ਨਵੀਂ ਦਿੱਲੀ – ਮੋਦੀ ਸਰਕਾਰ ਧੜੱਲੇਦਾਰ ਨੇਤਾ ਲਾਲੂ ਪ੍ਰਸਾਦ ਯਾਦਵ ਨੂੰ ਦਬਾਉਣ ਲਈ ਹਰ ਤਰ੍ਹਾਂ ਦੇ ਹੱਥਕੰਡੇ ਵਰਤ ਰਹੀ ਹੈ। ਇਸੇ ਕੜੀ ਦੇ ਅਧੀਨ ਟੈਕਸ ਵਿਭਾਗ ਨੇ ਲਾਲੂ ਪ੍ਰਸਾਦ ਯਾਦਵ ਅਤੇ ਉਨ੍ਹਾਂ ਦੇ ਪੁੱਤਰਾਂ ਦੇ ਦਿੱਲੀ-ਐਨਸੀਆਰ ਵਿੱਚ ਮੌਜੂਦ 22 ਟਿਕਾਣਿਆਂ ਤੇ ਛਾਪੇਮਾਰੀ ਕੀਤੀ ਹੈ। ਇਹ ਛਾਪੇ ਇਨਕਮ ਟੈਕਸ ਵਿਭਾਗ ਵੱਲੋਂ ਲਾਲੂ ਪ੍ਰਸਾਦ ਯਾਦਵ ਤੇ ਬੇਨਾਮੀ ਸੰਪਤੀ ਦੇ ਸ਼ੱਕ ਦੇ ਸਬੰਧ ਵਿੱਚ ਮਾਰੇ ਗਏ ਹਨ। ਉਨ੍ਹਾਂ ਦੇ ਜਵਾਈ ਤੱਕ ਨੂੰ ਵੀ ਨਹੀਂ ਬਖਸਿ਼ਆ ਗਿਆ।
ਰਾਜਦ ਮੁੱਖੀ ਲਾਲੂ ਪ੍ਰਸਾਦ ਯਾਦਵ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੂੰ ਨਵੇਂ ਗਠਬੰਧਨ ਦੇ ਸਾਥੀ ਮੁਬਾਰਕ ਹੋਣ। ਲਾਲੂ ਝੂਕਣ ਅਤੇ ਡਰਨ ਵਾਲਾ ਨਹੀਂ ਹੈ। ਜਦੋਂ ਤੱਕ ਆਖਰੀ ਸਾਹ ਹੈ, ਮੈਂ ਫਾਸੀਵਾਦ ਦੇ ਖਿਲਾਫ਼ ਲੜਦਾ ਰਹਾਂਗਾ। ਉਨ੍ਹਾਂ ਨੇ ਕਿਹਾ ਕਿ ਬੀਜੇਪੀ ਦੇ ਫਾਸੀ ਅਤੇ ਘਮੰਡੀ ਲੀਡਰੋ ਸਾਵਧਾਨ ਹੋ ਜਾਵੋ, ਲਾਲੂ ਨੂੰ ਧਮਕਾਉਣ ਤੋਂ ਪਹਿਲਾਂ ਸ਼ੀਸ਼ੇ ਵਿੱਚ ਵੇਖੋ, ਬਿਹਾਰ ਵਿੱਚ ਲੱਖਾਂ ਲਾਲੂ ਮੌਜੂਦ ਹਨ।
ਬੀਜੇਪੀ ਦੀ ਇਸ ਜਲੀਲ ਹਰਕਤ ਤੇ ਲਾਲੂ ਪ੍ਰਸਾਦ ਯਾਦਵ ਨੇ ਭਾਜਪਾ ਨੂੰ ਲਲਕਾਰਦੇ ਹੋਏ ਕਿਹਾ, ‘ ਅਰੇ ਪੜ੍ਹੇ-ਲਿਖੇ ਅਨਪੜ੍ਹੋ, ਇਹ ਤਾਂ ਦੱਸੋ ਕਿਹੜੇ 22 ਟਿਕਾਣਿਆਂ ਤੇ ਛਾਪੇਮਾਰੀ ਹੋਈ। ਬੀਜੇਪੀ ਸਮਰਥਿਤ ਮੀਡੀਆ ਅਤੇ ਉਸ ਦੇ ਸਹਿਯੋਗੀ ਸਰਕਾਰੀ ਤੋਤਿਆਂ ਤੋਂ ਲਾਲੂ ਨਹੀਂ ਡਰਦਾ। ਬੀਜੇਪੀ ਵਿੱਚ ਹਿੰਮਤ ਨਹੀਂ ਕਿ ਉਹ ਲਾਲੂ ਦੀ ਆਵਾਜ਼ ਦਬਾ ਸਕੇ। ਲਾਲੂ ਦੀ ਆਵਾਜ਼ ਦਬਾਉਣਗੇ ਤਾਂ ਦੇਸ਼ਭਰ ਵਿੱਚ ਕਰੋੜਾਂ ਲਾਲੂ ਖੜ੍ਹੇ ਹੋ ਜਾਣਗੇ। ਮੈਂ ਗਿੱਦੜ ਭੱਬਕੀਆਂ ਤੋਂ ਡਰਨ ਵਾਲਾ ਨਹੀਂ ਹਾਂ।’