ਨਵੀਂ ਦਿੱਲੀ : ਬੀਰ ਖਾਲਸਾ ਦਲ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ ’ਚ ਦਿੱਲੀ ਦੀ ਸੰਗਤ ਵੱਲੋਂ ਮੁੜ੍ਹ ਤੋਂ ਪ੍ਰਧਾਨ ਥਾਪੇ ਗਏ ‘‘ਸਰਦਾਰ-ਏ-ਆਜ਼ਮ’’ ਮਨਜੀਤ ਸਿੰਘ ਜੀ.ਕੇ. ਦਾ ਵਿਸ਼ੇਸ਼ ਸਨਮਾਨ ਕੀਰਤੀ ਨਗਰ ਵਿੱਖੇ ਹੋਏ ਸਮਾਗਮ ਦੌਰਾਨ ਕੀਤਾ ਗਿਆ। ਦਲ ਦੇ ਸਰਪ੍ਰਸਤ ਸੁਰਿੰਦਰ ਸਿੰਘ ਬਿੱਲਾ ਨੇ ਜੀ.ਕੇ. ਨੂੰ ਸ਼ਾਲ, ਸ੍ਰੀ ਸਾਹਿਬ ਅਤੇ ਫੁੱਲਾਂ ਦਾ ਸਿਹਰਾ ਭੇਟ ਕਰਕੇ ਸਨਮਾਨਿਤ ਕੀਤਾ। ਇਥੇ ਇਹ ਦੱਸ ਦੇਈਏ ਕਿ ਨਿਸ਼ਕਾਮ ਪੰਥਕ ਸੇਵਾ ਕਰਨ ਲਈ ਉਕਤ ਜਥੇ ਦੀ ਸਥਾਪਨਾ ਸੱਚਖੰਡ ਵਾਸੀ ਜਥੇਦਾਰ ਸੰਤੋਖ ਸਿੰਘ ਵੱਲੋਂ ਕੀਤੀ ਗਈ ਸੀ। ਨਾਲ ਹੀ ਬੀਤੇ ਦਿਨੀਂ ਪੰਥ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਇਆ ਜਥੇ ਵੱਲੋਂ ਜੀ.ਕੇ. ਨੂੰ ‘‘ਸਰਦਾਰ-ਏ-ਆਜ਼ਮ’’ ਅਵਾਰਡ ਦੇ ਕੇ ਵੀ ਨਿਵਾਜਿਆ ਗਿਆ ਸੀ।
ਜੀ.ਕੇ. ਨੇ ਦਿੱਲੀ ਦੇ ਸੇਵਕ ਜਥਿਆਂ ’ਚ ਬੀਰ ਖਾਲਸਾ ਦਲ ਦੀ ਖ਼ਾਸ ਅਹਿਮੀਅਤ ਹੋਣ ਦੀ ਗੱਲ ਕਰਦੇ ਹੋਏ ਜਥੇ ਦੇ ਮੈਂਬਰਾਂ ਨੂੰ ਗੁਰਮਤਿ ਦੀਆਂ ਕਲਾਸਾਂ ਲਗਾਉਣ ਦੀ ਪ੍ਰੇਰਣਾ ਕੀਤੀ। ਦਿੱਲੀ ਕਮੇਟੀ ਵੱਲੋਂ ਜਥੇ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੰਦੇ ਹੋਏ ਜੀ.ਕੇ. ਨੇ ਬੱਚਿਆਂ ਲਈ ਕਿਤਾਬੀ ਗਿਆਨ ਦੇ ਨਾਲ ਹੀ ਗੁਰਮਤਿ ਗਿਆਨ ਨੂੰ ਜਰੂਰੀ ਦੱਸਿਆ। ਜੀ.ਕੇ. ਨੇ ਜੋਰ ਦੇ ਕੇ ਕਿਹਾ ਕਿ ਜੇਕਰ ਬੱਚੇ ਵਿਚ ਧਾਰਮਿਕ ਗੁਣਾਂ ਦਾ ਸੰਚਾਰ ਹੋਵੇਗਾ ਤਾਂ ਬੱਚਾ ਗਲਤ ਕੰਮਾਂ ਜਾਂ ਮਾੜ੍ਹੀ ਸੰਗਤ ਦਾ ਸ਼ਿਕਾਰ ਨਹੀਂ ਹੋਵੇਗਾ। ਸਾਹਿਬਜਾਦਿਆਂ ਦੀ ਸ਼ਹਾਦਤਾਂ ਦੇ ਸਫ਼ਰ ਨਾਲ ਨੌਜਵਾਨਾਂ ਨੂੰ ਜੋੜਨ ਲਈ ਜੀ.ਕੇ. ਨੇ ਗੁਰਮਤਿ ਪ੍ਰਚਾਰ ਨੂੰ ਜਰੂਰੀ ਦੱਸਿਆ।
ਇਸ ਮੌਕੇ ਢਾਡੀ ਹਰਭਜਨ ਸਿੰਘ ਨੇ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਗੁਰਮਤਿ ਨਾਲ ਜੋੜਿਆ। ਨਵੇਂ ਚੁਣੇ ਕਮੇਟੀ ਮੈਂਬਰਾਂ ਪਰਮਜੀਤ ਸਿੰਘ ਰਾਣਾ, ਪਰਮਜੀਤ ਸਿੰਘ ਚੰਢੋਕ, ਮਨਮੋਹਨ ਸਿੰਘ ਵਿਕਾਸਪੁਰੀ ਅਤੇ ਰਮਿੰਦਰ ਸਿੰਘ ਨੂੰ ਵੀ ਜਥੇ ਵੱਲੋਂ ਸਨਮਾਨਿਤ ਕੀਤਾ ਗਿਆ। ਅਕਾਲੀ ਆਗੂ ਤਨਵੰਤ ਸਿੰਘ ਅਤੇ ਜਥੇ ਦੇ ਪ੍ਰਮੁੱਖ ਮੈਂਬਰਾਂ ਦੇ ਤੌਰ ਤੇ ਦਿਲਬਾਗ ਸਿੰਘ, ਵਰਿੰਦਰ ਸਿੰਘ, ਜੋਗਿੰਦਰ ਸਿੰਘ, ਜਸਵੰਤ ਸਿੰਘ, ਜਤਿੰਦਰ ਸਿੰਘ ਵਿਰਕ, ਅਵਨੀਤ ਸਿੰਘ ਰਾਇਸਨ, ਹਰਅੰਗਦ ਸਿੰਘ ਗੁਜਰਾਲ, ਹਰਮੀਤ ਸਿੰਘ ਜੌਲੀ, ਜੋਤ ਆਨੰਦ ਤੇ ਪੈਰੀ ਸਿੰਘ ਆਦਿਕ ਇਸ ਮੌਕੇ ਮੌਜੂਦ ਸਨ।