ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ ਦੇ ਰਾਜੌਰੀ ਗਾਰਡਨ ਹਲਕੇ ਤੋਂ ਵਿਧਾਇਕ ਸ੍ਰ. ਮਨਜਿੰਦਰ ਸਿੰਘ ਸਿਰਸਾ ਨੇ ਅੱਜ ਕਿਹਾ ਕਿ ‘ਕਾਇਰ ਅਤੇ ਮਨੋਰੋਗੀ’ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਹਨਾਂ ਖਿਲਾਫ ਝੂਠੇ ਤੇ ਆਧਾਰਹੀਣ ਕੇਸ ਪਾ ਕੇ ਉਹਨਾਂ ਦੀ ਆਵਾਜ਼ ਨਹੀਂ ਦਬਾ ਸਕਦੇ ਅਤੇ ਉਹਨਾਂ ਨੇ ਦੁਨੀਆਂ ਦੀ ਇਸ ਸਭ ਤੋਂ ਭ੍ਰਿਸ਼ਟ ਸਰਕਾਰ ਨੂੰ ਗੱਦੀਓਂ ਲਾਹੁਣ ਤੱਕ ਲੜਾਈ ਜਾਰੀ ਰੱਖਣ ਦਾ ਪ੍ਰਣ ਲਿਆ।
ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਉਹਨਾਂ ਖਿਲਾਫ ਮੰਤਰੀ ਸਤੇਂਦਰ ਜੈਨ ਵੱਲੋਂ ਪਾਏ ਗਏ ਕੇਸ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਕੇਜਰੀਵਾਲ ਆਪਣੇ ਮੰਤਰੀਆਂ ਤੇ ਪਾਰਟੀ ਦੇ ਸਹਿਯੋਗੀਆਂ ਨੂੰ ‘ਕਠਪੁਤਲੀਆਂ’ ਵਾਂਗ ਵਰਤ ਰਹੇ ਹਨ ਅਤੇ ਖੁਦ ਕੇਸਾਂ ਦਾ ਸਾਹਮਣਾ ਕਰਨ ਤੋਂ ਲੈ ਕੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਤੱਕ ਹਰ ਗੱਲ ਤੋਂ ਭੱਜ ਰਹੇਹ ਨ। ਉਹਨਾਂ ਕਿਹਾ ਕਿ ਜੈਨ ਵੱਲੋਂ ਦਾਇਰ ਕੀਤੇ ਮੌਜੂਦਾ ਕੇਸ ਵਿਚ ਉਹ ਕੇਜਰੀਵਾਲ ਨੂੰ ਵੀ ਧਿਰ ਬਣਾਏ ਜਾਣ ਦੀ ਬੇਨਤੀ ਅਦਾਲਤ ਨੂੰ ਕਰਨਗੇ ਕਿਉਂਕਿ ਕੇਜਰੀਵਾਲ ਭ੍ਰਿਸ਼ਟਾਚਾਰ ਤੇ ਆਪਣੀ ਪਾਰਟੀ ਦੇ ਮੁੱਖੀ ਹਨ।
ਸ੍ਰ. ਸਿਰਸਾ ਨੇ ਕਿਹਾ ਕਿ ਉਹ ਵਿਧਾਨ ਸਭਾ ਵਿਚ ਸਤੇਂਦਰ ਜੈਨ ਤੇ ਕੇਜਰੀਵਾਲ ਖਿਲਾਫ ਲਗਾਏ ਗਏ ਆਪਣੇ ਦੋਸ਼ਾਂ ‘ਤੇ ਕਾਹਿਮ ਹਨ ਅਤੇ ਇਹ ਯਕੀਨੀ ਬਣਾਉਣਗੇ ਕਿ ਇਹਨਾਂ ਭ੍ਰਿਸ਼ਟ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਕੇ ਇਹਨਾਂ ਨੂੰ ਸਜ਼ਾ ਮਿਲੇ।
