬ ਵਿਧਾਨ ਸਭਾ ਦਾ ਮੈਂਬਰ ਰਿਹਾ ਹੈ। ਸਭ ਤੋਂ ਪਹਿਲਾ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਮੂਹਰੇ ਗੁਰਦਾਸਪੁਰ ਲੋਕ ਸਭਾ ਦੀ ਉਪ ਚੋਣ ਜਿੱਤਣ ਦੀ ਵੰਗਾਰ ਹੋਵੇਗੀ ਜਿਸ ਲਈ ਉਨ੍ਹਾਂ ਨੂੰ ਸਿਰਤੋੜ ਯਤਨ ਕਰਨੇ ਪੈਣਗੇ। ਇਸ ਤੋਂ ਬਾਅਦ ਨਗਰ ਪਾਲਿਕਾਵਾਂ ਅਤੇ ਨਗਰ ਨਿਗਮਾਂ ਦੀਆਂ ਚੋਣਾ ਵੀ ਇਮਤਿਹਾਨ ਦੀ ਘੜੀ ਲੈ ਕੇ ਆ ਰਹੀਆਂ ਹਨ। ਪੰਜਾਬ ਕਾਂਗਰਸ ਦੇ ਸਾਰੇ ਧੜਿਆਂ ਨੂੰ ਨਾਲ ਲੈ ਕੇ ਚਲਣਾ ਵੀ ਸੁਨੀਲ ਜਾਖੜ ਲਈ ਚੁਣੌਤੀ ਹੋਵੇਗੀ ਕਿਉਂਕਿ ਰਾਜਿੰਦਰ ਕੌਰ ਭੱਠਲ ਵਰਗੀ ਦਿਗਜ਼ ਨੇਤਾ ਵੀ ਹਾਰਨ ਕਰਕੇ ਚੁਪ ਕਰਕੇ ਬੈਠਣ ਵਾਲੀ ਨਹੀਂ।