ਨਵੀਂ ਦਿੱਲੀ : ਮੱਧਪ੍ਰਦੇਸ਼ ’ਚ ਸਿਕਲੀਘਰ ਭਾਈਚਾਰੇ ’ਤੇ ਸਰਕਾਰ ਵੱਲੋਂ ਤਸ਼ੱਦਦ ਕੀਤੇ ਜਾਣ ਦੀਆਂ ਕਈ ਦਿਨਾਂ ਤੋਂ ਆ ਰਹੀਆਂ ਖ਼ਬਰਾਂ ਦਾ ਸਾਰ ਲੈਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲਕਦਮੀ ਸ਼ੁਰੂ ਕੀਤੀ ਗਈ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਅੱਜ ਗੁਰਦੁਆਰਾ ਸੀ੍ਰ ਗੁਰੂ ਸਿੰਘ ਸਭਾ, ਇੰਦੌਰ ਵਿਖੇ ‘‘ਸਿਕਲੀਘਰ ਮਹਾਪੰਚਾਇਤ’’ ਨੂੰ ਸੰਬੋਧਿਤ ਕਰਦੇ ਹੋਏ ਜਿਥੇ ਦੇਸ਼ ਅਤੇ ਕੌਮ ਲਈ ਸਿੱਖਾਂ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਦਾ ਹਵਾਲਾ ਦਿੱਤਾ ਉਥੇ ਹੀ ਮੱਧਪ੍ਰਦੇਸ਼ ਸਰਕਾਰ ਨੂੰ ਸਿਕਲੀਘਰ ਭਾਈਚਾਰੇ ਨਾਲ ਟੱਕਰਾਵ ਨਾ ਲੈਣ ਦੀ ਵੀ ਚੇਤਾਵਨੀ ਦਿੱਤੀ।
ਜੀ. ਕੇ. ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸ਼ਤੀ ਹੇਠ ਪੂਰੀ ਕੌਮ ਦੇ ਭਾਈਚਾਰੇ ਨਾਲ ਖੜੇ ਹੋਣ ਦਾ ਭਰੋਸਾ ਦਿੰਦੇ ਹੋਏ ਸਿਕਲੀਘਰ, ਵਣਜਾਰਾ, ਲੁਬਾਣਾ, ਬਾਜੀਗਰ, ਸਿੰਧੀ ਅਤੇ ਰੰਗਰੇਟੇ ਸਮਾਜ ਨੂੰ ਸਿੱਖ ਧਰਮ ਦਾ ਹਿੱਸਾ ਦੱਸਿਆ। ਸਰਕਾਰ ਨੂੰ ਬੇਗੁਨਾਹ ਸਿੱਖਾਂ ਦੇ ਖਿਲਾਫ਼ ਕਾਰਵਾਈ ਨਾ ਕਰਨ ਦੀ ਚੇਤਾਵਨੀ ਦਿੰਦੇ ਹੋਏ ਜੀ. ਕੇ. ਨੇ ਕਿਹਾ ਕਿ ਮੁੱਗਲਾਂ, ਅੰਗਰੇਜ਼ਾ ਅਤੇ ਇੰਦਰਾਂ ਗਾਂਧੀ ਨੇ ਵੀ ਸਿੱਖਾਂ ਨੂੰ ਮਾਰ ਮੁਕਾਉਣ ਦੀ ਬੜੀ ਕੋਸ਼ਿਸ਼ਾਂ ਕੀਤੀਆਂ ਸਨ। ਸਰਕਾਰਾਂ ਨੇ ਸਿੱਖਾਂ ’ਤੇ ਮਿੱਟੀ ਪਾ ਕੇ ਜਿਨ੍ਹਾਂ ਦਬਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਅਸੀਂ ਧਰਤੀ ਵਿਚੋਂ ਬੀਜ ਵਾਂਗ ਪੁੰਗਰ ਕੇ ਮੁੜ੍ਹ ਸਰਕਾਰਾਂ ਦੇ ਸਾਹਮਣੇ ਡੱਟ ਕੇ ਖੜੇ ਹੋਏ। ਦਿੱਲੀ ਵਿਚ 1984 ਕਤਲੇਆਮ ਦੌਰਾਨ 5000 ਸਿੱਖ ਮਾਰਿਆ ਗਿਆ ਪਰ ਅਸੀਂ ਮੈਦਾਨ ਤੋਂ ਭੱਜਣ ਦੀ ਥਾਂ ਟਾਈਟਲਰ ਅਤੇ ਸੱਜਣ ਦੀ ਗਿੱਚੀ ਨੂੰ ਅੱਜੇ ਵੀ ਕਾਨੂੰਨੀ ਤੌਰ ’ਤੇ ਹੱਥ ਪਾ ਕੇ ਰੱਖਿਆ ਹੋਇਆ ਹੈ।
ਸਰਕਾਰੀ ਤਸ਼ੱਦਦ ਕਰਕੇ ਸਿੱਖ ਧਰਮ ਛੱਡਣ ਦੀਆਂ ਆਈਆਂ ਖ਼ਬਰਾਂ ਨੂੰ ਮੰਦਭਾਗਾ ਦੱਸਦੇ ਹੋਏ ਜੀ. ਕੇ. ਨੇ ਸਾਫ ਕਿਹਾ ਕਿ ਜੇਕਰ ਸਾਡੇ ਕਿਸੇ ਭਰਾ ਨੇ ਕੋਈ ਅਪਰਾਧ ਕੀਤਾ ਹੈ ਤਾਂ ਉਸਨੂੰ ਸਜ਼ਾ ਜਰੂਰ ਮਿਲੇ ਪਰ ਉਸਦੀ ਆੜ ਵਿਚ ਬਾਕੀਆਂ ਨੂੰ ਸਰਕਾਰ ਵੱਲੋਂ ਪਰੇਸ਼ਾਨ ਨਾ ਕੀਤਾ ਜਾਵੇ। ਸਿੱਖ ਹਮੇਸ਼ਾ ਸੱਚ ਅਤੇ ਹੱਕ ਦੇ ਲਈ ਖੜਾ ਹੁੰਦਾ ਰਿਹਾ ਹੈ। ਇਸ ਕਰਕੇ ਕੋਈ ਸਰਕਾਰ ਸਾਨੂੰ ਧਰਮ ਤੋਂ ਜੁਦਾ ਨਹੀਂ ਕਰ ਸਕਦੀ। ਮੱਧਪ੍ਰਦੇਸ਼ ’ਚ ਸਰਕਾਰੀ ਤਸ਼ੱਦਦ ਨਾ ਰੁਕਣ ਤੇ ਜੀ. ਕੇ. ਨੇ ਦਿੱਲੀ ਵਿੱਖੇ ਮਾਨਸੂਨ ਸੈਸ਼ਨ ਦੌਰਾਨ ਸੰਸਦ ਭਵਨ ਦੇ ਸਾਹਮਣੇ ਸਿੱਖਾਂ ਦੀ ਮਹਾਪੰਚਾਇਤ ਸੱਦਣ ਦੀ ਚੇਤਾਵਨੀ ਦਿੱਤੀ। ਮਾਮਲੇ ਦੇ ਹੱਲ ਲਈ ਮੱਧਪ੍ਰਦੇਸ਼ ਦੇ ਮੁੱਖਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਦਾ ਸਮਾਂ ਮੰਗਣ ਦੀ ਵੀ ਜੀ. ਕੇ. ਨੇ ਗੱਲ ਆਖੀ।
ਜੀ. ਕੇ. ਨੇ ਮੱਧਪ੍ਰਦੇਸ਼ ’ਚ 13 ਲੱਖ ਸਿੱਖ ਆਬਾਦੀ ਹੋਣ ਦਾ ਦਾਅਵਾ ਕਰਦੇ ਹੋਏ ਅਗਲੀ ਵਿਧਾਨਸਭਾ ਚੋਣਾਂ ’ਚ ਸਾਰੇ ਸਿੱਖਾਂ ਨੂੰ ਆਮ ਰਾਇ ਤਹਿਤ ਵੋਟ ਪਾਉਣ ਦਾ ਸੁਝਾਵ ਵੀ ਦਿੱਤਾ ਕਿਉਂਕਿ ਇਕ ਪਾਸੇ ਪਿਆ 13 ਲੱਖ ਵੋਟ ਕਿਸੇ ਵੀ ਸਰਕਾਰ ਨੂੰ ਬਣਾਉਣ ਜਾਂ ਡੇਗਣ ਦੀ ਤਾਕਤ ਰੱਖਦਾ ਹੈ। ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਪਰਮਜੀਤ ਸਿੰਘ ਰਾਣਾ ਵੀ ਇਸ ਮੌਕੇ ਮੌਜੂਦ ਸਨ। ਸਰਕਾਰ ਨਾਲ ਟੱਕਰਾਅ ਦੇ ਕਰਕੇ ਅੱਜ ਦੀ ਮਹਾਪੰਚਾਇਤ ਨੂੰ ਮੱਧਪ੍ਰਦੇਸ਼ ਪ੍ਰਸ਼ਾਸਨ ਨੂੰ ਕੌਮ ਦੀ ਇੱਕਜੁਟਤਾ ਦੇ ਰੂਪ ਵਿਚ ਪ੍ਰਦਰਸ਼ਿਤ ਕਰਨ ਦੀ ਕੜੀ ਦੇ ਤੌਰ ਤੇ ਦੇਖਿਆ ਜਾ ਰਿਹਾ ਸੀ। ਦਿੱਲੀ ਕਮੇਟੀ ਤੇ ਸ਼੍ਰੋਮਣੀ ਕਮੇਟੀ ਦੇ ਨੁਮਾਇੰਦੇ ਅਤੇ ਮੱਧਪ੍ਰਦੇਸ਼ ਸਰਕਾਰ ਦੇ ਮੰਤਰੀ ਦੇ ਨਾਲ ਹੀ ਸਮਾਜਵਾਦੀ ਪਾਰਟੀ ਤੋਂ ਬਲਵੰਤ ਸਿੰਘ ਰਾਮੂਵਾਲੀਆ ਨੇ ਵੀ ਭਰਵੇਂ ਇਕੱਠ ਨੂੰ ਸੰਬੋਧਿਤ ਕੀਤਾ।
ਪਿਛੋਕੜ: ਦਰਅਸਲ ਮੱਧਪ੍ਰਦੇਸ਼ ’ਚ ਵੱਡੀ ਗਿਣਤੀ ’ਚ ਰਹਿੰਦੇ ਸਿਕਲੀਘਰ ਸਮਾਜ ਵੱਲੋਂ ਲੋਹੇ ਦੀ ਢਲਾਈ ਦਾ ਕਾਰਜ ਕਰਕੇ ਕਈ ਚੀਜਾਂ ਬਣਾਈਆਂ ਜਾਂਦੀਆਂ ਹਨ ਪਰ ਬੀਤੇ ਦਿਨਾਂ ’ਚ ਪੁਲਿਸ ਪ੍ਰਸ਼ਾਸਨ ਨੇ ਜਿਲਾ ਬਹਿਰਾਮਪੁਰ ’ਚ ਰਹਿੰਦੇ ਭਾਈਚਾਰੇ ਦੇ ਲੋਕਾਂ ’ਤੇ ਨਕਸ਼ਲਬਾੜੀਆਂ ਨੂੰ ਹਥਿਆਰ ਸਪਲਾਈ ਕਰਨ ਦੇ ਦੋਸ਼ ਤਹਿਤ ਕਾਰਵਾਈ ਕਰਦੇ ਹੋਏ ਪਿੰਡਾਂ ਤੋਂ ਸਮੂਹ ਨੌਜਵਾਨਾਂ ਨੂੰ ਚੁੱਕ ਕੇ ਜੇਲ੍ਹਾਂ ਵਿਚ ਸੁੱਟ ਦਿੱਤਾ ਸੀ। ਜਿਸ ਕਰਕੇ ਪ੍ਰਸ਼ਾਸਨ ’ਤੇ ਘਟਗਿਣਤੀ ਭਾਈਚਾਰੇ ਦੇ ਨੁਮਾਇੰਦੇ ਹੋਣ ਕਰਕੇ ਸਿਕਲੀਘਰ ਸਿੱਖਾਂ ਦੀ ਪਰੇਸ਼ਾਨੀਆਂ ਨੂੰ ਦੂਰ ਨਾ ਕਰਨ ਦੇ ਵੀ ਭਾਈਚਾਰੇ ਨੇ ਆਗੂਆਂ ਵੱਲੋਂ ਦੋਸ਼ ਲਗਾਏ ਗਏ ਸਨ। ਪੁਲਿਸ ਤਸ਼ੱਦਦ ਤੋਂ ਦੁੱਖੀ ਹੋ ਕੇ ਇੱਕ ਪਿੰਡ ਦੇ 150 ਪਰਿਵਾਰਾਂ ਵੱਲੋਂ ਸਿੱਖੀ ਤਿਆਗਣ ਦੀ ਖ਼ਬਰ ਵੀ ਸੁਰਖੀਆਂ ਬਣੀ ਸੀ। ਹਾਲਾਂਕਿ ਬਾਅਦ ’ਚ ਸਿੱਖਾਂ ਵੱਲੋਂ ਸਮਝਾਉਣ ’ਤੇ ਉਕਤ ਪਰਿਵਾਰਾਂ ਨੇ ਯੂ-ਟਰਨ ਲੈ ਲਿਆ ਸੀ।