ਉਹਨਾਂ ਕਿਹਾ ਕਿ ਲੋਕਾਂ ਸਾਹਮਣੇ ਹੁਣ ਸਪੱਸ਼ਟ ਹੋ ਗਿਆ ਹੈ ਕਿ ਕੇਜਰੀਵਾਲ ਨੇ ਜਾਅਲੀ ਕੰਪਨੀਆਂ ਖਾਸ ਤੌਰ ‘ਤੇ ਆਪਣੇ ਪਰਿਵਾਰਕ ਮੈਂਬਰ ਸਤੇਂਦਰ ਜੈਨ ਦੇ ਨਾਮ ’ਤੇ ਬਣਾ ਕੇ 10 ਕਰੋੜ ਰੁਪਏ ਦੇ ਜਾਅਲੀ ਬਿੱਲ ਪੇਸ਼ ਕਰ ਕੇ ਉਹਨਾਂ ਬਦਲੇ ਅਦਾਇਗੀਆਂ ਕਰਾਉਣ ਦਾ ਕੰਮ ਕੀਤਾ। ਉਹਨਾਂ ਕਿਹਾ ਕਿ ਸਕਾਇ ਮੈਟਲ ਐਂਡ ਅਲਾਇ ਲਿਮ., ਸੰਜੀਵਨ ਏਜੰਸੀਜ਼ ਪ੍ਰਾਈਵੇਟ ਲਿਮ., ਗੋਲਡਮਾਈਨ ਐਂਡ ਬਿਲਡਕੋਨ ਅਜਿਹੀਆਂ ਕੁਝ ਫਰਮਾਂ ਹਨ ਜਿਹਨਾਂ ਦੀ ਵਰਤੋਂ ਕੇਜਰੀਵਾਲ ਤੇ ਉਹਨਾਂ ਦੀ ਟੀਮ ਨੇ ਕਾਲੇ ਧਨ ਨੂੰ ਸੈਫਦ ਬਣਾਉਣ ਲਈ ਕੀਤੀ। ਉਹਨਾਂ ਕਿਹਾ ਕਿ ਇਹ ਹਵਾਲਾ ਲੈਣ ਦੇਣ ਅਤੇ ਮਨੀ ਲੋਂਡਰਿੰਗ ਦਾ ਕੇਸ ਹੈ ਤੇ ਇਸ ਲਈ ਕੇਜਰੀਵਾਲ ‘ਤੇ ਕੇਸ ਦਰਜ ਹੋਣਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਕੇਜਰੀਵਾਲ ਦੇਸ਼ ਦੇ ਇਕਲੌਤੇ ਅਜਿਹੇ ਰਾਜਨੀਤੀਵਾਨ ਹਨ ਜਿਹਨਾਂ ਖਿਲਾਫ ਦੇਸ਼ ਦੇ ਵੱਖ ਵੱਖ ਭਾਗਾਂ ਵਿਚ ਸਭ ਤੋਂ ਵੱਧ ਮਾਨਹਾਨੀ ਤੇ ਭ੍ਰਿਸ਼ਟਾਚਾਰ ਦੇ ਕੇਸ ਚਲ ਰਹੇ ਹਨ ਪਰ ਫਿਰ ਵੀ ਉਹ ਇਹਨਾਂ ਦਾ ਸਾਹਮਣਾ ਕਰਨ ਤੋਂ ਭੱਜ ਰਹੇ ਹਨ ਅਤੇ ਨਿਆਂਪਾਲਿਕਾ ਦਾ ਸਾਹਮਣਾ ਕਰਨ ਤੋਂ ਬਚਣ ਲਈ ਬਹਾਨੇ ਲੱਭਦੇ ਰਹਿੰਦੇ ਹਨ। ਉਹਨਾਂ ਕਿਹਾ ਕਿ ਇਹ ‘ਕਾਇਰ’ ਹੁਣ ਜ਼ਿਆਦਾ ਸਮੇਂ ਤੱਕ ਨਿਆਂਇਕ ਪ੍ਰਕਿਰਿਆ ਤੋਂ ਨਹੀਂ ਭੱਜ ਸਕਦਾ ਤੇ ਹੁਣ ਇਸਨੂੰ ਦਿੱਲੀ ਦੇ ਲੋਕਾਂ ਵੱਲੋਂ ਸੌਂਪੀ ਸੱਤਾ ਜੋ ਕਿ ਉਹਨਾਂ ਨੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਵਾਸਤੇ ਸੌਂਪੀ, ਦੀ ਦੁਰਵਰਤੋਂ ਕਰਨ ਬਦਲੇ ਕਾਰਵਾਈ ਦਾ ਸਾਹਮਣਾ ਕਰਨਾ ਹੀ ਪਵੇਗਾ।