ਮੁੰਬਈ – ਮੰਨੀ-ਪ੍ਰਮੰਨੀ ਅਦਾਕਾਰਾ ਅਤੇ ਪਰਦੇ ਤੇ ਪਿਆਰੀ ਮਾਂ ਦਾ ਰੋਲ ਨਿਭਾਉਣ ਵਾਲੀ ਰੀਮਾ ਲਾਗੂ 59 ਸਾਲ ਦੀ ਉਮਰ ਵਿੱਚ ਹੀ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਈ ਹੈ। ਬੀਤੀ ਰਾਤ ਹਾਰਟ ਅਟੈਕ ਨਾਲ ਉਨ੍ਹਾਂ ਦੀ ਮੌਤ ਹੋ ਗਈ ਹੈ। ਰੀਮਾ ਲਾਗੂ ਨੇ ਕੋਕਿਲਾ ਬੇਨ ਹਸਪਤਾਲ ਵਿੱਚ ਰਾਤ ਦੇ 3 ਵਜ ਕੇ 15 ਮਿੰਟ ਤੇ ਆਪਣੇ ਆਖਰੀ ਸਵਾਸ ਪੂਰੇ ਕੀਤੇ।
ਰੀਮਾ ਦਾ ਜਨਮ ਮੁੰਬਈ ਵਿੱਚ ਹੋਇਆ ਸੀ। ਉਨ੍ਹਾਂ ਨੇ ਆਪਣੀ ਸਕੂਲ ਦੀ ਪੜ੍ਹਾਈ ਪੂਨੇ ਦੇ ਐਚ.ਐਚ.ਸੀ.ਪੀ ਆਈ ਸਕੂਲ ਤੋਂ ਪ੍ਰਾਪਤ ਕੀਤੀ। ਰੀਮਾ ਨੇ ਆਪਣੇ ਬਾਲੀਵੁੱਡ ਕੈਰੀਅਰ ਦੀ ਸ਼ੁਰੂਆਤ 1981 ਵਿੱਚ ‘ਕਲਯੁਗ’ ਫ਼ਿਲਮ ਤੋਂ ਕੀਤੀ ਸੀ। ਆਮਿਰ ਖਾਨ ਅਤੇ ਜੂਹੀ ਚਾਵਲਾ ਦੀ ਫ਼ਿਲਮ ‘ਕਿਆਮਤ ਸੇ ਕਿਆਮਤ ਤੱਕ’ ਵਿੱਚ ਰੀਮਾ ਨੂੰ ਬਹੁਤ ਲੋਕਪ੍ਰਿਅਤਾ ਮਿਲੀ। ਇਸ ਤੋਂ ਬਾਅਦ ਊਨ੍ਹਾਂ ਨੇ ‘ਮੈਨੇ ਪਿਆਰ ਕੀਆ’ ਸਾਜਨ, ਹਮ ਆਪਕੇ ਹੈਂ ਕੌਨ, ਯੇਹ ਦਿਲ ਲਗੀ, ਦਿਲਵਾਲੇ, ਕੁਛ ਕੁਛ ਹੋਤਾ ਹੈ, ਕਲ ਹੋ ਨਾ ਹੋ, ਇੱਕ ਤੋਂ ਬਾਅਦ ਇੱਕ ਕਈ ਕਮਰਸ਼ੀਅਲ ਅਤੇ ਕਾਮਯਾਬ ਫ਼ਿਲਮਾਂ ਵਿੱਚ ਕੰਮ ਕੀਤਾ।
ਰੀਮਾ ਲਾਗੂ ਨੇ ਵੱਡੇ ਪਰਦੇ ਦੇ ਨਾਲ-ਨਾਲ ਛੋਟੇ ਪਰਦੇ ਤੇ ਵੀ ਆਪਣੀ ਐਕਟਿੰਗ ਦਾ ਜਾਦੂ ਚਲਾਇਆ। ਉਨ੍ਹਾਂ ਨੇ ‘ਤੂੰ ਤੂੰ ਮੈਂ ਮੈਂ, ਸ਼੍ਰੀਮਾਨ-ਸ਼੍ਰੀਮਤੀ, ਦੋ ਔਰ ਦੋ ਪਾਂਚ, ਕੜਵੀ, ਖੱਟੀ ਮੀਠੀ, ਦੋ ਹੰਸੋਂ ਕਾ ਜੋੜਾ, ਅਤੇ ਹਾਲ ਹੀ ਵਿੱਚ ਟੀਵੀ ਤੇ ਚੱਲ ਰਹੇ ‘ਨਾਮਕਰਣ’ ਵਿੱਚ ਯਾਦਗਰੀ ਭੂਮਿਕਾ ਨਿਭਾਈ।